ਸਾਉਣ ਮਹੀਨੇ ਦੀ ਅਰਦਾਸ ਨਾਲ ਵਗੀ ਬਾਬੇ ਨਾਨਕ ਦੀ ਵੇਈਂ

07/17/2019 2:52:45 PM

ਸੁਲਤਾਨਪੁਰ ਲੋਧੀ (ਧੀਰ)— ਸਾਉਣ ਮਹੀਨੇ ਦੀ ਸੰਗਰਾਂਦ ਨੂੰ ਬਾਬੇ ਨਾਨਕ ਦੇ ਦਰ 'ਤੇ ਕੀਤੀ ਅਰਦਾਸ ਦਾ ਹੀ ਅਸਰ ਹੈ ਕਿ ਅੱਜ ਬਾਬੇ ਦੀ ਵੇਈਂ ਨਿਰਮਲ ਧਾਰਾ ਰੂਪ 'ਚ ਵੱਗ ਰਹੀ ਹੈ। ਇਹ ਅਰਦਾਸ ਜੁਲਾਈ 2000 'ਚ ਕੀਤੀ ਗਈ ਸੀ, ਜਦੋਂ ਕੂੜਾਦਾਨ ਬਣ ਚੁੱਕੀ ਬਾਬੇ ਦੀ ਵੇਈਂ ਦੀ ਕਾਰ ਸੇਵਾ ਦੀ ਸ਼ੁਰੂਆਤ ਕੀਤੀ ਗਈ ਸੀ। ਸਿੱਖ ਧਰਮ 'ਚ ਅਰਦਾਸ ਦਾ ