ਸ਼ੂਗਰ ਮਿੱਲ 'ਚ ਫਿਟਰ ਵਜੋਂ ਕੰਮ ਕਰਦਾ ਮੁਲਾਜ਼ਮ ਹੋਇਆ ਲਾਪਤਾ, CCTV ਫੁਟੇਜ ਦੇ ਆਧਾਰ 'ਤੇ ਕੀਤੀ ਜਾ ਰਹੀ ਜਾਂਚ
Wednesday, Jan 24, 2024 - 01:06 AM (IST)
ਮੁਕੇਰੀਆਂ (ਨਾਗਲਾ)- ਸਥਾਨਕ ਖੰਡ ਮਿੱਲ 'ਚ ਗੰਨੇ ਦੀ ਪਿੜਾਈ ਮਸ਼ੀਨ 'ਤੇ ਫਿਟਰ ਵਜੋਂ ਕੰਮ ਕਰਦੇ ਇਕ ਮੁਲਾਜ਼ਮ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਿੱਲ ਵਿੱਚ ਫਿਟਰ ਵਜੋਂ ਕੰਮ ਕਰਨ ਵਾਲਾ 59 ਸਾਲਾ ਚੰਨਣ ਸਿੰਘ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਅਜੇ ਤੱਕ ਲਾਪਤਾ ਹੈ। ਜਾਣਕਾਰੀ ਅਨੁਸਾਰ ਉਹ ਪਿਛਲੇ 25 ਸਾਲਾਂ ਤੋਂ ਸ਼ੂਗਰ ਮਿੱਲ ਵਿੱਚ ਫਿਟਰ ਵਜੋਂ ਕੰਮ ਕਰ ਰਿਹਾ ਹੈ ਅਤੇ ਰੋਜ਼ਾਨਾ ਵਾਂਗ ਬੀਤੇ ਦਿਨ ਵੀ 4 ਵਜੇ ਤੋਂ 12 ਵਜੇ ਤੱਕ ਉਸ ਦੀ ਡਿਊਟੀ ਸੀ ਤੇ ਉਹ ਗੇਟ ਪਾਸ ਲੈ ਕੇ ਮਿੱਲ ਵਿਚ ਦਾਖਲ ਹੋਇਆ ਅਤੇ 4.30 ਵਜੇ ਤੱਕ ਸੀ.ਸੀ.ਟੀ.ਵੀ. ਫੁਟੇਜ ਵਿੱਚ ਕੰਮ ਕਰਦਾ ਨਜ਼ਰ ਆਇਆ, ਪਰ ਅਚਾਨਕ ਮਸ਼ੀਨ ਵਿੱਚ ਕੋਈ ਤਕਨੀਕੀ ਨੁਕਸ ਪੈਣ ਤੋਂ ਬਾਅਦ ਚੰਨਣ ਸਿੰਘ ਲਾਪਤਾ ਹੋ ਗਿਆ ਹੈ।
ਇਹ ਵੀ ਪੜ੍ਹੋ- ਦਸੂਹਾ 'ਚ ਥਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, 1 ਨੌਜਵਾਨ ਦੀ ਹੋਈ ਮੌਤ, ਦੂਜਾ ਗੰਭੀਰ ਜ਼ਖ਼ਮੀ
ਪਰਿਵਾਰ ਮੁਤਾਬਕ ਇਸ ਦੀ ਸੂਚਨਾ ਉਨ੍ਹਾਂ ਨੂੰ ਸਵੇਰੇ 6 ਵਜੇ ਦਿੱਤੀ ਗਈ, ਪਰ ਰਾਤ ਤੱਕ ਚੰਨਣ ਸਿੰਘ ਦਾ ਹੋਣ ਦਾ ਕੋਈ ਸੁਰਾਗ ਨਹੀਂ ਲੱਭ ਸਕਿਆ। ਕਿਆਸ ਲਗਾਏ ਜਾ ਰਹੇ ਹਨ ਕਿ ਕਿਤੇ ਉਹ ਗੰਨੇ ਦੀ ਪਿੜਾਈ ਮਸ਼ੀਨ ਵਿੱਚ ਪੀੜਿਆ ਨਾ ਗਿਆ ਹੋਵੇ। ਪਰਿਵਾਰ ਦਾ ਇਲਜ਼ਾਮ ਹੈ ਕਿ ਮਿੱਲ ਮੈਨੇਜਮੈਂਟ ਕੋਈ ਵੀ ਸਹੀ ਜਾਣਕਾਰੀ ਨਹੀਂ ਦੇ ਰਹੀ। ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਮਿੱਲ ਮੈਨੇਜਮੈਂਟ ਦੇ ਕੇਨ ਅਧਿਕਾਰੀ ਸੰਜੇ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸਵੇਰੇ 8 ਵਜੇ ਪਤਾ ਲੱਗਾ ਅਤੇ ਉਸ ਤੋਂ ਬਾਅਦ ਉਨ੍ਹਾਂ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ, ਜਿਸ ਵਿੱਚ ਉਸ ਨੇ ਪਤਾ ਲੱਗਿਆ ਕਿ ਮੁਲਾਜ਼ਮ ਚੰਨਣ ਸਿੰਘ ਮਿੱਲ ਦੇ ਬਾਹਰ ਨਹੀਂ ਗਿਆ।
ਇਹ ਵੀ ਪੜ੍ਹੋ- 2 ਸਾਲ ਤੋਂ ਦੁਬਈ ਜੇਲ੍ਹ 'ਚ ਬੰਦ ਹੈ ਮਾਛੀਵਾੜਾ ਦਾ ਨੌਜਵਾਨ, ਵਿਧਵਾ ਮਾਂ ਪੁੱਤਰ ਨੂੰ ਛੁਡਵਾਉਣ ਲਈ ਲਗਾ ਰਹੀ ਗੁਹਾਰ
ਇਸ ਦੌਰਾਨ ਕੋਈ ਸਬੂਤ ਨਹੀਂ ਮਿਲਿਆ ਕਿ ਉਹ ਕਿੱਥੇ ਹੈ ਅਤੇ ਉਸ ਨਾਲ ਕੋਈ ਹਾਦਸਾ ਹੋਇਆ ਹੈ ਜਾਂ ਨਹੀਂ। ਉਸ ਨੇ ਦੱਸਿਆ ਕਿ ਮਿੱਲ ਬੇਸ਼ੱਕ ਬੰਦ ਸੀ ਪਰ ਤਕਨੀਕੀ ਵਿਭਾਗ ਨੇ ਇਸ ਸਬੰਧੀ ਇਹ ਜਾਣਕਾਰੀ ਨਹੀਂ ਦਿੱਤੀ। ਥਾਣਾ ਮੁਖੀ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦੇ ਦਬਾਅ ਕਾਰਨ ਪੀੜਤ ਪਰਿਵਾਰ ਅਤੇ ਮਿੱਲ ਵਿਚਕਾਰ 22 ਲੱਖ ਰੁਪਏ ਮੁਆਵਜ਼ੇ ਵਜੋਂ ਸਮਝੌਤਾ ਹੋ ਗਿਆ ਹੈ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਅਤੇ ਬੀਮਾ ਰਾਸ਼ੀ ਵੀ ਵੱਖਰੇ ਤੌਰ 'ਤੇ ਦਿੱਤੀ ਜਾਵੇਗੀ। ਉਸ ਨੇ ਦੱਸਿਆ ਕਿ ਮੁਲਾਜ਼ਮ ਮਿੱਲ ਦੇ ਅੰਦਰ ਘੁੰਮਦਾ ਦੇਖਿਆ ਗਿਆ ਪਰ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਮੁਤਾਬਕ ਉਹ ਕਿਸੇ ਵੀ ਗੇਟ ਤੋਂ ਬਾਹਰ ਨਹੀਂ ਨਿਕਲਿਆ। ਉਹ ਜ਼ਿੰਦਾ ਹੈ ਜਾਂ ਨਹੀਂ, ਇਸ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ। ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8