ਕੋਰੋਨਾ ਵਾਇਰਸ ਦੇ ਮੁੜ ਦਸਤਕ ਦੇਣ ਦੀ ਸੰਭਾਵਨਾ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਮੌਕ ਡਰਿੱਲ
Wednesday, Dec 28, 2022 - 02:18 AM (IST)
ਹੁਸ਼ਿਆਰਪੁਰ (ਘੁੰਮਣ) : ਕੋਰੋਨਾ ਵਾਇਰਸ ਦੇ ਮੁੜ ਦਸਤਕ ਦੇਣ ਦੀ ਸੰਭਾਵਨਾ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਚੌਕਸੀ ਅਤੇ ਪ੍ਰਬੰਧਾਂ ਦੀ ਤਿਆਰੀ ਨੂੰ ਪਰਖਣ ਲਈ ਸਿਵਲ ਹਸਪਤਾਲ ਵਿਖੇ ਇਕ ਮੌਕ ਡਰਿੱਲ ਕੀਤੀ ਗਈ ਤਾਂ ਜੋ ਲੋੜ ਪੈਣ ਸਮੇਂ ਕੋਰੋਨਾ ਪੀੜਤ ਮਰੀਜ਼ਾਂ ਦੀ ਬਿਹਤਰ ਸਿਹਤ ਸੰਭਾਲ ਕੀਤੀ ਜਾ ਸਕੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪ੍ਰੀਤ ਮਹਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਬਿਨਾਂ ਕੋਈ ਰਿਸਕ ਲਏ ਸਮੇਂ ਰਹਿੰਦੇ ਹੀ ਕੋਰੋਨਾ ਦੇ ਨਵੇਂ ਵੇਰੀਐਂਟ ’ਤੇ ਕਾਬੂ ਪਾਉਣ ਲਈ ਕੋਈ ਵੀ ਕਸਰ ਨਹੀਂ ਛੱਡਣਾ ਚਾਹੁੰਦਾ ਹੈ।
ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸੈਂਪਲਿੰਗ ਅਤੇ ਵੈਕਸੀਨੇਸ਼ਨ ’ਚ ਤੇਜ਼ੀ ਲਿਆਂਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਕੋਵਿਡ ਪ੍ਰੋਟੋਕੋਲ ਨਿਯਮਾਂ ਦੀ ਪਾਲਣਾ ਕਰਨ ਅਤੇ ਬਿਨਾਂ ਕਿਸੇ ਵੀ ਜ਼ਰੂਰੀ ਕੰਮ ਲਈ ਘਰ ਤੋਂ ਬਾਹਰ ਭੀੜ ਵਾਲੀਆਂ ਥਾਂਵਾਂ ’ਤੇ ਜਾਣ ਤੋਂ ਗੁਰੇਜ਼ ਕਰਨ ਦੀ ਕਿਹਾ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਵਿਖੇ 120 ਬੈੱਡ ਅਤੇ 10 ਆਈ. ਸੀ. ਯੂ. ਬੈੱਡ, ਜਦਕਿ ਸਬ-ਡਵੀਜ਼ਨਲ ਹਸਪਤਾਲ ਦਸੂਹਾ ਵਿਖੇ 30 ਬੈੱਡਿਡ ਸਿਹਤ ਸੰਸਥਾਵਾਂ ਹਨ। ਮੀਡੀਆ ਰਾਹੀਂ ਲੋਕਾਂ ਨੂੰ ਸੁਨੇਹਾ ਦਿੰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਮਾਸਕ, ਸਮਾਜਿਕ ਦੂਰੀ, ਕੋਵਿਡ ਵੈਕਸੀਨੇਸ਼ਨ ਅਤੇ ਹੱਥਾਂ ਦੀ ਸਫ਼ਾਈ ਇਕ ਕਾਰਗਰ ਹਥਿਆਰ ਹੈ।
ਇਸ ਮੌਕੇ ਡੀ. ਐੱਮ. ਸੀ. ਡਾ. ਹਰਬੰਸ ਕੌਰ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਡਾ. ਮਨਮੋਹਨ ਸਿੰਘ, ਮੈਡੀਕਲ ਅਫਸਰ ਡਾ. ਨੇਹਾਪਾਲ, ਡਾ. ਰਾਹੁਲ, ਡਾ. ਅਦਿੱਤਿਆ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ, ਡਾ. ਸਲੇਸ਼ ਕੁਮਾਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਪ੍ਰਸ਼ੋਤਮ ਲਾਲ, ਜ਼ਿਲ੍ਹਾ ਬੀ. ਸੀ. ਸੀ. ਕੋਆਰਡੀਨੇਟਰ ਅਮਨਦੀਪ ਸਿੰਘ ਆਦਿ ਹਾਜ਼ਰ ਸਨ।