ਸੀ. ਆਈ. ਏ. ਸਟਾਫ ਨੇ ਸੁਪਾਰੀ ਕਿਲਿੰਗ ਗੈਂਗ ਦਾ ਮੈਂਬਰ ਕੀਤਾ ਕਾਬੂ

01/23/2020 2:17:54 PM

ਜਲੰਧਰ (ਸ਼ੋਰੀ)— ਪੈਸੇ ਲੈ ਕੇ ਲੋਕਾਂ ਦੀ ਹੱਤਿਆ ਅਤੇ ਉਸ ਦੇ ਹੱਥ-ਪੈਰ ਤੋੜਣ ਵਾਲੇ ਗੈਂਗ ਦੇ ਇਕ ਭਗੌੜੇ ਮੈਂਬਰ ਨੂੰ ਦਿਹਾਤ ਦੀ ਸੀ. ਆਈ. ਏ. ਟੀਮ ਨੇ ਕਾਬੂ ਕੀਤਾ ਹੈ। ਇੰਸਪੈਕਟਰ ਸ਼ਿਵ ਕੁਮਾਰ ਦੀ ਟੀਮ ਨੇ ਦੋਸ਼ੀ ਨੂੰ 1 ਪਿਸਤੌਲ ਅਤੇ 3 ਰੌਂਦ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕਰ ਲਈ ਹੈ। ਇਸ ਬਾਰੇ ਐੈੱਸ. ਪੀ. ਇਨਵੈਟੀਗੇਸ਼ਨ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਸਪੈਕਟਰ ਸ਼ਿਵ ਕੁਮਾਰ, ਏ. ਐੈੱਸ. ਆਈ. ਗੁਰਵਿੰਦਰ ਸਿੰਘ ਪੁਲਸ ਪਾਰਟੀ ਨਾਲ ਸਰਕਾਰੀ ਗੱਡੀ 'ਚ ਸਵਾਰ ਹੋ ਕੇ ਗਸ਼ਤ ਕਰ ਰਹੇ ਸਨ ਕਿ ਖੁਰਦਪੁਰ ਨਹਿਰ ਕੋਲ ਉਸ ਨੂੰ ਸੂਚਨਾ ਮਿਲੀ ਕਿ ਗੈਂਗਸਟਰ ਜਗਜੀਤ ਸਿੰਘ ਉਰਪ ਜੱਗਾ ਪੁੱਤਰ ਸਵ. ਜੋਗਿੰਦਰ ਸਿੰਘ ਨਿਵਾਸੀ ਪਿੰਡ ਚਖਿਆਰਾ ਥਾਣਾ ਆਦਮਪੁਰ ਜਿਸ ਨੇ 28.7.2013 ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਕਪੂਰਥਲਾ ਇਲਾਕੇ 'ਚ ਦੀਪਾ ਨਾਂ ਦੇ ਵਿਅਕਤੀ 'ਤੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ, ਜੋ ਕਿ ਪੁਲਸ ਨੂੰ ਲੋੜੀਂਦਾ ਹੈ ਅਤੇ 7 ਸਾਲ ਤੋਂ ਭਗੌੜਾ ਹੈ। ਉਸ ਖਿਲਾਫ ਸਿਟੀ ਕਪੂਰਥਲਾ 'ਚ ਧਾਰਾ 302 ਦਾ ਕੇਸ ਦਰਜ ਹੈ। ਉਸ ਕੋਲ ਇਕ ਦੇਸੀ ਪਿਸਤੌਲ ਵੀ ਹੈ ਅਤੇ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਘੁੰਮ ਰਿਹਾ ਹੈ।

ਪੁਲਸ ਨੇ ਸੂਚਨਾ ਦੇ ਆਧਾਰ 'ਤੇ ਨਾਜਾਇਜ਼ ਅਸਲਾ ਰੱਖਣ ਦਾ ਕੇਸ ਦਰਜ ਕਰਕੇ ਇੰਸਪੈਕਟਰ ਸ਼ਿਵ ਕੁਮਾਰ ਪੁਲਸ ਪਾਰਟੀ ਸਣੇ ਪਿੰਡ ਕਠਾਰ ਤੋਂ ਪਿੰਡ ਚਖਿਆਰਾ ਵੱਲ ਜਾ ਰਹੇ ਸਨ ਕਿ ਇਕ ਵਿਅਕਤੀ ਨੀਲੇ ਰੰਗ ਦੀ ਪੈਂਟ ਅਤੇ ਚੈੱਕਧਾਰ ਕਮੀਜ਼ ਪਹਿਨ ਕੇ ਪਿੰਡ ਕਠਾਰ ਵਲੋਂ ਆ ਰਿਹਾ ਸੀ। ਇੰਸਪੈਕਟਰ ਸ਼ਿਵ ਕੁਮਾਰ ਨੇ ਸ਼ੱਕ ਹੋਣ 'ਤੇ ਸਾਥੀਆਂ ਦੀ ਮਦਦ ਨਾਲ ਉਸ ਨੂੰ ਰੋਕ ਕੇ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਖੁਦ ਦੀ ਪਛਾਣ ਜਗਜੀਤ ਸਿੰਘ ਉਰਫ ਜੱਗਾ ਦੱਸੀ। ਉਸ ਦੀ ਤਲਾਸ਼ੀ ਲੈਣ 'ਤੇ ਉਸ ਦੀ ਡੱਬ 'ਚੋਂ 1 ਦੇਸੀ ਪਿਸਤੌਲ (30 ਬੋਰ) ਅਤੇ 3 ਜ਼ਿੰਦਾ ਰੌਂਦ ਬਰਾਮਦ ਹੋਏ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਵੀ ਜਾਰੀ ਹੈ।

