ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ, ਦੋਸਤ ਜ਼ਖਮੀ
Monday, Nov 26, 2018 - 06:11 AM (IST)

ਨਕੋਦਰ, (ਪਾਲੀ)- ਨਕੋਦਰ-ਮਲਸੀਆ ਰੋਡ ’ਤੇ ਫੋਨ ਸੁਣਦੇ ਸਮੇਂ ਵਾਪਰੇ ਅਚਾਨਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਕ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ। ਪੁਲਸ ਨੂੰ ਦਿੱਤੇ ਬਿਆਨਾਂ ’ਚ ਗਗਨਦੀਪ ਪੁੱਤਰ ਨਰੇਸ਼ ਕੁਮਾਰ ਵਾਸੀ ਅਬਾਦਪੁਰਾ ਜਲੰਧਰ ਨੇ ਦੱਸਿਆ ਕਿ ਅੱਜ ਦੁਪਹਿਰੇ ਮੈਂ ਆਪਣੇ ਦੋਸਤ ਰੱਜਤ ਪੁੱਤਰ ਅਸ਼ਵਨੀ ਕੁਮਾਰ ਵਾਸੀ ਭਾਰਗੋ ਕੈਂਪ ਜਲੰਧਰ ਨਾਲ ਮੋਟਰਸਾਈਕਲ ’ਤੇ ਨਕੋਦਰ ਆਏ ਸੀ। ਮੋਟਰਸਾਈਕਲ ਰੱਜਤ ਚਲਾ ਰਿਹਾ ਸੀ। ਮੈਂ ਉਸਦੇ ਪਿੱਛੇ ਬੈਠਾ ਸੀ। ਨਕੋਦਰ-ਮਲਸੀਅਾਂ ਬਾਈਪਾਸ ’ਤੇ ਕਰੀਬ 2.30 ਵਜੇ ਰੱਜਤ ਨੂੰ ਫੋਨ ਆਇਆ। ਜਦੋਂ ਉਹ ਫੋਨ ਸੁਣਨ ਲੱਗਾ ਤਾਂ ਮੋਟਰਸਾਈਕਲ ਤੇਜ਼ ਹੋਣ ਕਾਰਨ ਸੰਤੁਲਨ ਵਿਗੜ ਗਿਆ ਤੇ ਦਰੱਖਤ ’ਚ ਜਾ ਵੱਜਾ, ਜਿਸ ਨਾਲ ਰੱਜਤ ਦੇ ਸਿਰ ਅਤੇ ਮੇਰੇ ਮੂੰਹ ’ਤੇ ਸੱਟਾਂ ਲੱਗੀਅਾਂ। ਸਾਨੂੰ ਐਂਬੂਲੈਂਸ ਨੇ ਇਲਾਜ ਲਈ ਸਿਵਲ ਹਸਪਤਾਲ ਨਕੋਦਰ ਵਿਖੇ ਦਾਖਲ ਕਰਵਾਇਆ, ਜਿੱਥੇ ਰੱਜਤ ਦੀ ਮੌਤ ਹੋ ਗਈ। ਐੱਸ. ਆਈ. ਕੁਲਵਿੰਦਰ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।