ਗਊ ਮਾਸ ਫੈਕਟਰੀ ਹੱਤਿਆਕਾਂਡ ਮਾਮਲਾ: ਪੁਲਸ ਨੇ ਇੱਕ ਹੋਰ ਮਾਸਟਰਮਾਈਂਡ ਨੂੰ ਯੂਪੀ ਤੋਂ ਕੀਤਾ ਗ੍ਰਿਫ਼ਤਾਰ
Wednesday, Jul 09, 2025 - 08:09 AM (IST)

ਫਗਵਾੜਾ (ਜਲੋਟਾ) : ਫਗਵਾੜਾ ਦੇ ਬਹੁਚਰਚਿਤ ਗਊ ਮਾਸ ਫੈਕਟਰੀ ਹੱਤਿਆਕਾਂਡ ਮਾਮਲੇ ਵਿੱਚ ਫਗਵਾੜਾ ਪੁਲਸ ਵੱਲੋਂ ਇੱਕ ਹੋਰ ਮਾਸਟਰਮਾਈਂਡ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਅੱਜ ਦੇਰ ਰਾਤ ਐੱਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਬਿਆਨ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਮਾਮਲੇ ਦੀ ਜਾਂਚ ਕਰ ਰਹੀ ਸਿਟੀ ਪੁਲਸ ਫਗਵਾੜਾ ਦੀ ਟੀਮ ਨੇ ਉੱਤਰ ਪ੍ਰਦੇਸ਼ 'ਚ ਛਾਪੇਮਾਰੀ ਕਰਦੇ ਹੋਏ ਗਊ ਮਾਸ ਹੱਤਿਆਕਾਂਡ ਦੇ ਇੱਕ ਹੋਰ ਮਾਸਟਰਮਾਈਂਡ ਜਿਸ ਦੀ ਪਛਾਣ ਤਾਸਿਮ ਪੁੱਤਰ ਮਹਿਮੂਦ ਵਾਸੀ ਗਾਜ਼ੀਆਬਾਦ ਜ਼ਿਲ੍ਹਾ ਹਾਪੁੜ, ਉੱਤਰ ਪ੍ਰਦੇਸ਼ ਹੋਈ ਹੈ, ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਸ਼ਰੇਆਮ ਹੋਏ ਨੌਜਵਾਨ ਦੇ ਕਤਲ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ
ਐੱਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਜਾਣਕਾਰੀ ਦਿੱਤੀ ਹੈ ਕਿ ਗ੍ਰਿਫਤਾਰ ਤਾਸਿਮ ਫਗਵਾੜਾ ਦੇ ਵਸਨੀਕ ਅਤੇ ਗਊ ਮਾਸ ਹੱਤਿਆਕਾਂਡ ਦੇ ਮੁੱਖ ਦੋਸ਼ੀ ਵਜੋਂ ਪਹਿਲੇ ਤੋਂ ਗ੍ਰਿਫ਼ਤਾਰ ਵਿਜੇ ਕੁਮਾਰ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 11 ਬਸੰਤ ਨਗਰ ਫਗਵਾੜਾ ਦਾ ਪਾਰਟਨਰ ਹੈ। ਉਹਨਾਂ ਦੱਸਿਆ ਕਿ ਦੋਸ਼ੀ ਤਾਸਿਮ ਨੂੰ ਪੁਲਸ ਨੇ ਅਦਾਲਤ 'ਚ ਪੇਸ਼ ਕਰਕੇ 2 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ ਜਿਸ ਤੋਂ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐੱਸਪੀ ਭੱਟੀ ਨੇ ਦਾਅਵਾ ਕੀਤਾ ਹੈ ਕਿ ਦੋਸ਼ੀ ਤਾਸਿਮ ਖਿਲਾਫ ਇਸ ਤੋਂ ਪਹਿਲਾਂ ਵੀ ਗਊਆਂ ਦੀ ਹੱਤਿਆ ਕਰਨ ਸਬੰਧੀ ਥਾਣਾ ਸਿਟੀ ਫਾਜਿਲਕਾ ਪੰਜਾਬ, ਉੱਤਰ ਪ੍ਰਦੇਸ਼ ਦੇ ਥਾਣਾ ਹਾਪੁੜ ਨਗਰ ਜ਼ਿਲ੍ਹਾ ਹਾਪੁੜ, ਥਾਣਾ ਛਾਤਾ ਅਤੇ ਹਰਿਆਣਾ ਦੇ ਥਾਣਾ ਡਿੰਗ ਜ਼ਿਲ੍ਹਾ ਸਿਰਸਾ ਵਿਖੇ ਪੁਲਸ ਵੱਲੋਂ ਗਊ ਹੱਤਿਆ ਕਰਨ ਦੇ 4 ਪੁਲਸ ਕੇਸ ਦਰਜ ਹਨ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਤਾਸਿਮ ਹਾਲੇ ਤੱਕ ਬਹੁਤ ਵੱਡੀ ਗਿਣਤੀ 'ਚ ਗਊਆਂ ਦੀ ਹੱਤਿਆ ਕਰਨ 'ਚ ਸ਼ਾਮਲ ਰਿਹਾ ਹੈ। ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8