ਜਨਵਰੀ 'ਚ ਵਿਆਹੇ ਨੌਜਵਾਨ ਨੇ ਬੋਰੇਜ਼ਗਾਰੀ ਤੋਂ ਦੁਖੀ ਹੋ ਕੇ ਲਾਇਆ ਮੌਤ ਨੂੰ ਗਲੇ

11/23/2019 11:35:11 AM

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਮਾਡਲ ਟਾਊਨ ਅਧੀਨ ਪੁਰਹੀਰਾਂ ਪੁਲਸ ਚੌਕੀ ਦੇ ਏਰੀਆ ਫਤਿਹਗੜ੍ਹ 'ਚ ਬੇਰੋਜ਼ਗਾਰੀ ਅਤੇ ਮਾਨਸਿਕ ਪ੍ਰੇਸ਼ਾਨੀ ਕਾਰਨ ਪ੍ਰਦੀਪ ਕੁਮਾਰ (37) ਪੁੱਤਰ ਹਰਮੇਸ਼ ਲਾਲ ਨੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਜਾਣਕਾਰੀ ਦੁਪਹਿਰ ਬਾਅਦ ਉਸ ਸਮੇਂ ਮਿਲੀ ਜਦੋਂ ਪੇਕੇ ਗਈ ਪਤਨੀ ਨਵਦੀਪ ਦਾ ਫੋਨ ਨਾ ਚੁੱਕਣ 'ਤੇ ਮੁਹੱਲੇ ਦੇ ਲੋਕ ਕੌਂਸਲਰ ਮੀਨੂੰ ਸੇਠੀ ਨਾਲ ਮੌਕੇ 'ਤੇ ਪਹੁੰਚੇ। ਘਰ 'ਚ ਪ੍ਰਦੀਪ ਕੁਮਾਰ ਨੂੰ ਫਾਹਾ ਲੈ ਕੇ ਲਟਕਦਾ ਵੇਖ ਕੌਂਸਲਰ ਮੀਨੂੰ ਸੇਠੀ ਨੇ ਫੋਨ 'ਤੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਰਹੀਰਾਂ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਰਸ਼ਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਪੰਚਨਾਮਾ ਬਣਾ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

ਜਨਵਰੀ 'ਚ ਹੋਇਆ ਸੀ ਮ੍ਰਿਤਕ ਦਾ ਵਿਆਹ
ਫਤਿਹਗੜ੍ਹ ਮੁਹੱਲੇ 'ਚ ਮੌਕੇ 'ਤੇ ਮੌਜੂਦ ਭਾਜਪਾ ਕੌਂਸਲਰ ਮੀਨੂੰ ਸੇਠੀ ਅਤੇ ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਪ੍ਰਦੀਪ ਕੁਮਾਰ ਦਾ ਵਿਆਹ ਇਸ ਸਾਲ ਜਨਵਰੀ 'ਚ ਸਿੰਬਲੀ ਪਿੰਡ ਦੀ ਰਹਿਣ ਵਾਲੀ ਨਵਦੀਪ ਨਾਲ ਹੋਇਆ ਸੀ। ਪ੍ਰਦੀਪ ਵੀਰਵਾਰ ਸ਼ਾਮੀਂ ਨਵਦੀਪ ਨੂੰ ਪੇਕੇ ਜਾਣ ਲਈ ਬੱਸ ਸਟੈਂਡ 'ਤੇ ਛੱਡਣ ਗਿਆ ਸੀ। ਬੀਤੇ ਦਿਨ ਪ੍ਰਦੀਪ ਜਦੋਂ ਨਵਦੀਪ ਨੂੰ ਲੈਣ ਲਈ ਸਿੰਬਲੀ ਨਾ ਪਹੁੰਚਿਆ ਅਤੇ ਵਾਰ-ਵਾਰ ਫੋਨ ਕਰਨ 'ਤੇ ਵੀ ਪ੍ਰਦੀਪ ਨੇ ਜਦੋਂ ਫੋਨ ਨਾ ਚੁੱਕਿਆ ਤਾਂ ਨਵਦੀਪ ਨੂੰ ਚਿੰਤਾ ਹੋਣ ਲੱਗੀ। ਨਵਦੀਪ ਨੇ ਪ੍ਰਦੀਪ ਦੇ ਦੋਸਤਾਂ ਅਤੇ ਜਾਣਨ ਵਾਲਿਆਂ ਨੂੰ ਦੱਸਿਆ ਤਾਂ ਉਹ ਮੁਹੱਲੇ ਦੇ ਲੋਕਾਂ ਨਾਲ ਜਦੋਂ ਕਮਰੇ ਅੰਦਰ ਪਹੁੰਚੇ ਤਾਂ ਵੇਖਿਆ ਕਿ ਪ੍ਰਦੀਪ ਦੀ ਲਾਸ਼ ਰੱਸੀ ਨਾਲ ਲਟਕ ਰਹੀ ਸੀ।

PunjabKesari

ਕੰਮ-ਧੰਦਾ ਨਾ ਚੱਲਣ ਤੋਂ ਸੀ ਦੁਖੀ
ਜ਼ਿਕਰਯੋਗ ਹੈ ਕਿ ਮ੍ਰਿਤਕ ਪ੍ਰਦੀਪ ਕਰੀਬ 2 ਸਾਲ ਪਹਿਲਾਂ ਹੀ ਫਿਲਪੀਨਜ਼ ਤੋਂ ਹੁਸ਼ਿਆਰਪੁਰ ਪਰਤ ਕੇ ਗੱਡੀ ਚਲਾਉਣ ਦਾ ਕੰਮ ਕਰਨ ਲੱਗਾ ਸੀ। ਮੰਦੀ ਦੇ ਦੌਰ 'ਚ ਕੰਮ-ਧੰਦਾ ਠੀਕ ਤਰ੍ਹਾਂ ਨਾ ਚੱਲਣ ਕਾਰਣ ਉਹ ਪਿਛਲੇ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਪਰਿਵਾਰ ਅਨੁਸਾਰ ਇਸੇ ਮਾਨਸਕ ਪ੍ਰੇਸ਼ਾਨੀ ਕਾਰਣ ਪ੍ਰਦੀਪ ਨੇ ਉਕਤ ਗਲਤ ਕਦਮ ਚੁੱਕ ਲਿਆ।
ਸੰਪਰਕ ਕਰਨ 'ਤੇ ਪੁਰਹੀਰਾਂ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਰਸ਼ਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਦੇ ਆਧਾਰ 'ਤੇ ਪੁਲਸ ਇਸ ਮਾਮਲੇ 'ਚ ਧਾਰਾ 174 ਅਧੀਨ ਕਾਰਵਾਈ ਕਰ ਰਹੀ ਹੈ। ਸ਼ਨੀਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।


shivani attri

Content Editor

Related News