ਧੰਨੋਵਾਲੀ ਵਿਖੇ ਘਰ ’ਚ ਦਾਖ਼ਲ ਹੋਏ 3 ਨਕਾਬਪੋਸ਼ ਚੋਰ, 16 ਸਾਲਾ ਨੌਜਵਾਨ ’ਤੇ ਕੀਤਾ ਹਮਲਾ ਤੇ ਲੁੱਟੀ ਨਕਦੀ
Saturday, Dec 30, 2023 - 02:49 PM (IST)
ਜਲੰਧਰ (ਮਹੇਸ਼)- ਕਮਿਸ਼ਨਰੇਟ ਪੁਲਸ ਦੀ ਚੌਂਕੀ ਦਕੋਹਾ (ਨੰਗਲ ਸ਼ਾਮਾ) ਅਧੀਨ ਪੈਂਦੇ ਪਿੰਡ ਧੰਨੋਵਾਲੀ ਵਿਖੇ ਵੀਰਵਾਰ ਰਾਤ 12.30 ਵਜੇ ਤੋਂ ਬਾਅਦ 3 ਨਕਾਬਪੋਸ਼ ਚੋਰ ਇਕ ਘਰ ’ਚ ਦਾਖ਼ਲ ਹੋਏ ਅਤੇ 40 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ, ਸੋਨੇ ਦੀ ਚੇਨ ਅਤੇ ਹਜ਼ਾਰਾਂ ਰੁਪਏ ਦੀ ਵਿਦੇਸ਼ੀ ਕਰੰਸੀ ਚੋਰੀ ਕਰਕੇ ਫਰਾਰ ਹੋ ਗਏ। ਪਿੰਡ ਦੇ ਮੰਦਿਰ ਦੇ ਬਿਲਕੁਲ ਸਾਹਮਣੇ ਅਤੇ ਗੁ. ਸਾਹਿਬ ਦੇ ਪਿਛਲੇ ਪਾਸੇ ਸਥਿਤ ਇੰਦਰਜੀਤ ਸਿੰਘ ਬਿੱਲਾ ਪੁੱਤਰ ਨਰਾਇਣ ਸਿੰਘ ਦੇ ਘਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੇ ਨਾਲ ਲੱਗਦੇ ਡਿਪੂ ਹੋਲਡਰ ਭੂਸ਼ਣ ਤੋਖੀ ਦੇ ਘਰ ਦੀ ਛੱਤ ’ਤੇ ਚੜ੍ਹ ਕੇ ਆਏ ਸਨ।
ਭੱਜਦੇ ਹੋਏ ਉਨ੍ਹਾਂ ਨੇ ਇੰਦਰਜੀਤ ਸਿੰਘ ਬਿੱਲਾ ਦੇ 16 ਸਾਲ ਦੇ ਦੋਹਤੇ ਰਿਪਨਦੀਪ ਸਿੰਘ ’ਤੇ ਵੀ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਇੰਦਰਜੀਤ ਸਿੰਘ ਬਿੱਲਾ ਦੀ ਪਤਨੀ ਰਣਜੀਤ ਕੌਰ ਨੇ ‘ਆਪ’ ਆਗੂ ਕਮਲੇਸ਼ ਕੁਮਾਰ ਧੰਨੋਵਾਲੀ ਦੀ ਹਾਜ਼ਰੀ ’ਚ ਦੱਸਿਆ ਕਿ ਉਹ ਘਰ ਦੀ ਪਹਿਲੀ ਮੰਜ਼ਿਲ ’ਤੇ ਸੌਂ ਰਹੇ ਸਨ ਅਤੇ ਹੇਠਲੀ ਮੰਜ਼ਿਲ ’ਤੇ ਕੋਈ ਨਹੀਂ ਸੀ। ਉਸ ਨੇ ਦੱਸਿਆ ਕਿ ਰਾਤ 1.10 ਵਜੇ ਉਨ੍ਹਾਂ ਦਾ ਦੋਹਤਾ ਰਿਪਨਦੀਪ ਘਰ ਦੀ ਦੂਜੀ ਮੰਜ਼ਿਲ ’ਤੇ ਬਾਥਰੂਮ ਕਰਨ ਲਈ ਗਿਆ। ਉਸ ਨੇ ਦੇਖਿਆ ਕਿ ਉੱਥੇ 3 ਨਕਾਬਪੋਸ਼ ਵਿਅਕਤੀ ਖੜ੍ਹੇ ਸਨ।
ਉਨ੍ਹਾਂ ਤਿੰਨਾਂ ਨੇ ਰਿਪਨ ਨੂੰ ਵੇਖਦੇ ਹੀ ਫੜ ਲਿਆ ਅਤੇ ਉਸ ਦੀ ਕੁੱਟਮਾਰ ਕਰਨ ਲੱਗੇ। ਉਸ ਨੇ ਰੌਲਾ ਪਾਇਆ ਤਾਂ ਘਰ ਦੇ ਬਾਕੀ ਮੈਂਬਰ ਵੀ ਉੱਠ ਗਏ ਤੇ ਨਕਾਬਪੋਸ਼ ਚੋਰ ਡਿਪੂ ਹੋਲਡਰ ਭੂਸ਼ਣ ਤੋਖੀ ਦੇ ਘਰ ਦੀ ਛੱਤ ’ਤੇ ਚੜ੍ਹ ਕੇ ਫਰਾਰ ਹੋਣ ’ਚ ਸਫਲ ਹੋ ਗਏ। ਚੋਰ ਪੌੜੀਆਂ ਤੋਂ ਉਤਰ ਕੇ ਬਿੱਲਾ ਦੇ ਘਰ ਆਏ ਸਨ ਤੇ ਉਸੇ ਰਸਤੇ ਵਾਪਸ ਚਲੇ ਗਏ। ਰਣਜੀਤ ਕੌਰ ਨੇ ਦੱਸਿਆ ਕਿ ਚੋਰਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਅੰਦਰ ਜਾ ਕੇ ਪਤਾ ਲੱਗਾ ਕਿ ਉਹ ਘਰ ’ਚ ਪਈ ਵਿਦੇਸ਼ੀ ਤੇ ਭਾਰਤੀ ਕਰੰਸੀ (ਲਗਭਗ 1 ਲੱਖ ਰੁਪਏ) ਤੇ ਇਕ ਸੋਨੇ ਦੀ ਚੇਨ ਚੋਰੀ ਕਰਕੇ ਲੈ ਗਏ ਹਨ।
ਇਹ ਵੀ ਪੜ੍ਹੋ : PM ਮੋਦੀ ਵੱਲੋਂ ਨਵੇਂ ਸਾਲ ਦਾ ਤੋਹਫ਼ਾ, ਪੰਜਾਬ 'ਚ 'ਵੰਦੇ ਭਾਰਤ ਐਕਸਪ੍ਰੈੱਸ' ਟਰੇਨ ਦੀ ਹੋਈ ਸ਼ੁਰੂਆਤ
ਕਮਰੇ ’ਚ ਟਰੰਕ ਤੇ ਅਲਮਾਰੀ ਖੁੱਲ੍ਹੀ ਪਈ ਸੀ, ਜਿਸ ਨੂੰ ਵੇਖ ਕੇ ਸਾਫ਼ ਹੋ ਰਿਹਾ ਸੀ ਕਿ ਚੋਰਾਂ ਨੇ ਬੜੀ ਆਸਾਨੀ ਨਾਲ ਚੋਰੀ ਨੂੰ ਅੰਜਾਮ ਦਿੱਤਾ ਹੈ । ਰਣਜੀਤ ਕੌਰ ਨੇ ਦੱਸਿਆ ਕਿ ਉਸ ਨੇ ਚੋਰੀ ਦੀ ਘਟਨਾ ਸਬੰਧੀ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪਹਿਲਾਂ ਪੀ. ਸੀ. ਆਰ. ਮੁਲਾਜ਼ਮ ਉਸ ਦੇ ਘਰ ਪੁੱਜੇ ਤੇ ਕੁਝ ਦੇਰ ਬਾਅਦ ਹੀ ਦਕੋਹਾ ਪੁਲਸ ਚੌਕੀ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਮਨਜੀਤ ਸਿੰਘ ਵੀ ਉੱਥੇ ਆ ਗਏ। ਉਨ੍ਹਾਂ ਕੁਝ ਸਮੇਂ ਤਕ ਮੌਕੇ ਤੋਂ ਫ਼ਰਾਰ ਹੋਏ ਚੋਰਾਂ ਨੂੰ ਫੜਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ ਪਰ ਪੁਲਸ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲਗਾ ਸਕੀ। ਅੱਜ ਸਵੇਰੇ ਦਕੋਹਾ ਪੁਲਸ ਚੌਕੀ ਦੇ ਇੰਚਾਰਜ ਮਦਨ ਸਿੰਘ ਮੌਕਾ ਦੇਖਣ ਲਈ ਉਨ੍ਹਾਂ ਦੇ ਘਰ ਆਏ ਤੇ ਉਨ੍ਹਾਂ ਦੇ ਬਿਆਨ ਦਰਜ ਕਰਵਾਏ।
ਸੀ. ਸੀ. ਟੀ. ਵੀ. ਕੈਮਰਿਆਂ ਖੰਗਾਲ ਰਹੀ ਪੁਲਸ, ਨਹੀਂ ਦਰਜ ਹੋਇ ਆ ਕੋਈ ਮਾਮਲਾ
ਇੰਦਰਜੀਤ ਸਿੰਘ ਬਿੱਲਾ ਦੇ ਘਰ ਅੰਦਰ ਦਾਖ਼ਲ ਹੋਏ ਚੋਰਾਂ ਤੱਕ ਪਹੁੰਚਣ ਲਈ ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਅੱਜ ਤੱਕ ਉਹ ਕਿਸੇ ਵੀ ਕੈਮਰੇ ’ਚ ਕੈਦ ਨਹੀਂ ਹੋਏ ਹਨ। ਇਸ ਸਬੰਧੀ ਪੁਲਸ ਨੇ ਸ਼ੁੱਕਰਵਾਰ ਰਾਤ 10 ਵਜੇ ਤੱਕ ਮਾਮਲਾ ਦਰਜ ਨਹੀਂ ਕੀਤਾ ਸੀ। ਐੱਸ. ਐੱਚ. ਓ. ਰਵਿੰਦਰ ਕੁਮਾਰ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਚੋਰੀ ਸਬੰਧੀ ਮਾਮਲਾ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ : New Year ਦੇ ਜਸ਼ਨ ਸਬੰਧੀ ਜਲੰਧਰ ਪੁਲਸ ਸਖ਼ਤ, PPR ਮਾਰਕੀਟ ‘ਨੋ ਵ੍ਹੀਕਲ ਜ਼ੋਨ’ ਐਲਾਨੀ, ਬਣਾਈ ਇਹ ਯੋਜਨਾ
