ਕਿਸਾਨਾਂ ਦੇ ਰੋਸ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਪਵੇਗਾ : ਬੈਂਸ

10/22/2020 12:44:20 AM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਖੇਤੀਬਾਡ਼ੀ ਬਿੱਲਾਂ ਦੇ ਵਿਰੋਧ ’ਚ ਨੱਕੀਆਂ ਟੋਲ ਪਲਾਜ਼ਾ ’ਤੇ ਕਿਸਾਨ ਮਜ਼ਦੂਰ ਏਕਤਾ ਮੰਚ ਵੱਲੋਂ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ ਤੀਜੇ ਦਿਨ ’ਚ ਦਾਖਲ ਹੋ ਗਿਆ ਹੈ। ਅੱਜ ਸ਼ਾਮੀ ਇਸ ਧਰਨੇ ’ਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਸ਼ਾਮਲ ਹੋਣ ਦੇ ਲਈ ਨੱਕੀਆਂ ਟੋਲ ਪਲਾਜ਼ਾ ’ਤੇ ਪਹੁੰਚੇ ।

ਇਸ ਮੌਕੇ ਉਨ੍ਹਾਂ ਕੱਲ ਪੰਜਾਬ ਵਿਧਾਨ ਸਭਾ ’ਚ ਲਿਆਂਦੇ ਗਏ ਤਿੰਨ ਬਿੱਲਾਂ ਦੇ ਬਾਰੇ ਕਿਹਾ ਕਿ ਬੇਸ਼ਕ ਇਨ੍ਹਾਂ ਬਿੱਲਾਂ ਦੇ ਉਪਰ ਪੰਜਾਬ ਦੇ ਰਾਜਪਾਲ ਵੱਲੋਂ 99.9 ਫੀਸਦੀ ਸਾਈਨ ਨਾ ਕਰਨ ਦੀ ਸੰਭਾਵਨਾ ਹੈ ਪਰ ਜਿਸ ਤਰੀਕੇ ਨਾਲ ਸਾਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਕੇਂਦਰ ਦੇ ਕਾਲੇ ਕਾਨੂੰਨਾਂ ਦੇ ਵਿਰੋਧ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਆਂਦੇ ਖੇਤੀ ਸਬੰਧੀ ਬਿੱਲ ਤੇ’ ਸਾਰੀਆਂ ਪਾਰਟੀਆਂ ਵੱਲੋਂ ਬਿਨਾਂ ਕਿਸੇ ਵਿਰੋਧ ਤੋਂ ਇਕੱਠੇ ਹੋ ਕੇ ਇਸ ਦਾ ਸਮਰਥਨ ਕਰਨਾ ਇਹ ਦੱਸਦਾ ਹੈ ਕਿ ਬੇਸ਼ਕ ਇਹ ਬਿੱਲ ਕਾਨੂੰਨ ਦਾ ਰੂਪ ਧਾਰਨ ਕਰਨ ਪਰ ਜਿਸ ਤਰੀਕੇ ਦੇ ਨਾਲ ਸਾਰਿਆਂ ਨੇ ਸਰਬ ਸੰਮਤੀ ਨਾਲ ਇਨ੍ਹਾਂ ਬਿੱਲਾਂ ਨੂੰ ਪਾਸ ਕੀਤਾ ਹੈ ਉਸ ਨਾਲ ਕੇਂਦਰ ਦੀ ਮੋਦੀ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਹੋਣਾ ਪਵੇਗਾ।

ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮੋਦੀ ਸਰਕਾਰ ਦਾ ਅਜਿਹੇ ਕੰਮਾਂ ਨੂੰ ਮੂੰਹ ਪੈ ਚੁੱਕਾ ਹੈ ਜਿਸ ਦੇ ਚੱਲਦਿਆਂ ਪਹਿਲਾਂ ਧਾਰਾ 370 ਖ਼ਤਮ ਕੀਤੀ ਗਈ ਉਸ ਤੋਂ ਬਾਅਦ ਨੋਟਬੰਦੀ ਦੀ ਗੱਲ ਜੇਕਰ ਹੋਵੇ ਜਾਂ ਫਿਰ ਜੀ.ਐੱਸ.ਟੀ. ਲਾਗੂ ਕਰਨ ਦੀ ਗੱਲ ਹੋਵੇ ਮੋਦੀ ਨੇ ਮਨਮਰਜ਼ੀ ਦੇ ਨਾਲ ਇਥੇ ਫ਼ੈਸਲੇ ਲਏ ਪਰ ਹੁਣ ਉਸ ਦਾ ਪਾਲਾ ਪੰਜਾਬ ਦੇ ਬਹਾਦਰ ਲੋਕਾਂ ਨਾਲ ਪੈ ਗਿਆ ਹੈ ਅਤੇ ਜਿਸ ਤਰੀਕੇ ਨਾਲ ਪੰਜਾਬੀ ਕਿਸਾਨ ਸੰਘਰਸ਼ ਦੇ ਰਾਹ ਤੇ ਹਨ ਉਹ ਦਿਨ ਦੂਰ ਨਹੀਂ ਕਿ ਮੋਦੀ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੇ ਫੰਡਾਂ ਦੀ ਦੁਰਵਰਤੋਂ ਲਈ ਸਾਧੂ ਸਿੰਘ ਧਰਮਸੋਤ ਦੇ ਉੱਪਰ ਦੋਸ਼ ਲੱਗੇ ਹਨ ਅਤੇ ਇਸ ਦੀ ਜਾਂਚ ਸੀ.ਬੀ.ਆਈ ਨੂੰ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਸਾਰਿਆਂ ਸਾਹਮਣੇ ਸੱਚਾਈ ਆ ਸਕੇ।


Bharat Thapa

Content Editor

Related News