ਉਮੀਦਵਾਰਾਂ ਨੂੰ ਹੈ ਵਿਰੋਧੀਆਂ ਤੋਂ ਜ਼ਿਆਦਾ ਆਪਣਿਆਂ ਤੋਂ ਖਤਰਾ, ਆਪਣੇ ਹੀ ਡੋਬ ਸਕਦੇ ਨੇ ਬੇੜੀ!

05/21/2019 4:13:01 PM

ਜਲੰਧਰ (ਬੁਲੰਦ)— ਲੋਕ ਸਭਾ ਚੋਣਾਂ 'ਚ ਜਲੰਧਰ ਸੀਟ 'ਤੇ ਮੁੱਖ ਤੌਰ 'ਤੇ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲਦਾ ਰਿਹਾ ਹੈ ਪਰ ਇਸ ਵਾਰ ਮੁਕਾਬਲਾ ਚਾਰ ਕੌਣੀ ਬਣਿਆ ਹੋਇਆ ਹੈ। ਇਥੇ ਅਕਾਲੀ ਦਲ-ਭਾਜਪਾ ਦਾ ਮੁਕਾਬਲਾ ਕਾਂਗਰਸ ਨਾਲ ਤਾਂ ਹੈ ਹੀ ਪਰ ਉਥੇ ਬਸਪਾ ਅਤੇ 'ਆਪ' ਨੂੰ ਵੋਟਾਂ ਕਿੰਨੀਆਂ ਵੋਟਾਂ ਪੈਣਗੀਆਂ, ਇਸ ਗੱਲ ਨੂੰ ਲੈ ਕੇ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਨੀਂਦਰ ਉਡੀ ਹੋਈ ਹੈ। ਗੱਲ ਮੁੱਖ ਤੌਰ 'ਤੇ ਅਕਾਲੀ ਦਲ-ਭਾਜਪਾ, ਕਾਂਗਰਸ ਅਤੇ 'ਆਪ' ਦੀ ਕਰੀਏ ਤਾਂ ਇਨ੍ਹਾਂ ਤਿੰਨਾਂ ਪਾਰਟੀਆਂ ਦੇ ਨੇਤਾਵਾਂ ਨੂੰ ਬਾਹਰੀ ਵਿਰੋਧੀਆਂ ਤੋਂ ਜ਼ਿਆਦਾ ਆਪਣੇ ਅੰਦਰੂਨੀ ਵਿਰੋਧੀਆਂ ਤੋਂ ਖਤਰਾ ਜ਼ਿਆਦਾ ਸਤਾ ਰਿਹਾ ਹੈ, ਜਦਕਿ ਬਸਪਾ ਨੂੰ ਇਸ ਵਾਰ ਆਪਣਿਆਂ ਕੋਲੋਂ ਸਮਰਥਨ ਮਿਲਦਾ ਦਿਸ ਰਿਹਾ ਹੈ।
ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ 'ਚ ਅੰਦਰੂਨੀ ਕਲੇਸ਼ ਟਿਕਟ ਦੇ ਐਲਾਨ ਦੇ ਨਾਲ ਹੀ ਸਾਹਮਣੇ ਆ ਗਿਆ ਸੀ ਪਰ ਚੋਣਾਂ ਨੇੜੇ ਆਉਂਦਿਆਂ ਇਹ ਕਲੇਸ਼ ਕਾਫੀ ਹੱਦ ਤੱਕ ਸ਼ਾਂਤ ਹੁੰਦਾ ਦਿਸਿਆ ਪਰ ਕਾਂਗਰਸੀ ਸੂਤਰਾਂ ਅਨੁਸਾਰ ਤਾਂ ਪਾਰਟੀ ਦੇ ਉਮੀਦਵਾਰ ਨੂੰ ਇਕ ਆਪਣੀ ਹੀ ਪਾਰਟੀ ਦੇ ਵਿਧਾਇਕ, ਇਕ ਸਾਬਕਾ ਸੰਸਦ ਮੈਂਬਰ ਅਤੇ ਇਕ ਵਿਧਾਇਕ ਦੇ ਪਿਤਾ ਤੋਂ ਜ਼ਿਆਦਾ ਖਤਰਾ ਮਹਿਸੂਸ ਹੋ ਰਿਹਾ ਹੈ। ਇਹ ਤਿੰਨੋਂ ਨੇਤਾ ਸਾਰੇ ਚੋਣ ਪ੍ਰਚਾਰ ਦੌਰਾਨ ਖੁੱਲ੍ਹ ਕੇ ਨਾ ਤਾਂ ਆਪਣੇ ਉਮੀਦਵਾਰ ਲਈ ਪ੍ਰਚਾਰ ਕਰਦੇ ਦਿਸੇ ਤੇ ਜਦੋਂ ਮੌਕਾ ਮਿਲਿਆ ਤਾਂ ਆਪਣੇ ਹੀ ਉਮੀਦਵਾਰ ਦੀ ਨਿੰਦਾ ਕਰਦੇ ਵੀ ਸੁਣੇ ਗਏ ਹਨ, ਜਿਨ੍ਹਾਂ ਦਾ ਅਸਰ ਸਿੱਧਾ ਵੋਟਰਾਂ ਦੀ ਮਾਨਸਿਕਤਾ 'ਤੇ ਪੈਣਾ ਸੁਭਾਵਿਕ ਹੈ। ਕਾਂਗਰਸੀ ਸੂਤਰਾਂ ਦਾ ਮੰਨਣਾ ਹੈ ਕਿ ਜੇ ਇਹ ਤਿੰਨਾਂ ਪਾਰਟੀਆਂ ਦੇ ਨੇਤਾ ਆਪਣੇ ਉਮੀਦਵਾਰ ਦੇ ਨਾਲ ਬਿਨਾਂ ਕਿਸੇ ਰੰਜਿਸ਼ ਦੇ ਚੱਲੇ ਹੋਣਗੇ ਤਾਂ ਕਾਂਗਰਸ ਦੀ ਜਿੱਤ ਦਾ ਰਾਹ ਆਸਾਨ ਹੋ ਸਕਦਾ ਹੈ।

