ਖਡ਼੍ਹੀ ਟਰੈਕਟਰ ਟਰਾਲੀ ਨਾਲ ਟਕਰਾਇਆ ਮੋਟਰਸਾਈਕਲ ਸਵਾਰ, ਮੌਤ

02/09/2020 12:22:14 AM

ਕਪੂਰਥਲਾ/ਕਾਲਾ ਸੰਘਿਆਂ, (ਭੂਸ਼ਣ, ਨਿੱਝਰ)- ਕਪੂਰਥਲਾ-ਨਕੋਦਰ ਮਾਰਗ ’ਤੇ ਸਡ਼ਕ ’ਚ ਖਡ਼੍ਹੇ ਟਰੈਕਟਰ-ਟਰਾਲੀ ਦੇ ਨਾਲ ਹੋਈ ਜ਼ੋਰਦਾਰ ਟੱਕਰ ’ਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਜਦਕਿ ਦੂਜੇ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨੂੰ ਇਲਾਜ ਲਈ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ । ਇਸ ਸਬੰਧੀ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਲਾਲ ਚੰਦ ਵਾਸੀ ਪਿੰਡ ਕੁਲਾਰਾ ਥਾਣਾ ਸ਼ਾਹਕੋਟ ਜ਼ਿਲਾ ਜਲੰਧਰ ਨੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਆਪਣੇ ਭਤੀਜੇ ਰਵੀ ਪੁੱਤਰ ਅਵਤਾਰ ਚੰਦ ਅਤੇ ਉਸ ਦੇ ਦੋਸਤ ਮਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਮਾਧੋ ਜੋ ਕਿ ਉਸ ਦੇ ਭਤੀਜੇ ਰਵੀ ਨੂੰ ਮਿਲਣ ਲਈ ਘਰ ਆਇਆ ਹੋਇਆ ਸੀ। ਇਸ ਦੌਰਾਨ ਜਦੋਂ ਉਹ ਆਪਣੇ-ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰੇਲੂ ਕੰਮ ਲਈ ਕਾਲ਼ਾ ਸੰਘਿਆਂ ਵੱਲ ਆਏ ਸਨ ਤਾਂ ਵਾਪਸੀ ’ਤੇ ਜਦੋਂ ਆਪਣੇ ਪਿੰਡ ਦੇ ਵੱਲ ਜਾ ਰਹੇ ਸਨ ਤਾਂ ਸ਼ਾਮ ਕਰੀਬ 6.30 ਵਜੇ ਸਡ਼ਕ ਦੇ ਕੰਡੇ ਇਕ ਟਰੈਕਟਰ-ਟਰਾਲੀ ਖਡ਼੍ਹੀ ਸੀ। ਜਿਸ ਦੇ ਸਬੰਧ ’ਚ ਹਨੇਰਾ ਹੋਣ ਕਾਰਣ ਉਸ ਦੇ ਭਤੀਜੇ ਦੇ ਦੋਸਤ ਮਨਦੀਪ ਸਿੰਘ ਨੂੰ ਪਤਾ ਨਹੀਂ ਚਲਿਆ ਅਤੇ ਮੋਟਰਸਾਈਕਲ ਦੀ ਟਰਾਲੀ ਨਾਲ ਟੱਕਰ ਹੋ ਗਈ ਜਿਸ ਦੌਰਾਨ ਮਨਦੀਪ ਸਿੰਘ ਦੇ ਪਿੱਛੇ ਬੈਠੇ ਉਸ ਦੇ ਭਤੀਜੇ ਰਵੀ ਕੁਮਾਰ ਦੇ ਸਿਰ ’ਤੇ ਗੰਭੀਰ ਸੱਟਾਂ ਆਈਆਂ ਅਤੇ ਉਸ ਦਾ ਦੋਸਤ ਮਨਦੀਪ ਸਿੰਘ ਗੰਭੀਰ ਜਖ਼ਮੀ ਹੋ ਗਿਆ। ਬਾਅਦ ’ਚ ਉਸ ਨੂੰ ਪਤਾ ਚਲਿਆ ਕਿ ਇਸ ਟੈਰਕਟਰ-ਟਰਾਲੀ ਨੂੰ ਇਕ ਪ੍ਰਵਾਸੀ ਮਜ਼ਦੂਰ ਹੈਪੀ ਸ਼ਰਮਾ ਜੋ ਕਿ ਮੰਡੇਰ ਦੋਨਾ ’ਚ ਨੌਕਰੀ ਕਰਦਾ ਹੈ, ਨੇ ਖਡ਼੍ਹਾ ਕੀਤਾ ਸੀ ਅਤੇ ਇੰਨਾ ਵੱਡਾ ਹਾਦਸਾ ਵੇਖ ਕੇ ਉਕਤ ਮੁਲਜ਼ਮ ਹੈਪੀ ਸ਼ਰਮਾ ਮੌਕੇ ਤੋਂ ਭੱਜ ਨਿਕਲਿਆ। ਜਿਸ ਦੌਰਾਨ ਰਵੀ ਕੁਮਾਰ ਨੂੰ ਡਿਊਟੀ ’ਤੇ ਤੈਨਾਤ ਡਾਕਟਰਾਂ ਨੇ ਮ੍ਰਿਤਕ ਕਰਾਰ ਕਰ ਦਿੱਤਾ ਅਤੇ ਰਵੀ ਕੁਮਾਰ ਦੇ ਦੋਸਤ ਮਨਦੀਪ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਣ ਉਸ ਨੂੰ ਜਲੰਧਰ ਲਈ ਰੈਫਰ ਕਰ ਦਿੱਤਾ। ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਦਿਆਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਰਵੀ ਕੁਮਾਰ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਕਪੂਰਥਲਾ ਭੇਜ ਦਿੱਤਾ । ਉਥੇ ਹੀ ਮੁਲਜ਼ਮ ਹੈੱਪੀ ਸ਼ਰਮਾ ਦੀ ਤਲਾਸ਼ ਜਾਰੀ ਹੈ।

 


Bharat Thapa

Content Editor

Related News