ਨੋਇਡਾ ਦੀ ਕੰਪਨੀ ਦੀਆਂ ਕਿਤਾਬਾਂ ਫੋਟੋਸਟੇਟ ਕਰਕੇ ਵੇਚਣ ’ਤੇ ਕਿਰਨ ਬੁੱਕ ਡਿਪੂ ਦਾ ਮਾਲਕ ਗ੍ਰਿਫ਼ਤਾਰ

04/01/2022 3:28:56 PM

ਜਲੰਧਰ (ਜ. ਬ.)– ਨੋਇਡਾ ਆਧਾਰਿਤ ਕੰਪਨੀ ਪੀ. ਐੱਮ. ਪਬਲਿਸ਼ਰਜ਼ ਪ੍ਰਾਈਵੇਟ ਲਿਮਟਿਡ ਦੀਆਂ ਕਿਤਾਬਾਂ ਫੋਟੋਸਟੇਟ ਕਰਕੇ ਵਿਦਿਆਰਥੀਆਂ ਨੂੰ ਵੇਚਣ ਵਾਲੇ ਕਿਰਨ ਬੁੱਕ ਡਿਪੂ ਦੇ ਮਾਲਕ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਿਰਨ ਬੁੱਕ ਡਿਪੂ ਦੇ ਮਾਲਕ ਕਿਰਨ ਆਨੰਦ ਖ਼ਿਲਾਫ਼ 29 ਮਾਰਚ ਨੂੰ ਕਾਪੀਰਾਈਟ ਐਕਟ 1957, 63, ਕਾਪੀਰਾਈਟ 1957, 65 ਅਤੇ 420 ਆਈ. ਪੀ. ਸੀ. ਧਾਰਾ ਅਧੀਨ ਕੇਸ ਦਰਜ ਕੀਤਾ ਗਿਆ ਸੀ, ਜਦੋਂ ਕਿ ਉਸ ਕੋਲੋਂ 2 ਫੋਟੋਸਟੇਟ ਕਰਕੇ ਵੇਚਣ ਲਈ ਰੱਖੀਆਂ 2 ਕਿਤਾਬਾਂ ਵੀ ਬਰਾਮਦ ਕਰ ਲਈਆਂ ਗਈਆਂ ਹਨ।

ਥਾਣਾ ਨੰਬਰ 3 ਦੇ ਇੰਚਾਰਜ ਪਰਮਬੀਨ ਖਾਨ ਨੇ ਦੱਸਿਆ ਕਿ ਪੀ. ਐੱਮ. ਪਬਲਿਸ਼ਰਜ਼ ਲਿਮਟਿਡ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਕੰਪਨੀ ਦੇਸ਼ ਭਰ ਦੇ ਸਕੂਲਾਂ ਨਾਲ ਕਿਤਾਬਾਂ ਦੀ ਡੀਲਿੰਗ ਕਰਦੀ ਹੈ। ਉਨ੍ਹਾਂ ਵੱਲੋਂ ਪਬਲਿਸ਼ ਕੀਤੀਆਂ ਕਿਤਾਬਾਂ ਨੂੰ ਮਾਈ ਹੀਰਾਂ ਗੇਟ ਸਥਿਤ ਕਿਰਨ ਬੁੱਕ ਡਿਪੂ ਦਾ ਮਾਲਕ ਫੋਟੋਸਟੇਟ ਕਰਕੇ ਦੁਕਾਨ ਵਿਚ ਆਉਣ ਵਾਲੇ ਗਾਹਕਾਂ ਨੂੰ ਵੇਚ ਰਿਹਾ ਹੈ। ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਕਿ ਉਹ ਹੁਣ ਤੱਕ 9 ਹਜ਼ਾਰ ਦੇ ਲਗਭਗ ਕਿਤਾਬਾਂ ਫੋਟੋਸਟੇਟ ਕਰਕੇ ਵੇਚ ਚੁੱਕਾ ਹੈ, ਜਿਸ ਨਾਲ ਉਨ੍ਹਾਂ ਦੀ ਕੰਪਨੀ ਨੂੰ ਕਾਫੀ ਨੁਕਸਾਨ ਪੁੱਜਾ ਹੈ।
ਜਲੰਧਰ ਕਮਿਸ਼ਨਰੇਟ ਪੁਲਸ ਕੋਲ ਜਦੋਂ ਉਕਤ ਸ਼ਿਕਾਇਤ ਆਈ ਤਾਂ ਉਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪੁਲਸ ਨੇ ਕਿਰਨ ਆਨੰਦ ਖ਼ਿਲਾਫ਼ ਕੇਸ ਦਰਜ ਕਰ ਲਿਆ ਅਤੇ ਜਦੋਂ ਥਾਣਾ ਨੰਬਰ 3 ਦੀ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲਿਆ ਤਾਂ ਪੁਲਸ ਨੇ ਆਈ. ਟੀ. ਪਲੈਨੇਟ ਕਲਾਸ-6 ਅਤੇ ਆਈ. ਟੀ. ਪਲੈਨੇਟ ਕਲਾਸ-8 ਦੀਆਂ 2 ਫੋਟੋਸਟੇਟ ਕਾਪੀਆਂ ਬਰਾਮਦ ਕੀਤੀਆਂ।

