ਵੋਟ ਪਾਉਣ ਸਮੇਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ''ਤੇ ਅਪਲੋਡ ਕਰਨ ਵਾਲਾ ਨਾਮਜ਼ਦ

05/20/2019 6:35:33 PM

ਮੇਹਟੀਆਣਾ (ਸੰਜੀਵ)— ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਥਾਣਾ ਮੇਹਟੀਆਣਾ ਦੀ ਪੁਲਸ ਨੇ ਇਕ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਰਾਮਜੀ ਦਾਸ ਪੁੱਤਰ ਕਰਤਾਰਾ ਰਾਮ ਵਾਸੀ ਬਜਰੂਰ, ਜ਼ਿਲਾ ਰੋਪੜ ਨੇ ਦੱਸਿਆ ਕਿ ਉਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬੂਥ ਨੰਬਰ 043 ਪਿੰਡ ਸਿੰਬਲੀ ਵਿਖੇ ਬਤੌਰ ਪ੍ਰੀਜ਼ਾਈਡਿੰਗ ਅਫਸਰ ਤਾਇਨਾਤ ਸੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸੁਰਜੀਤ ਸਿੰਘ ਵਾਸੀ ਸਿੰਬਲੀ ਨੇ ਆਪਣੀ ਵੋਟ ਪਾਉਣ ਸਮੇਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਵੱਲੋਂ ਸੋਸ਼ਲ ਮੀਡੀਆ 'ਤੇ ਅਪਲੋਡ ਵੀਡੀਓ 'ਚ ਈ. ਵੀ. ਐੱਮ. ਮਸ਼ੀਨ ਦਾ ਨੰਬਰ ਅਤੇ ਬੂਥ ਨੰ. 043 ਨੂੰ ਅਲਾਟ ਹੋਈ ਮਸ਼ੀਨ ਦਾ ਨੰਬਰ ਹੈ। ਉਨ੍ਹਾਂ ਦੱਸਿਆ ਕਿ ਇਹ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਹੈ। ਥਾਣਾ ਮੇਹਟੀਆਣਾ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਉਕਤ ਕਥਿਤ ਦੋਸ਼ੀ ਖਿਲਾਫ ਧਾਰਾ 126, 135 ਆਈ. ਪੀ. ਸੀ., ਰੀਪ੍ਰੈਜ਼ੈਂਟੇਸ਼ਨ ਆਫ ਪਿਊਪਲ ਐਕਟ-1951 ਅਤੇ 69-ਏ ਇਨਫਾਰਮੇਸ਼ਨ ਟੈਕਨਾਲੋਜੀ ਐਕਟ-2000 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


shivani attri

Content Editor

Related News