ਜੁਰਮ ਦੀ ਦੁਨੀਆ ਦਾ ਬਾਦਸ਼ਾਹ ਬਣਨਾ ਚਾਹੁੰਦਾ ਸੀ ਜੱਗਾ
ਪੁਲਸ ਵੱਲੋਂ ਕਾਬੂ ਜੱਗਾ ਛੋਟੀ ਉਮਰ 'ਚ ਗਲਤ ਲੋਕਾਂ ਨਾਲ ਉੱਠਣ-ਬੈਠਣ ਲੱਗਾ। ਜੱਗਾ ਦੀ ਕ੍ਰਾਈਮ ਫਾਈਲ ਦੇਖੀ ਜਾਏ ਤਾਂ 18 ਸਾਲ ਦੀ ਉਮਰ 'ਚ ਹੀ ਉਸ ਨੇ ਕ੍ਰਾਈਮ ਕਰਨਾ ਸ਼ੁਰੂ ਕਰ ਦਿੱਤਾ। ਥਾਣਾ ਆਦਮਪੁਰ 'ਚ ਉਸ ਖਿਲਾਫ 4 ਕੇਸ ਦਰਜ ਹੈ, ਜਿਸ 'ਤ ਹੱਤਿਆ ਦੀ ਕੋਸ਼ਿਸ਼, ਘਰ 'ਚ ਦਾਖਲ ਹੋ ਕੇ ਹਮਲਾ ਕਰਨਾ, ਐੈੱਨ. ਡੀ. ਪੀ. ਐੈੱਸ. ਆਦਿ ਧਾਰਾਵਾਂ ਦੇ ਤਹਿਤ ਉਸ ਦੇ ਖਿਲਾਫ ਕੇਸ ਦਰਜ ਹੈ। ਇਸ ਨਾਲ ਹੀ ਜੱਗਾ ਖਿਲਾਫ ਥਾਣਾ ਭੋਗਪੁਰ, ਥਾਣਾ ਕਪੂਰਥਲਾ, ਹੁਸ਼ਿਆਰਪੁਰ 'ਚ ਵੀ ਅਪਰਾਧਿਕ ਕੇਸ ਦਰਜ ਹੈ। 9 ਕੇਸ ਉਸ ਖਿਲਾਫ ਪਹਿਲਾਂ ਤੋਂ ਦਰਜ ਹਨ ਅਤੇ ਉਹ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ। ਗੈਂਗਸਟਰ ਜੱਗਾ ਜੁਰਮ ਦੀ ਦੁਨੀਆ ਦਾ ਬਾਦਸ਼ਾਹ ਬਣ ਕੇ ਫਿਰੌਤੀ ਵਸੂਲਣ ਦਾ ਵੀ ਕੰਮ ਸ਼ੁਰੂ ਕਰਨ ਵਾਲਾ ਸੀ।

ਹੱਤਿਆ ਕਰਨ ਤੋਂ ਬਾਅਦ ਨਾਸਿਕ 'ਚ ਚੱਲਾ ਗਿਆ ਸੀ ਜੱਗਾ
ਕਪੂਰਥਲਾ 'ਚ ਦੀਪਾ ਦੀ ਹੱਤਿਆ ਦੀ ਗੱਲ ਕਿਸੇ ਤੋਂ ਲੁਕੀ ਨਹੀਂ ਹੈ, ਪੁਲਸ ਦੀ ਮੰਨੀਏ ਤਾਂ ਦੀਪਾ ਡਰੱਗ ਦਾ ਧੰਦਾ ਕਰਦਾ ਸੀ ਅਤੇ ਉਸ ਦੇ ਵਿਰੋਧੀ ਮਾਮਾ ਕਾਲਾ ਨਾਂ ਦਾ ਵਿਅਕਤੀ ਡਰੱਗ ਦੇ ਧੰਦੇ 'ਚ ਅੱਗੇ ਜਾਣਾ ਚਾਹੁੰਦਾ ਸੀ। ਮਾਮਾ ਨੇ ਜੱਗੇ ਦੀ ਗੈਂਗ ਨੂੰ ਮੋਟੀ ਰਕਮ ਦੇ ਕੇ ਦੀਪਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਵਾ ਦਿੱਤੀ ਸੀ। ਪੁਲਸ ਨੇ ਬਾਕੀ ਹਤਿਆਰਿਆਂ ਨੂੰ ਤਾਂ ਕਾਬੂ ਕਰ ਲਿਆ ਪਰ ਜੱਗਾ ਹੱਤਿਆ ਕਰਨ ਤੋਂ ਬਾਅਦ ਮਹਾਰਾਸ਼ਟਰ 'ਚ ਨਾਸਿਕ ਚੱਲਾ ਗਿਆ ਅਤੇ ਉਹ ਫਿਲਮ ਇੰਡਸਟਰੀ 'ਚ ਕੰਮ ਕਰਨ ਲੱਗਾ। ਉਥੇ ਉਸ ਨੇ ਵਿਆਹ ਵੀ ਕਰ ਲਿਆ ਅਤੇ ਉਥੇ ਸੈੱਟ ਹੋਣ ਦੀ ਜੱਗੇ ਨੇ ਯੋਜਨਾ ਬਣਾ ਲਈ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਨਾਸਿਕ 'ਚ ਵੀ ਉਸ ਨੇ ਕ੍ਰਾਈਮ ਤਾਂ ਨਹੀਂ ਕੀਤਾ ਅਤੇ ਕਿਹੜੇ ਲੋਕਾਂ ਨਾਲ ਉਸ ਦੇ ਲਿੰਕ ਹਨ।


shivani attri

Content Editor

Related News