ਇਹ ਵੀ ਪੜ੍ਹੋ: ਵਿਧਾਨ ਸਭਾ ਇਜਲਾਸ ’ਚ ਹੰਗਾਮਾ: ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸਦਨ ’ਚੋਂ ਕੱਢਿਆ ਬਾਹਰ

ਥਾਣਾ ਇੰਚਾਰਜ ਪਰਮਬੀਨ ਖਾਨ ਨੇ ਕਿਹਾ ਕਿ ਕਿਰਨ ਆਨੰਦ ਦੀ ਗ੍ਰਿਫ਼ਤਾਰੀ ਵਿਖਾ ਦਿੱਤੀ ਹੈ। ਪੁਲਸ ਸ਼ੁੱਕਰਵਾਰ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ ਤਾਂ ਕਿ ਪਤਾ ਲੱਗ ਸਕੇ ਕਿ ਉਸ ਨੇ ਅਜਿਹੀਆਂ ਹੋਰ ਕਿਹੜੀਆਂ-ਕਿਹੜੀਆਂ ਕਿਤਾਬਾਂ ਫੋਟੋਸਟੇਟ ਕਰਕੇ ਵੇਚੀਆਂ। ਪੁਲਸ ਦਾ ਕਹਿਣਾ ਹੈ ਕਿ ਜੇਕਰ ਇਸ ਕੰਮ ਵਿਚ ਕਿਰਨ ਆਨੰਦ ਦਾ ਕੋਈ ਸਾਥੀ ਵੀ ਮਿਲਿਆ ਹੋਇਆ ਹੋਵੇਗਾ ਤਾਂ ਉਸ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨਿਗਮ ਦੀ ਲਿਸਟ ’ਚ ਵੀ ਹੈ ਕਿਰਨ ਬੁੱਕ ਡਿਪੂ ਦਾ ਨਾਂ
ਜਲੰਧਰ (ਖੁਰਾਣਾ)–ਪੁਲਸ ਨੇ ਬੀਤੇ ਦਿਨ ਮਾਈ ਹੀਰਾਂ ਗੇਟ ਸਥਿਤ ਕਿਰਨ ਬੁੱਕ ਡਿਪੂ ਦੇ ਮਾਲਕ ਨੂੰ ਜਾਅਲੀ ਕਿਤਾਬ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ ਪਰ ਹੁਣ ਪਤਾ ਲੱਗਾ ਹੈ ਕਿ ਜਲੰਧਰ ਨਿਗਮ ਵੀ ਕਿਰਨ ਬੁੱਕ ਡਿਪੂ ’ਤੇ ਜਲਦ ਕਾਰਵਾਈ ਕਰਨ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਇਸ ਬੁੱਕ ਡਿਪੂ ਵੱਲੋਂ ਦੁਕਾਨ ਦੇ ਪਿੱਛੇ ਲੱਗਦੇ ਕੁਝ ਰਿਹਾਇਸ਼ੀ ਮਕਾਨਾਂ ਨੂੰ ਤੋੜ ਕੇ ਉਥੇ ਕਮਰਸ਼ੀਅਲ ਉਸਾਰੀਆਂ ਕੀਤੀਆਂ ਗਈਆਂ ਸਨ, ਜਿਸ ਕਾਰਨ ਨਿਗਮ ਨੇ ਉਥੇ 2 ਸੀਲਾਂ ਲਾਈਆਂ ਸਨ, ਜਿਨ੍ਹਾਂ ਨੂੰ ਤੋੜ ਦਿੱਤਾ ਗਿਆ।

ਇਹ ਵੀ ਪੜ੍ਹੋ: ਇਸ ਗੈਂਗਸਟਰ ਗਰੁੱਪ ਨੇ ਲਈ ਨਵਾਂਸ਼ਹਿਰ ’ਚ ਕਤਲ ਕੀਤੇ ਨੌਜਵਾਨ ਦੀ ਜ਼ਿੰਮੇਵਾਰੀ, ਫੇਸਬੁੱਕ ’ਤੇ ਪਾਈ ਪੋਸਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News