ਡੇਂਗੂ ਦੀ ਢਿਲਵਾਂ ’ਚ ਦਸਤਕ, 3 ਕੇਸ ਆਏ ਸਾਹਮਣੇ

11/02/2018 2:12:28 AM

ਢਿਲਵਾਂ,  (ਜਗਜੀਤ)-  ਢਿਲਵਾਂ ਇਲਾਕੇ ’ਚ ਡੇਂਗੂ ਨੇ ਦਸਤਕ ਦੇ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਢਿਲਵਾਂ ਇਲਾਕੇ ਵਿਚ ਡੇਂਗੂ ਦੇ ਤਿੰਨ ਕੇਸ ਸਾਹਮਣੇ ਆਏ ਹਨ, ਜੋ ਵੱਖ–ਵੱਖ ਹਸਪਤਾਲਾਂ ’ਚ ਆਪਣਾ ਇਲਾਜ ਕਰਵਾ ਰਹੇ ਹਨ। ਡੇਂਗੂ ਦੇ ਮਾਮਲੇ ਸਾਹਮਣੇ ਆਉਣ ਨੂੰ ਸਫਾਈ ਦੇ ਪ੍ਰਬੰਧਾਂ ਅਤੇ ਸਰਕਾਰੀ ਮੁੱਢਲਾ ਸਿਹਤ ਕੇਂਦਰ ਢਿਲਵਾਂ ਵੱਲੋਂ ਡੇਂਗੂ ਦੀ ਬੀਮਾਰੀ ਤੋਂ ਬਚਾਅ ਲਈ ਕੀਤੇ ਜਾਂਦੇ ਪ੍ਰਬੰਧਾਂ ਨਾਲ ਜੋਡ਼ ਕੇ ਦੇਖਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਵਿਚ ਸੰਜੀਦਗੀ ਨਾਲ ਧਿਆਨ ਨਾ ਦਿੱਤਾ ਗਿਆ ਤਾਂ ਡੇਂਗੂ ਦੀ ਬੀਮਾਰੀ ਇਲਾਕੇ ਭਰ ਵਿਚ ਫੈਲ ਸਕਦੀ ਹੈ। 
ਲੋਕਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਵੱਡੇ-ਵੱਡੇ ਦਾਅਵੇ ਤਾਂ ਕਰ ਰਿਹਾ ਹੈ। ਪਰੰਤੂ ਇਹ ਦਾਅਵੇ ਕਿਤੇ ਹਵਾ ਵਿਚ ਹੀ ਤਾਂ ਨਹੀਂ? ਇਸ ਤੋਂ ਇਲਾਵਾ ਲੋਕ ਸਥਾਨਕ ਕਸਬੇ ਵਿਚ ਵੀ ਸਫਾਈ ਦੇ ਪ੍ਰਬੰਧਾਂ ’ਤੇ ਸਵਾਲ ਖਡ਼੍ਹੇ ਕਰ ਰਹੇ ਹਨ। ਕੂਡ਼ਾ ਆਦਿ ਵੀ ਸਮੇਂ ਸਿਰ ਨਹੀਂ ਚੁੱਕਿਆ ਜਾਂਦਾ ਤੇ ਨਾ ਹੀ ਫੌਗਿੰਗ  ਲਗਾਤਾਰ ਕਰਵਾਈ ਜਾ ਰਹੀ ਹੈ, ਜਿਸ ਕਾਰਨ ਡੇਂਗੂ ਅਤੇ ਹੋਰ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਡੇਂਗੂ ਤੋਂ ਬਚਾਅ ਲਈ ਪ੍ਰਬੰਧਾਂ ’ਚ ਕੋਈ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ : ਐੱਸ. ਐੱਮ. ਓ.
ਇਸ ਸਬੰਧੀ ਜਦ ਐੱਸ. ਐੱਮ. ਓ. ਢਿਲਵਾਂ ਸ਼੍ਰੀਮਤੀ ਜਸਵਿੰਦਰ ਕੁਮਾਰੀ ਨਾਲ ਫ਼ੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੁੱਢਲਾ ਸਿਹਤ ਕੇਂਦਰ ਅਧੀਨ ਆਉਂਦੇ ਚੂਹਡ਼ਵਾਲ ਚੁੰਗੀ ਤੋਂ ਇਕ ਡੇਂਗੂ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਇਲਾਜ ਸਿਵਲ ਹਸਪਤਾਲ ਕਪੂਰਥਲ਼ਾ ਵਿਖੇ ਅਤੇ ਦੋ ਮਰੀਜ਼ ਥੇਹ ਕਾਂਜਲਾ ਤੋਂ ਐੱਸ. ਜੀ. ਐੱਲ. ਸੁਭਾਨਪੁਰ ਵਿਖੇ ਜ਼ੇਰੇ-ਇਲਾਜ ਹਨ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਪ੍ਰਬੰਧਾਂ ਵਿਚ ਅਤੇ ਸਫਾਈ ਸਬੰਧੀ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ।


Related News