ਜੇ ਗੱਲ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਦੀ ਕਰੀਏ ਥਾਂ ਉਨ੍ਹਾਂ ਦਾ ਵੀ ਹਾਲ ਕੁਝ ਅਜਿਹਾ ਹੀ ਹੈ। ਅਸਲ 'ਚ ਗਠਜੋੜ ਦੇ ਉਮੀਦਵਾਰ ਦੀ ਚੋਣ ਪ੍ਰਚਾਰ ਮੁਹਿੰਮ ਮੁੱਖ ਤੌਰ 'ਤੇ ਪਾਰਟੀ ਦੇ ਇਕ ਹੀ ਨੇਤਾ ਦੇ ਹੱਥਾਂ 'ਚ ਰਹੀ ਅਤੇ ਉਸ ਨੇਤਾ ਦਾ ਆਪਣੀ ਹੀ ਪਾਰਟੀ ਦੇ ਜ਼ਿਆਦਤਰ ਨੇਤਾ ਵਿਰੋਧ ਕਰਦੇ ਦਿਖਾਈ ਦਿੰਦੇ ਰਹੇ ਹਨ। ਅਜਿਹੇ 'ਚ ਜਲੰਧਰ ਕੈਂਟ ਹਲਕੇ 'ਚ ਨਾਰਾਜ਼ ਨੇਤਾਵਾਂ ਕਾਰਨ ਅਕਾਲੀ ਦਲ ਦਾ ਵੋਟ ਬੈਂਕ ਡਿੱਗਿਆ ਤਾਂ ਉਹ ਨੁਕਸਾਨਦੇਹ ਹੋਵੇਗਾ। ਇਸ ਤੋਂ ਇਲਾਵਾ ਉਮੀਦਵਾਰ ਦੀ ਕੰਜੂਸੀ ਕਾਰਨ ਭਾਜਪਾ ਦੇ ਕਈ ਨੇਤਾ ਤੇ ਵਰਕਰ ਖੁੱਲ੍ਹ ਕੇ ਅਕਾਲੀ ਦਲ ਦੇ ਨਾਲ ਨਹੀਂ ਚੱਲੇ।
ਪਾਰਟੀ ਦੇ ਸੂਤਰਾਂ ਦੀ ਮੰਨੀਏ ਤਾਂ ਜਿਸ ਤਰ੍ਹਾਂ ਕਈ ਬੈਠਕਾਂ 'ਚ ਭਾਜਪਾਈਆਂ ਨੇ ਖੁੱਲ੍ਹ ਕੇ ਅਕਾਲੀ ਦਲ ਦੇ ਉਮੀਦਵਰ ਦੀ ਖਰਚੇ ਦੇ ਨਾਂ 'ਤੇ ਨਿਖੇਧੀ ਕੀਤੀ, ਉਸ ਹਾਲ 'ਚ ਜੇ ਭਾਜਪਾਈ ਤੇ ਨਾਰਾਜ਼ ਅਕਾਲੀ ਵਰਕਰਾਂ ਨੇ ਆਪਣੇ ਉਮੀਦਵਾਰ ਦਾ ਪੋਲਿੰਗ ਦੌਰਾਨ ਖੁੱਲ੍ਹ ਕੇ ਸਾਥ ਨਹੀਂ ਦਿੱਤਾ ਹੋਵੇਗਾ ਤਾਂ ਇਸ ਦਾ ਅਸਰ ਪਾਰਟੀ ਦੇ ਨਤੀਜਿਆਂ 'ਚ ਦੇਖਣ ਨੂੰ ਮਿਲ ਸਕਦਾ ਹੈ।

