ਪ੍ਰਾਪਰਟੀ ਟੈਕਸ ਨੂੰ ਲੈ ਕੇ ਵੱਡੀ ਖ਼ਬਰ: ਨੁਕਸਾਨ ਤੋਂ ਬਚਣਾ ਹੈ ਤਾਂ ਜਲਦ ਕਰ ਲਓ ਇਹ ਕੰਮ
Tuesday, Jul 08, 2025 - 11:15 PM (IST)

ਬਠਿੰਡਾ (ਵਿਜੇ ਵਰਮਾ) - ਸ਼ਹਿਰ ਦੇ ਲੋਕਾਂ ਨੂੰ 31 ਜੁਲਾਈ ਤਕ ਪ੍ਰਾਪਰਟੀ ਟੈਕਸ ਭਰਨ ’ਤੇ ਲਾਭ ਮਿਲੇਗਾ ਪਰ ਬਾਅਦ ਵਿਚ ਪ੍ਰਾਪਰਟੀ ਟੈਕਸ ਭਰਨ ’ਤੇ ਨੁਕਸਾਨ ਸਹਿਣਾ ਪਵੇਗਾ, ਜਿਸ ਵਿਚ ਵਿਆਜ ਅਤੇ ਜੁਰਮਾਨਾ ਭਰਨਾ ਪਵੇਗਾ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ 31 ਜੁਲਾਈ ਤਕ ‘ਵਨ ਟਾਈਮ ਸੈਟਲਮੈਂਟ’ ਸਕੀਮ ਜਾਰੀ ਕੀਤੀ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਸ਼ਹਿਰ ਵਾਸੀਆਂ ਨੂੰ ਓ. ਟੀ. ਐੱਸ. ਸਕੀਮ ਦਾ ਲਾਭ ਉਠਾਉਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ 31 ਜੁਲਾਈ ਤਕ ਪ੍ਰਾਪਰਟੀ ਟੈਕਸ ਭਰਨ ’ਤੇ ਕੋਈ ਵਿਆਜ ਅਤੇ ਜੁਰਮਾਨਾ ਨਹੀਂ ਦੇਣਾ ਪਵੇਗਾ ਅਤੇ ਉਸ ਤੋਂ ਬਾਅਦ ਪ੍ਰਾਪਰਟੀ ਟੈਕਸ ’ਤੇ 20 ਫੀਸਦੀ ਵਿਆਜ ਅਤੇ 18 ਫੀਸਦੀ ਜੁਰਮਾਨਾ ਭਰਨਾ ਪਵੇਗਾ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਨੁਕਸਾਨ ਹੋਵੇਗਾ। ਇਸ ਦੌਰਾਨ ਉਨ੍ਹਾਂ ਨਾਲ ਸਲਾਹਕਾਰ ਸ਼ਾਮਲਾਲ ਜੈਨ ਅਤੇ ਸੁਪਰਡੈਂਟ ਪ੍ਰਦੀਪ ਮਿੱਤਲ ਮੌਜੂਦ ਸਨ।
ਮੇਅਰ ਮਹਿਤਾ ਨੇ ਕਿਹਾ ਕਿ ਸਾਲ 2024-25 ਵਿਚ ਅਪ੍ਰੈਲ ਤੋਂ 30 ਜੂਨ ਤਕ 2 ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ ਇਕੱਠਾ ਕੀਤਾ ਗਿਆ ਸੀ, ਜਦੋਂ ਕਿ ਇਸ ਵਾਰ ਸਾਲ 2025-26 ਵਿਚ ਅਪ੍ਰੈਲ ਤੋਂ 30 ਜੂਨ ਤਕ ਓ. ਟੀ. ਐੱਸ. ਸਕੀਮ ਤਹਿਤ 3 ਕਰੋੜ 8 ਲੱਖ ਰੁਪਏ ਦਾ ਪ੍ਰਾਪਰਟੀ ਟੈਕਸ ਇਕੱਠਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਪ੍ਰੈਲ ਤੋਂ 30 ਜੂਨ ਤਕ ਵਿਆਜ ਅਤੇ ਜੁਰਮਾਨੇ ਸਮੇਤ 2 ਕਰੋੜ ਪ੍ਰਾਪਰਟੀ ਟੈਕਸ ਇਕੱਠਾ ਕੀਤਾ ਗਿਆ ਸੀ ਪਰ ਇਸ ਵਾਰ ਵਿਆਜ ਅਤੇ ਜੁਰਮਾਨੇ ਤੋਂ ਬਿਨਾਂ 1 ਕਰੋੜ 8 ਲੱਖ ਰੁਪਏ ਦਾ ਪ੍ਰਾਪਰਟੀ ਟੈਕਸ ਹੋਰ ਇਕੱਠਾ ਕੀਤਾ ਗਿਆ ਹੈ, ਜੋ ਕਿ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੀ ਟੀਮ ਦੀ ਮਿਹਨਤ ਅਤੇ ਸ਼ਹਿਰ ਵਾਸੀਆਂ ਦੀ ਜਾਗਰੂਕਤਾ ਦਾ ਸਬੂਤ ਹੈ।
ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ’ਚ 47454 ਯੂਨਿਟਾਂ ਵੱਲੋਂ ਪ੍ਰਾਪਰਟੀ ਟੈਕਸ ਦਾ ਭੁਗਤਾਨ ਕੀਤਾ ਜਾਂਦਾ ਹੈ, ਜਿਸ ’ਚੋਂ ਹੁਣ ਤਕ 9945 ਯੂਨਿਟਾਂ ਵੱਲੋਂ ਪ੍ਰਾਪਰਟੀ ਟੈਕਸ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ, ਜਦੋਂ ਕਿ 31 ਜੁਲਾਈ ਤਕ ਹੋਰ ਪ੍ਰਾਪਰਟੀ ਟੈਕਸ ਇਕੱਠਾ ਹੋਣ ਦੀ ਉਮੀਦ ਹੈ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵਨ ਟਾਈਮ ਸੈਟਲਮੈਂਟ ਸਕੀਮ ਦਾ ਪੂਰਾ ਲਾਭ ਲੈਣ, ਕਿਉਂਕਿ 31 ਜੁਲਾਈ, 2025 ਤੋਂ ਬਾਅਦ, 31 ਅਕਤੂਬਰ, 2025 ਤਕ ਪ੍ਰਾਪਰਟੀ ਟੈਕਸ ’ਤੇ 9 ਫੀਸਦੀ ਵਿਆਜ ਅਤੇ 10 ਫੀਸਦੀ ਜੁਰਮਾਨਾ ਲਗਾਇਆ ਜਾਵੇਗਾ। ਮਹਿਤਾ ਨੇ ਕਿਹਾ ਕਿ 31 ਅਕਤੂਬਰ ਤੋਂ ਬਾਅਦ, ਰੁਟੀਨ ਅਨੁਸਾਰ, ਪ੍ਰਾਪਰਟੀ ਟੈਕਸ ’ਤੇ 18 ਫੀਸਦੀ ਵਿਆਜ ਅਤੇ 20 ਫੀਸਦੀ ਜੁਰਮਾਨਾ ਲਗਾਇਆ ਜਾਵੇਗਾ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਨੁਕਸਾਨ ਹੋਵੇਗਾ।
ਦਫਤਰ 12, 19 ਅਤੇ 26 ਜੁਲਾਈ ਨੂੰ ਵੀ ਖੁੱਲ੍ਹਾ ਰਹੇਗਾ
ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ, ਜਾਇਦਾਦ ਕਰ ਵਿਭਾਗ ਵੱਲੋਂ ਹੁਣ 31 ਜੁਲਾਈ ਤਕ ਸ਼ਨੀਵਾਰ ਨੂੰ ਦਫ਼ਤਰ ਖੁੱਲ੍ਹਾ ਰੱਖਿਆ ਜਾਵੇਗਾ, ਤਾਂ ਜੋ ਸ਼ਹਿਰ ਵਾਸੀ ਜੋ ਕੰਮ ’ਚ ਰੁਝੇ ਹੋਏ ਹਨ, ਉਹ ਸ਼ਨੀਵਾਰ ਨੂੰ ਜਾਇਦਾਦ ਟੈਕਸ ਦਾ ਭੁਗਤਾਨ ਕਰ ਸਕਣ ਅਤੇ 31 ਜੁਲਾਈ ਤਕ ਓ. ਟੀ. ਐੱਸ. ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਭਾਵੇਂ ਸ਼ਨੀਵਾਰ ਛੁੱਟੀ ਹੈ ਪਰ ਸ਼ਹਿਰ ਵਾਸੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਦੇਣ ਲਈ, ਦਫਤਰ ਸ਼ਨੀਵਾਰ ਯਾਨੀ 12 ਜੁਲਾਈ, 19 ਜੁਲਾਈ ਅਤੇ 26 ਜੁਲਾਈ ਨੂੰ ਖੁੱਲ੍ਹਾ ਰਹੇਗਾ।