ਜਿਊਲਰ ਤੋਂ ਲੁੱਟਖੋਹ ਮਾਮਲੇ ''ਚ ਪੁਲਸ CCTV ਫੁਟੇਜ ਦੀ ਕਰ ਰਹੀ ਐ ਪੜਤਾਲ

Monday, Dec 30, 2019 - 03:33 PM (IST)

ਜਿਊਲਰ ਤੋਂ ਲੁੱਟਖੋਹ ਮਾਮਲੇ ''ਚ ਪੁਲਸ CCTV ਫੁਟੇਜ ਦੀ ਕਰ ਰਹੀ ਐ ਪੜਤਾਲ

ਹੁਸ਼ਿਆਰਪੁਰ (ਅਮਰਿੰਦਰ)— ਸ਼ਨੀਵਾਰ ਰਾਤੀਂ ਸ਼ਹਿਰ ਦੇ ਪ੍ਰਤਾਪ ਚੌਕ ਨਾਲ ਲੱਗਦੇ ਖਾਰਾ ਖੂਹ ਵਾਲੀ ਗਲੀ 'ਚ ਸਥਿਤ ਜੁਗਲ ਕਿਸ਼ੋਰ ਐਂਡ ਸੰਨਜ਼ ਜਿਊਲਰਜ਼ 'ਚ ਗੰਨ ਪੁਆਇੰਟ 'ਤੇ ਹੋਈ ਲੁੱਟ ਦੀ ਵਾਰਦਾਤ ਦੇ ਮਾਮਲੇ 'ਚ ਐਤਵਾਰ ਸਾਰਾ ਦਿਨ ਪੁਲਸ ਅਧਿਕਾਰੀਆਂ ਦਾ ਆਉਣ-ਜਾਣ ਲੱਗਾ ਰਿਹਾ। ਐੱਸ. ਪੀ. ਪਰਮਿੰਦਰ ਸਿੰਘ ਹੀਰ ਨਾਲ ਡੀ. ਐੱਸ. ਪੀ. (ਸਿਟੀ) ਜਗਦੀਸ਼ ਰਾਜ ਅਤਰੀ, ਡੀ. ਐੱਸ. ਪੀ. (ਆਰ) ਸਤਿੰਦਰ ਕੁਮਾਰ ਚੱਢਾ, ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਕਰਤਾਰ ਸਿੰਘ ਪ੍ਰਤਾਪ ਚੌਕ ਨਾਲ ਲੱਗਦੀਆਂ ਗਲੀਆਂ 'ਚ ਸਥਿਤ ਘਰਾਂ ਅਤੇ ਦੁਕਾਨਾਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਪ੍ਰਾਪਤ ਕਰਕੇ ਉਸ ਦੀ ਪੜਤਾਲ ਵਿਚ ਜੁਟੇ ਰਹੇ। ਇਸ ਦੇ ਨਾਲ ਹੀ ਫੋਰੈਂਸਿਕ ਐਕਸਪਰਟਸ ਨੇ ਵੀ ਮੌਕੇ 'ਤੇ ਪਹੁੰਚ ਨਿਸ਼ਾਨ ਲਏ। ਥਾਣਾ ਸਿਟੀ ਨੇ ਫਿਲਹਾਲ ਅਣਪਛਾਤੇ ਲੁਟੇਰਿਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਲੁਟੇਰਿਆਂ ਦੇ ਹੁਲੀਏ ਸਬੰਧੀ ਪੁੱਛ-ਪੜਤਾਲ ਕਰਦੇ ਰਹੇ ਅਧਿਕਾਰੀ
ਐਤਵਾਰ ਨੂੰ ਪੁਲਸ ਅਧਿਕਾਰੀ ਪ੍ਰਤਾਪ ਚੌਕ ਨਾਲ ਲੱਗਦੀਆਂ ਦੁਕਾਨਾਂ ਦੇ ਮਾਲਕਾਂ ਅਤੇ ਲੁੱਟ ਦੌਰਾਨ ਜ਼ਖਮੀ ਹੋਏ ਦੁਕਾਨ ਦੇ ਮਾਲਕਾਂ ਤੋਂ ਲੁਟੇਰਿਆਂ ਦੇ ਹੁਲੀਏ ਸਬੰਧੀ ਪੁੱਛ-ਪੜਤਾਲ ਕਰਦੇ ਰਹੇ। ਆਸ-ਪਾਸ ਦੇ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਪ੍ਰਤਾਪ ਚੌਕ ਵਿਚੋਂ ਮੋਟਰਸਾਈਕਲ 'ਤੇ ਪਿਸਤੌਲ ਲਹਿਰਾਉਂਦੇ ਹੋਏ ਐੱਸ. ਡੀ. ਸਕੂਲ ਵੱਲ ਜਾਂਦੀ ਗਲੀ ਵਿਚੋਂ ਫਰਾਰ ਹੋਏ ਸਨ। ਪਛਾਣ ਲੁਕਾਉਣ ਲਈ ਲੁਟੇਰਿਆਂ ਨੇ ਸਿਰਾਂ 'ਤੇ ਪਟਕੇ ਬੰਨ੍ਹੇ ਹੋਏ ਸਨ।

ਲੁਟੇਰਿਆਂ ਨੂੰ ਛੇਤੀ ਕਾਬੂ ਕਰ ਲਵੇਗੀ ਪੁਲਸ
ਮਾਮਲੇ ਦੀ ਤਫਤੀਸ਼ ਕਰ ਰਹੇ ਡੀ. ਐੱਸ. ਪੀ. (ਸਿਟੀ) ਜਗਦੀਸ਼ ਰਾਜ ਅਤਰੀ ਨੇ ਦੱਸਿਆ ਕਿ ਚੌਕ ਨਾਲ ਲੱਗਦੀਆਂ ਗਲੀਆਂ 'ਚੋਂ ਕੁਝ ਫੁਟੇਜ ਪੁਲਸ ਨੂੰ ਮਿਲੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੋਬਾਇਲ ਫੋਨ ਦੀ ਕਾਲ ਵੀ ਜਾਂਚ ਦੇ ਘੇਰੇ ਵਿਚ ਹੈ। ਪੁਲਸ ਜਲਦ ਲੁਟੇਰਿਆਂ ਨੂੰ ਕਾਬੂ ਕਰ ਲਵੇਗੀ।


author

shivani attri

Content Editor

Related News