ਟਰੈਕਟਰ-ਟਰਾਲੀ ਨੂੰ ਓਵਰਟੇਕ ਕਰਦੇ ਸਮੇਂ ਵਾਪਰਿਆ ਭਿਆਨਕ ਹਾਦਸਾ, ਮੋਟਰਸਾਈਕਲ ਸਵਾਰ ਦੀ ਹੋਈ ਮੌਕੇ ''ਤੇ ਮੌਤ

04/01/2024 3:44:45 AM

ਕਾਲਾ ਸੰਘਿਆਂ (ਨਿੱਝਰ)- ਜਲੰਧਰ-ਕਾਲਾ ਸੰਘਿਆਂ ਮੇਨ ਸੜਕ ’ਤੇ ਬੀਤੇ ਸਮੇਂ ਤੋਂ ਟ੍ਰੈਫਿਕ ਨਿਯਮਾਂ ਦੀਆਂ ਟਿੱਪਰਾਂ ਤੇ ਟਰਾਲੀਆਂ ਵੱਲੋਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਲੋਕਾਂ ਨੇ ਇਸ ਸਬੰਧੀ ਵਿਰੋਧ ਵੀ ਪ੍ਰਗਟਾਇਆ ਤੇ ਸਮੇਂ-ਸਮੇਂ ਉੱਤੇ ‘ਜਗ ਬਾਣੀ’ ਵਿਚ ਵੀ ਇਸ ਨਾਜ਼ੁਕ ਮਾਮਲੇ ਨੂੰ ਉਠਾ ਕੇ ਮਨੁੱਖੀ ਜਾਨਾਂ ਦੀ ਫਿਕਰਮੰਦੀ ਜ਼ਾਹਿਰ ਕੀਤੀ ਗਈ ਸੀ। ਇਸ ਦੌਰਾਨ ਇਕ ਰਾਹਗੀਰ ਟਰੈਕਟਰ-ਟਰਾਲੀ ਦੇ ਚੱਕਰ ਵਿਚ ਹੀ ਮੌਤ ਦੇ ਮੂੰਹ ਜਾ ਪਿਆ ਤੇ ਦੁੱਖ ਦੀ ਗੱਲ ਇਹ ਪਤਾ ਲੱਗਿਆ ਹੈ ਕਿ ਮ੍ਰਿਤਕ ਨੌਜਵਾਨ ਆਪਣੇ ਘਰ ਦਾ ਇਕਲੌਤਾ ਚਿਰਾਗ ਸੀ।

ਸਥਾਨਕ ਜਲੰਧਰ ਰੋਡ ’ਤੇ ਕਾਲਾ ਸੰਘਿਆਂ ਵਿਖੇ ਉਸ ਸਮੇਂ ਹਾਹਾਕਾਰ ਮਚ ਗਈ, ਜਦੋਂ ਮੋਟਰਸਾਈਕਲ ਸਵਾਰ ਨੌਜਵਾਨ ਦੀ ਟਰਾਲੀ-ਟਰੈਕਟਰ ਨੂੰ ਓਵਰਟੇਕ ਕਰਦਿਆਂ ਦੁਖਦਾਇਕ ਮੌਤ ਹੋ ਗਈ। ਇਸ ਬਾਬਤ ਮਿਲੀ ਜਾਣਕਾਰੀ ਅਨੁਸਾਰ ਪਾਰਸ (20 ਸਾਲ) ਪੁੱਤਰ ਹਰਦਿਆਲ ਸਿੰਘ ਵਾਸੀ ਮਾੜੀਮੇਘਾ ਨੇੜੇ ਭਿੱਖੀਵਿੰਡ ,ਜ਼ਿਲ੍ਹਾ ਅੰਮ੍ਰਿਤਸਰ ਤੇ ਜਗਰੂਪ ਪੁੱਤਰ ਕਸ਼ਮੀਰ ਸਿੰਘ ਅਮਰਪੁਰ ਜ਼ਿਲਾ ਅੰਮ੍ਰਿਤਸਰ ਆਪਣੇ ਪਲੈਟਿਨਾ ਮੋਟਰਸਾਈਕਲ ਨੰਬਰ ਪੀ.ਬੀ.46ਏਸੀ 9185 ’ਤੇ ਸਵਾਰ ਹੋ ਕੇ ਜਲੰਧਰ ਤੋਂ ਵਾਇਆ ਕਾਲਾ ਸੰਘਿਆਂ ਆਪਣੇ ਪਿੰਡ ਮਾੜੀਮੇਘਾ ਵੱਲ ਨੂੰ ਜਾ ਰਹੇ ਸਨ। ਇਸ ਦੌਰਾਨ ਮੋਟਰਸਾਈਕਲ ਸਵਾਰ ਜਿਵੇਂ ਹੀ ਕਾਲਾ ਸੰਘਿਆਂ ਪਹੁੰਚੇ ਤਾਂ ਟਰਾਲੀ-ਟਰੈਕਟਰ ਨੂੰ ਓਵਰਟੇਕ ਕਰਦਿਆਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਜਾ ਟਕਰਾਏ, ਜਿਸ ਕਾਰਨ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਪਾਰਸ ਕੁਮਾਰ ਪੁੱਤਰ ਹਰਦਿਆਲ ਸਿੰਘ ਦਾ ਸਿਰ ਸੜਕ ਵਿਚ ਵੱਜਣ ਕਾਰਨ ਮੌਕੇ ’ਤੇ ਮੌਤ ਹੋ ਗਈ।

