ਕਾਰ ਤੇ ਮੋਟਰਸਾਈਕਲ ਦੀ ਟੱਕਰ ਨੌਜਵਾਨ ਦੀ ਮੌਤ

03/18/2020 7:13:30 PM

ਨੂਰਪੁਰਬੇਦੀ, (ਭੰਡਾਰੀ)- ਅੱਜ ਸਵੇਰੇ ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ 'ਤੇ ਸਥਿਤ ਪਿੰਡ ਸਿੰਘਪੁਰ ਵਿਖੇ ਇਕ ਤੇਜ਼ ਰਫ਼ਤਾਰ ਕਾਰ ਦੀ ਪਿੱਛਿਓਂ ਟੱਕਰ ਵੱਜਣ ਨਾਲ ਇਕ ਨੌਜਵਾਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਚਸ਼ਮਦੀਦਾਂ ਅਨੁਸਾਰ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਸ ਟੱਕਰ ਦੌਰਾਨ ਮੋਟਰਸਾਈਕਲ ਤੇ ਚਾਲਕ ਦੋਵੇਂ ਕਾਫ਼ੀ ਦੂਰ ਖੇਤਾਂ 'ਚ ਜਾ ਕੇ ਡਿੱਗੇ। ਹਾਦਸੇ ਦੌਰਾਨ ਜਖ਼ਮੀਂ ਹੋਏ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਹਾਦਸੇ ਉਪਰੰਤ ਕਾਰ ਚਾਲਕ ਫਰਾਰ ਹੋ ਗਿਆ। ਮ੍ਰਿਤਕ ਨੌਜਵਾਨ ਜਿਸਦੀ ਪਛਾਣ ਲਟੁਰਨ ਕੁਮਾਰ (24) ਵਜੋਂ ਹੋਈ ਹੈ ਦੇ ਪਿਤਾ ਬਹਾਦੁਰ ਸ਼ਰਮਾ ਪੁੱਤਰ ਕੈਲੂ ਸ਼ਰਮਾ, ਵਾਸੀ ਟੋਲਾ ਬਲੂਹਾ ਭਤਰੰਦਾ, ਜ਼ਿਲਾ ਮਧੋਪੁਰ (ਬਿਹਾਰ) ਹਾਲ ਵਾਸੀ ਪਿੰਡ ਸਮੀਰੋਵਾਲ (ਨੂਰਪੁਰਬੇਦੀ) ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਸਦਾ ਲੜਕਾ ਜੋ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਸਵੇਰੇ ਕਰੀਬ ਸਾਢੇ 8 ਵਜੇ ਪਿੰਡ ਸਮੀਰੋਵਾਲ ਤੋਂ ਅਪਣੇ ਡਿਸਕਵਰ ਮੋਟਰਸਾਈਕਲ 'ਤੇ ਕੰਮ ਲਈ ਨਿਕਲਿਆ ਸੀ। ਕਰੀਬ 10 ਮਿੰਟਾਂ ਬਾਦ ਹੀ ਪਿੰਡ ਘਰ ਤੋਂ ਕੁਝ ਦੂਰੀ 'ਤੇ ਸਿੰਘਪੁਰ ਵਿਖੇ ਸਥਿਤ ਪੀਰ ਬਾਬਾ ਜ਼ਿੰਦਾ ਸ਼ਹੀਦ ਸਕੂਲ ਲਾਗੇ ਇਕ ਤੇਜ਼ ਰਫ਼ਤਾਰ ਕਾਰ ਨੇ ਉਸਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਅਕਤੀ ਜਰਨੈਲ ਸਿੰਘ ਪੁੱਤਰ ਚੂਹੜ ਸਿੰਘ ਤੋਂ ਹਾਦਸੇ ਦੀ ਸੂਚਨਾਂ ਮਿਲਣ 'ਤੇ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਉਸਦੇ ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਉਸਨੇ ਕਿਹਾ ਕਿ ਸਾਨੂੰ ਬਾਅਦ 'ਚ ਪਤਾ ਚੱਲਿਆ ਕਿ ਉਕਤ ਗੱਡੀ ਦਾ ਮਾਲਕ ਅੰਮ੍ਰਿਤ ਲਾਲ ਪੁੱਤਰ ਰਤਨ ਚੰਦ ਵਾਸੀ ਨੂਰਪੁਰਬੇਦੀ ਹੈ ਜਦਕਿ ਕਾਰ ਨੂੰ ਜਰਨੈਲ ਸਿੰਘ ਪੁੱਤਰ ਬੀਰ ਸਿੰਘ ਨਿਵਾਸੀ ਭੈਣੀ, ਥਾਨਾ ਨੂਰਪੁਰਬੇਦੀ ਚਲਾ ਰਿਹਾ ਸੀ। ਪੁਲਸ ਨੇ ਕਾਰ ਨੂੰ ਕਬਜ਼ੇ 'ਚ ਲੈ ਕੇ ਫਰਾਰ ਚਾਲਕ ਜਰਨੈਲ ਸਿੰਘ ਪੁੱਤਰ ਬੀਰ ਸਿੰਘ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਭੇਜ ਦਿੱਤਾ। ਮ੍ਰਿਤਕ ਨੌਜਵਾਨ ਅਪਣੇ ਪਿੱਛੇ 7 ਮਹੀਨਿਆਂ ਦੀ ਬੱਚੀ ਤੇ ਵਿਧਵਾ ਪਤਨੀ ਛੱਡ ਗਿਆ ਹੈ।


Bharat Thapa

Content Editor

Related News