ਸਲੇਮਪੁਰ ਮਸੰਦਾਂ ਤੋਂ ਸਿਰਫ਼ 2 ਕਿਲੋਮੀਟਰ ਦੀ ਦੂਰੀ ’ਤੇ ਹੈ ਧੰਨੋਵਾਲੀ
ਡਕੈਤੀ ਵਾਲੇ ਪਿੰਡ ਸਲੇਮਪੁਰ ਮਸੰਦਾਂ ਤੋਂ ਸਿਰਫ਼ 2 ਕਿਲੋਮੀਟਰ ਦੀ ਦੂਰੀ ’ਤੇ ਪਿੰਡ ਧਨੋਵਾਲੀ ਸਥਿਤ ਹੈ। ਧੰਨੋਵਾਲੀ ’ਚ ਵਾਪਰੀ ਚੋਰੀ ਦੀ ਘਟਨਾ ਤੋਂ ਪਤਾ ਲੱਗਦਾ ਹੈ ਕਿ ਅਜੇ ਤੱਕ ਡਕੈਤੀ ਵਾਰਦਾਤ ਟਰੇਸ ਨਾ ਹੋਣ ਕਾਰਨ ਚੋਰਾਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਹਨ। ਸਲੇਮਪੁਰ ਮਸੰਦਾਂ ’ਚ ਡਕੈਤ ਐੱਨ. ਆਰ. ਆਈ. ਸੁੱਚਾ ਸਿੰਘ ਦੇ ਘਰ ਰਾਤ 12 ਵਜੇ ਤੋਂ ਬਾਅਦ ਦਾਖਲ ਹੋਏ ਸਨ ਤੇ ਇਸੇ ਸਮੇਂ ਧੰਨੋਵਾਲੀ ’ਚ ਇੰਦਰਜੀਤ ਸਿੰਘ ਬਿੱਲਾ ਦੇ ਘਰ ਵੀ ਆਏ ਹਨ। ਸੰਭਵ ਹੈ ਕਿ ਇਹ ਵੀ ਉਸੇ ਗਿਰੋਹ ਨਾਲ ਜੁੜੇ ਹੋਣ।
ਪੁਲਸ ਦੀ ਗਸ਼ਤ ਵਧਾਈ ਜਾਵੇ : ਬਿੱਟੂ, ਕਮਲੇਸ਼
ਧਨੋਵਾਲੀ ਇਲਾਕੇ ਤੋਂ ਨਗਰ ਨਿਗਮ ’ਚ 10 ਸਾਲ ਕੌਂਸਲਰ ਰਹੇ ਬਲਬੀਰ ਸਿੰਘ ਬਿੱਟੂ ਤੇ ‘ਆਪ’ ਆਗੂ ਕਮਲੇਸ਼ ਕੁਮਾਰ ਧਨੋਵਾਲੀ ਨੇ ਸ਼ਹਿਰ ਵਾਸੀਆਂ ਨੂੰ ਟਰੈਫਿਕ ਤੋਂ ਰਾਹਤ ਦੇਣ ਵਾਲੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਤੋਂ ਮੰਗ ਕੀਤੀ ਹੈ ਕਿ ਵੱਧ ਰਹੀਆਂ ਚੋਰੀਆਂ ਨੂੰ ਰੋਕਿਆ ਜਾਵੇ ਤੇ ਇਲਾਕੇ ’ਚ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਪੁਲਸ ਦੀ ਗਸ਼ਤ ਅਤੇ ਨਾਕਾਬੰਦੀ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਗਸ਼ਤ ਦੀ ਘਾਟ ਕਾਰਨ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਚੋਰ-ਲੁਟੇਰੇ ਬਿਨਾਂ ਕਿਸੇ ਡਰ ਦੇ ਇੱਧਰ-ਉਧਰ ਘੁੰਮ ਰਹੇ ਹਨ।
ਇਹ ਵੀ ਪੜ੍ਹੋ : CM ਅਰਵਿੰਦ ਕੇਜਰੀਵਾਲ ਦਾ ਵਿਪਾਸਨਾ ਧਿਆਨ ਯੋਗ ਖ਼ਤਮ, ਹੁਸ਼ਿਆਰਪੁਰ ਤੋਂ ਦਿੱਲੀ ਲਈ ਹੋਏ ਰਵਾਨਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।