ਇਹ ਵੀ ਪੜ੍ਹੋ- SSF ਬਣੀ ਫਰਿਸ਼ਤਾ, ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਔਰਤ ਦੀ ਬਚਾਈ ਜਾਨ

ਹਾਦਸੇ ਬਾਰੇ ਸੂਚਨਾ ਮਿਲਣ ਪਿੱਛੋਂ ਕਾਲਾ ਸੰਘਿਆਂ ਪੁਲਸ ਚੌਕੀ ਦੇ ਮੁਲਾਜ਼ਮ ਏ.ਐੱਸ.ਆਈ. ਲਖਵਿੰਦਰ ਪਾਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਅਗਲੇਰੀ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਘੰਗਾਲਿਆ ਜਾ ਰਿਹਾ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇਗਾ ਤੇ ਕਾਨੂੰਨ ਮੁਤਾਬਿਕ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਭੇਜ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਨਵੇਂ ਬਣ ਰਹੇ ਹਾਈਵੇਅ ਲਈ ਭਰਤੀ ਦੇ ਕੰਮ ਵਿਚ ਲੱਗੇ ਹੋਏ ਵੱਡੇ ਟਰਾਲਿਆਂ ਦੀ ਵੱਡੀ ਗਿਣਤੀ ਵਿਚ ਲਗਾਤਾਰ ਸੜਕ ਉੱਤੇ ਆਵਾਜਾਈ ਅਤੇ ਭਰਤੀ ਵਾਲੀਆਂ ਟਰਾਲੀਆਂ ਜਾਂ ਆਲੂਆਂ ਦੀਆਂ ਓਵਰਲੋਡਿਡ ਟਰਾਲੀਆਂ ਵਾਲੇ ਆਮ ਰਾਹਗੀਰਾਂ ਨੂੰ ਮੇਨ ਬੱਸ ਅੱਡਾ ਕਾਲਾ ਸੰਘਿਆਂ ਤੋਂ ਲੈ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਤੱਕ ਸਾਰਾ ਦਿਨ ਰਸਤਾ ਨਹੀਂ ਦਿੰਦੇ, ਜਿਸ ਕਾਰਨ ਸਥਾਨਕ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਨਾਲ ਜੂਝਣਾ ਪੈ ਰਿਹਾ ਹੈ ਤੇ ਇਹੀ ਕਾਰਨ ਹੈ ਕਿ ਅਜਿਹੇ ਹਾਦਸੇ ਨਿੱਤ ਵਾਪਰ ਰਹੇ ਹਨ। ਲੋਕਾਂ ਵੱਲੋਂ ਪੁਲਸ ਨੂੰ ਸਖ਼ਤੀ ਨਾਲ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਕਿ ਮੁੜ ਤੋਂ ਅਜਿਹੇ ਨੁਕਸਾਨ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ- ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ, ਵੀਜ਼ਾ ਫੀਸ 'ਚ ਹੋਇਆ 3 ਗੁਣਾ ਵਾਧਾ, ਨਵੀਆਂ ਦਰਾਂ ਹੋਈਆਂ ਲਾਗੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News