ਬੰਪਰ ਤੰਬੋਲਾ ਤੇ ਗਰੈਂਡ ਮਹਿੰਦੀ ਈਵੈਂਟ ਨਾਲ ‘ਗੁਲਜ਼ਾਰ’ ਹੋਇਆ ਜਿਮਖਾਨਾ
Wednesday, Oct 24, 2018 - 05:57 AM (IST)

ਜਲੰਧਰ, (ਖੁਰਾਣਾ)- ਇਨ੍ਹੀਂ ਦਿਨੀਂ ਫੈਸਟੀਵਲ ਸੀਜ਼ਨ ਚਲ ਰਿਹਾ ਹੈ ਤੇ ਜਿਮਖਾਨਾ ਕਲੱਬ ਦੀਆਂ ਚੋਣਾਂ ਵੀ ਆਉਣ ਵਾਲੇ ਦੋ ਤਿੰਨ ਮਹੀਨਿਅਾਂ ਵਿਚ ਹੋਣ ਵਾਲੀਆਂ ਹਨ। ਅਜਿਹੇ ਵਿਚ ਕਲੱਬ ਦਾ ਮਾਹੌਲ ਕਾਫੀ ਖੁਸ਼ਗਵਾਰ ਨਜ਼ਰ ਆ ਰਿਹਾ ਹੈ। ਕਲੱਬ ਮੈਂਬਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਮੁਹੱਈਆ ਕਰਵਾਉਣ ਲਈ ਨਵੀਂ ਟੀਮ ਵਿਚ ਹੋੜ ਦਿਸ ਰਹੀ ਹੈ। ਜਿਮਖਾਨਾ ਵਿਚ ਪਹਿਲੀ ਵਾਰ ਗਰੈਂਡ ਮਹਿੰਦੀ ਈਵੈਂਟ ਦਾ ਆਯੋਜਨ 24 ਤੋਂ 26 ਅਕਤੂਬਰ ਤੱਕ ਸ਼ਿਵਾਨੀ ਵਾਲੀਆ ਮਿੱਤਲ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਕਲੱਬ ਸੈਕਰੇਟਰੀ ਸੰਦੀਪ ਬਹਿਲ ਤੇ ਪ੍ਰੋ. ਝਾਂਜੀ ਨੇ ਦੱਸਿਆ ਕਿ ਗਰੈਂਡ ਈਵੈਂਟ ਦੌਰਾਨ ਰਾਜਸਥਾਨ ਤੇ ਮੁੰਬਈ ਤੋਂ ਖਾਸ ਤੌਰ ’ਤੇ ਆਰਟਿਸਟ ਮਹਿੰਦੀ ਤੇ ਨੇਲ ਆਰਟ ਦਾ ਪ੍ਰਦਰਸ਼ਨ ਕਰਨਗੇ ਜਿਸ ਨੂੰ ਐੈੱਲ. ਜੀ. ਕੰਪਨੀ ਵਲੋਂ ਕ੍ਰਾਓਕੇ ਸਿੰਗਰ ਤੇ ਲੱਕੀ ਡਰਾਅ ਦਾ ਆਯੋਜਨ ਮਨੋਰੰਜਨ ਲਈ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਕਲੱਬ ਮੈਨੇਜਮੈਂਟ ਵਲੋਂ 28 ਅਕਤੂਬਰ ਤੇ 5 ਨਵੰਬਰ ਨੂੰ ਕਲੱਬ ਕੰਪਲੈਕਸ ਵਿਚ ਗਰੈਂਡ ਤੰਬੋਲਾ ਤੇ ਲੱਕੀ ਡਰਾਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਜੇਤੂਆਂ ਨੂੰ ਵੱਡੇ-ਵੱਡੇ ਇਨਾਮ ਵੀ ਦਿੱਤੇ ਜਾਣਗੇ।
ਨਿਯਮ ਬਦਲਣ ਸਬੰਧੀ ਰਿਪੋਰਟ ਕੁਝ ਦਿਨਾਂ ਬਾਅਦ
ਲਗਾਤਾਰ ਦੋ ਵਾਰ ਚੋਣਾਂ ਲੜਣ ਸਬੰਧੀ ਨਿਯਮ ਨੂੰ ਲੈ ਕੇ ਡਵੀਜ਼ਨਲ ਕਮਿਸ਼ਨਰ ਤੇ ਕਲੱਬ ਪ੍ਰਧਾਨ ਬਲਦੇਵ ਪੁਰਸ਼ਾਰਥ ਨੇ ਜੋ ਪੰਜ ਮੈਂਬਰੀ ਕਮੇਟੀ ਬਣਾਈ ਸੀ। ਉਸ ਨੇ ਸੀਲ ਬੰਦ ਲਿਫਾਫਿਆਂ ਵਿਚ ਆਪਣੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ। ਕਮੇਟੀ ਦੀ ਰਿਪੋਰਟ ਸੰਬੰਧੀ ਭਾਵੇਂ ਚਰਚਾ ਤੇ ਅਫਵਾਹਾਂ ਦਾ ਦੌਰ ਗਰਮ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਫੈਸਲਾ ਇਕਤਰਫਾ ਭਾਵ 4-1 ਨਾਲ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਵਿਚ ਹੋਏ ਰੇਲ ਹਾਦਸੇ ਦੀ ਜਾਂਚ ਦਾ ਕੰਮ ਡਵੀਜ਼ਨਲ ਕਮਿਸ਼ਨਰ ਜਲੰਧਰ ਨੂੰ ਸੌਂਪਿਆ ਹੋਇਆ ਹੈ। ਇਸ ਲਈ ਕਲੱਬ ਪ੍ਰਧਾਨ ਇਨੀਂ ਦਿਨੀਂ ਉਸ ਜਾਂਚ ਵਿਚ ਰੁੱਝੇ ਹਨ। ਅਜਿਹੇ ਵਿਚ ਜਿਮਖਾਨਾ ਨਾਲ ਸਬੰਧਤ ਰਿਪੋਰਟ ਆਉਣ ਵਿਚ ਅਜੇ ਕੁਝ ਦਿਨ ਲੱਗ ਸਕਦੇ ਹਨ। ਅਗਲੀ ਐਗਜ਼ੀਕਿਊਟਿਵ ਮੀਟਿੰਗ ਵਿਚ ਚੋਣ ਨਿਯਮ ਸਬੰਧੀ ਰੋਪਰਟ ਪੇਸ਼ ਹੋਣ ਦੀ ਸੰਭਾਵਨਾ ਹੈ।