ਸੜਕ ਪਾਰ ਕਰ ਰਹੇ 2 ਪ੍ਰਵਾਸੀਆਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ

Monday, Feb 24, 2020 - 08:59 PM (IST)

ਸੜਕ ਪਾਰ ਕਰ ਰਹੇ 2 ਪ੍ਰਵਾਸੀਆਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ

ਭੋਗਪੁਰ, (ਸੂਰੀ)— ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਸਥਿਤ ਕਸਬਾ ਭੋਗਪੁਰ 'ਚ ਬੀਤੀ ਰਾਤ ਸੜਕ ਪਾਰ ਕਰ ਰਹੇ 2 ਪ੍ਰਵਾਸੀ ਮਜ਼ਦੂਰ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਗਏ, ਜਿਸ ਕਾਰਣ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋਣ ਅਤੇ ਦੂਜੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਭੋਗਪੁਰ ਨੇੜੇ ਸੜਕ 'ਤੇ ਪ੍ਰੀਮਿਕਸ ਪਾਏ ਜਾਣ ਦਾ ਕੰਮ ਚੱਲ ਰਿਹਾ ਸੀ ਤੇ ਕੰਮ ਕਰਨ ਵਾਲੀ ਕੰਪਨੀ ਵਲੋਂ ਸੜਕ ਦਾ ਇਕ ਪਾਸਾ ਬੰਦ ਕੀਤਾ ਗਿਆ ਸੀ। ਇਸ ਕਾਰਣ ਸੜਕ ਦੇ ਇਕ ਪਾਸੇ ਹੀ ਸਾਰੀ ਆਵਾਜਾਈ ਚੱਲ ਰਹੀ ਸੀ। ਇਸੇ ਦੌਰਾਨ 2 ਪ੍ਰਵਾਸੀ ਨੌਜਵਾਨ ਭੋਗਪੁਰ ਦੇ ਵਾਰਡ ਡੱਲੀ ਨੇੜੇ ਸੜਕ ਕਰਾਸ ਕਰਨ ਲੱਗੇ ਤਾਂ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਗਏ, ਜਿਸ ਕਾਰਣ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਜ਼ਖ਼ਮੀ ਹੋ ਗਿਆ।
ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੇ ਰਿਸ਼ਤੇਦਾਰ ਮੁਖੀਆ ਪੁੱਤਰ ਕੇਰੀ ਵਾਸੀ ਗੁਲੇਰੀਆ ਜ਼ਿਲਾ ਬਰੇਲੀ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਰਾਮ ਰਤਨ ਪੁੱਤਰ ਹੇਮ ਰਾਜ ਵਾਸੀ ਗੁਲਾਰੀਆ ਜ਼ਿਲਾ ਬਰੇਲੀ ਮੂੰਗਫਲੀ ਦੀ ਰੇਹੜੀ ਲਗਾਉਂਦਾ ਅਤੇ ਉਸ ਦਾ ਦੋਸਤ ਨਰੇਸ਼ ਕੁਮਾਰ ਪੁੱਤਰ ਪੂਰਨ ਲਾਲ ਵਾਸੀ ਡੱਲੀ ਸਬਜ਼ੀ ਦੀ ਰੇਹੜੀ ਲਾਉਂਦਾ ਸੀ। ਸੋਮਵਾਰ ਸਵੇਰੇ ਉਸ ਦੇ ਕਿਸੇ ਜਾਣਕਾਰ ਦਾ ਫੋਨ ਆਇਆ ਕਿ ਬੀਤੀ ਰਾਤ 9 ਵਜੇ ਰਾਮ ਰਤਨ ਅਤੇ ਨਰੇਸ਼ ਕੁਮਾਰ ਜੀ. ਟੀ. ਰੋਡ ਭੋਗਪੁਰ ਨੇੜੇ ਇਕ ਮੋਟਰਸਾਈਕਲ ਏਜੰਸੀ ਨੇੜੇ ਸੜਕ ਕਰਾਸ ਕਰਦਿਆਂ ਕਿਸੇ ਵਾਹਨ ਦੀ ਲਪੇਟ 'ਚ ਆ ਗਏ ਸਨ, ਜਿਸ ਕਾਰਣ ਰਾਮ ਰਤਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਅਤੇ ਨਰੇਸ਼ ਕੁਮਾਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਨਰੇਸ਼ ਕੁਮਾਰ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਵਲੋਂ ਮੁਖੀਆ ਦੇ ਬਿਆਨਾਂ 'ਤੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 


author

KamalJeet Singh

Content Editor

Related News