ਗੱਲ 'ਆਪ' ਦੀ ਕਰੀਏ ਤਾਂ 'ਯਹਾਂ ਤੋਂ ਅਪਨੇ ਹੀ ਗਿਰਾਤੇ ਹੈਂ ਮਨ ਪੇ ਬਿਜਲੀਆਂ' ਵਾਲਾ ਗੀਤ ਵੱਜਦਾ ਸੁਣਾਈ ਦਿੰਦਾ ਹੈ। ਰਿਟਾ. ਜਸਟਿਸ ਜ਼ੋਰਾ ਸਿੰਘ ਨੂੰ ਤਾਂ ਆਪਣੇ ਪਾਰਟੀ ਦੇ ਨੇਤਾਵਾਂ ਨੇ ਹੀ ਗਲਤ ਟਰੈਕ 'ਤੇ ਚਲਾ ਰੱਖਿਆ, ਜਿਸ ਕਾਰਨ ਨਾ ਤਾਂ ਪਾਰਟੀ ਦਾ ਪੂਰੇ ਹਲਕੇ 'ਚ ਸਹੀ ਤਰੀਕੇ ਨਾਲ ਪ੍ਰਚਾਰ ਹੋ ਸਕਿਆ ਤੇ ਨਾ ਹੀ ਫੰਡਿੰਗ ਹੀ ਸਹੀ ਤਰੀਕੇ ਨਾਲ ਵਰਤੋਂ 'ਚ ਆ ਸਕੀ। ਹਾਲ ਇੰਨਾ ਮਾੜਾ ਰਿਹਾ ਕਿ ਪਾਰਟੀ ਸੂਤਰਾਂ ਦੀ ਮੰਨੀਏ ਤਾਂ 'ਆਪ' ਨੂੰ ਆਪਣੇ ਉਮੀਦਵਾਰ ਦੇ ਹੱਕ 'ਚ ਬੂਥ ਲਾਉਣ ਲਈ ਵੀ ਪੈਸੇ ਖਰਚ ਕਰਨੇ ਪੈ ਰਹੇ ਸਨ। ਅਜਿਹੇ 'ਚ ਪਾਰਟੀ ਦਾ ਨਤੀਜਾ ਕਿੰਨਾ ਵਧੀਆ ਹੋਵੇਗਾ, ਇਹ ਸਵਾਲੀਆ ਨਿਸ਼ਾਨਾਂ 'ਚ ਘਿਰਿਆ ਹੋਇਆ ਹੈ।

ਬਸਪਾ ਦਾ ਪ੍ਰਚਾਰ ਪਿਛਲੀਆਂ ਚੋਣਾਂ ਦੇ ਮੁਕਾਬਲੇ ਕਾਫੀ ਮਜ਼ਬੂਤ ਦਿਖਾਈ ਦਿੱਤਾ ਪਰ ਆਪਣੇ ਸੀਮਤ ਵੋਟ ਬੈਂਕ ਕਾਰਨ ਅਤੇ ਮਾਇਆਵਤੀ ਦੀ ਤਾਨਾਸ਼ਾਹੀ ਵਾਲੇ ਫੈਸਲਿਆਂ ਕਾਰਨ ਉਹ ਆਪਣੀ ਪੱਕੀ ਵੋਟ ਹੀ ਹਾਸਲ ਕਰਦੀ ਦਿਖਾਈ ਦੇ ਰਹੀ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਜਿਵੇਂ ਪਹਿਲੀਆਂ ਚੋਣਾਂ ਦੇ ਕੁਝ ਸਮਾਂ ਪਹਿਲਾਂ ਬਸਪਾ ਵੋਟ ਬੈਂਕ 'ਤੇ ਕੋਈ ਨਾ ਕੋਈ ਵੱਡੀ ਪਾਰਟੀ ਸੈਟਿੰਗ ਨਾਲ ਕਬਜ਼ਾ ਕਰਨ 'ਚ ਸਫਲ ਰਹੀ ਹੈ ਇਸ ਵਾਰ ਅਜਿਹਾ ਘੱਟ ਹੋਇਆ ਹੈ, ਜਿਸ ਕਾਰਨ ਬਸਪਾ ਉਮੀਦਵਾਰ ਦਾ ਵੋਟ ਬੈਂਕ ਵਧ ਸਕਦਾ ਹੈ ਪਰ ਇਸ ਨੂੰ ਜਿੱਤ 'ਚ ਬਦਲਣਾ ਆਸਾਨ ਨਹੀਂ ਹੋਵੇਗਾ।


shivani attri

Content Editor

Related News