ਭਾਰਤ ਦੇ ਅਤਿ ਲੋੜੀਂਦੇ ਦਲ ਖਾਲਸਾ ਦੇ ਬਾਨੀ ਗਜਿੰਦਰ ਸਿੰਘ ਦਾ ਲਾਹੌਰ ਦੇ ਹਸਪਤਾਲ ‘ਚ ਦਿਹਾਂਤ
Thursday, Jul 04, 2024 - 09:25 PM (IST)
ਲਾਹੌਰ - ਭਾਰਤ ਦੇ ਅਤਿ ਲੋੜੀਂਦੇ ਦਲ ਖਾਲਸਾ ਦੇ ਬਾਨੀ ਗਜਿੰਦਰ ਸਿੰਘ (73) ਦਾ ਲਾਹੌਰ ਦੇ ਹਸਪਤਾਲ ‘ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗਜਿੰਦਰ ਦੇ ਨਜਦੀਕੀ ਉਸ ਦੇ ਮਰਨ 'ਤੇ ਪਾਕਿ ਏਜੰਸੀਆਂ ਨੂੰ ਦੋਸ਼ੀ ਦੱਸ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਦੇ ਵੱਧ ਰਹੇ ਪ੍ਰਭਾਵ ਅਤੇ ਪਾਕਿ ਦੀਵਾਲਿਆਂ ਹੋਣ ਦੇ ਕਾਰਨ ਪਾਕਿ ਏਜੰਸੀਆਂ ਹੁਣ ਹੌਲੀ-ਹੌਲੀ ਖਾਲਿਸਤਾਨੀ ਲੋਕਾਂ ਦਾ ਭਾਰ ਨਾ ਚੁੱਕਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਮਾਰ ਰਹੀਆਂ ਹਨ। ਸੂਤਰਾਂ ਮੁਤਾਬਕ ਦਿਲ ਦਾ ਦੌਰਾ ਪੈਣ ਤੋਂ ਬਾਅਦ ਗਜਿੰਦਰ ਸਿੰਘ ਨੂੰ ਆਈ.ਐਸ.ਆਈ ਅਧਿਕਾਰੀਆਂ ਨੇ ਭਾਰੀ ਸੁਰੱਖਿਆ ਅਧੀਨ ਲਾਹੌਰ ਦੇ ਹਸਪਤਾਲ ਵਿੱਚ ਦਾਖਲ ਕੀਤਾ ਸੀ। ਭਾਈ ਗਜਿੰਦਰ ਸਿੰਘ ਜਲਦੀ ਤੰਦਰੁਸਤ ਹੋ ਰਹੇ ਸਨ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਬਾਅਦ ਹਸਪਤਾਲ ਵਿੱਚ ਉਨ੍ਹਾਂ ਨੂੰ ਬਣਾਉਟੀ ਸਾਹ ਤੇ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪਾਕਿ ਏਜੰਸੀਆਂ ਨੇ ਬੜੇ ਗੁਪਤ ਤਰੀਕੇ ਨਾਲ ਗਜਿੰਦਰ ਸਿੰਘ ਦਾ ਸੰਸਕਾਰ ਕੀਤਾ ਉਸ ਸਮੇਂ ਏਜੰਸੀਆਂ ਦੇ ਉੱਚ ਅਧਿਕਾਰੀ ਤੋਂ ਇਲਾਵਾ ਗ੍ਰੰਥੀ ਸਿੰਘ ਹੀ ਮੌਜੂਦ ਦੱਸਿਆ ਜਾ ਰਿਹਾ ਹੈ।
ਗਜਿੰਦਰ ਸਿੰਘ 29 ਸਤੰਬਰ 1981 ਵਿੱਚ ਦਲ ਖਾਲਸਾ ਦੇ ਮੈਂਬਰਾਂ ਨਾਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆ ਦੀ ਗ੍ਰਿਫ਼ਤਾਰੀ ਦੇ ਰੋਸ ਵਿੱਚ ਏਅਰ ਇੰਡਿਆ ਦਾ ਜਹਾਜ਼ ਅਗਵਾ ਕਰਕੇ ਲਾਹੌਰ ਲੈ ਗਿਆ ਸੀ, ਜਿੱਥੇ ਉਸ ਨੂੰ ਅਤੇ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 13 ਸਾਲ 4 ਮਹਿਨੇ ਦੀ ਕੈਦ ਤੋਂ ਬਾਅਦ, ਗਜਿੰਦਰ ਸਿੰਘ ਨੇ ਪਾਕਿਸਤਾਨ ਵਿੱਚ ਹੀ ਰਹਿਣ ਦਾ ਮਨ ਬਣਾ ਲਿਆ। 1970 ਵਿੱਚ ਡੇਰਾ ਬੱਸੀ ਵਿੱਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਲਸੇ ਦੌਰਾਨ ਮੂੰਹ 'ਤੇ ਪਰਚੇ ਸੁੱਟਣ ਕਾਰਨ ਪੁਲਸ ਤਸੱਦਦ ਦਾ ਸ਼ਿਕਾਰ ਹੋਣ ਕਾਰਨ ਚਰਚਾ ਵਿੱਚ ਰਿਹਾ ਅਤੇ 1975 ਵਿੱਚ “ਪੰਜ ਤੀਰ ਹੋਰ” ਅਤੇ ਭਾਰਤ ਸਰਕਾਰ ਵੱਲੋਂ ਦੇਸ਼ ਵਿਰੋਧੀ ਹੋਣ ਕਾਰਣ ਪਾਬੰਦੀ ਲਾ ਦਿੱਤੀ ਗਈ ਸੀ।
ਭਾਰਤ ਸਰਕਾਰ ਵੱਲੋਂ ਗਜਿੰਦਰ ਸਿੰਘ ਦਾ 20 ਅਤਿ ਲੋੜੀਂਦੇ ਅੱਤਵਾਦੀ ਵਿਅਕਤੀਆਂ ਦੀ ਸੂਚੀ ਵਿੱਚ ਨਾਮ ਸ਼ਾਮਲ ਕੀਤਾ ਗਿਆ ਸੀ। 2018 ਵਿੱਚ ਉਸ ਦੀ ਪਤਨੀ ਮਨਜੀਤ ਕੋਰ ਦੀ ਇਲਾਜ ਅਧੀਨ ਜਰਮਨ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਲਾਹੌਰ ਸ਼ਹਿਰ ਵਿੱਚ ਪਹਿਲਾ ਵੀ ਅਣਪਛਾਤੇ ਮੋਟਰ ਸਾਇਕਲ ਸਵਾਰਾਂ ਵੱਲੋਂ ਹਰਪ੍ਰੀਤ ਸਿੰਘ ਪੀ.ਐਚ.ਡੀ, ਪਰਮਜੀਤ ਸਿੰਘ ਪੰਜਵੜ ਸਮੇਤ ਭਾਰਤ ਲਈ ਲੋੜੀਂਦੇ ਅਨੇਕਾਂ ਕਸ਼ਮੀਰੀ ਅੱਤਵਾਦੀ ਗੋਲੀਆਂ ਨਾਲ ਮਾਰੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕੋਈ ਵੀ ਅਦਾਰਾ ਅਤੇ ਗਜਿੰਦਰ ਸਿੰਘ ਦਾ ਪਰਿਵਾਰ ਉਸ ਦੀ ਮੌਤ ਦੀ ਪੁਸ਼ਟੀ ਕਰਨ ਦੀ ਹਾਮੀ ਭਰਨ ਨੂੰ ਤਿਆਰ ਨਹੀਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e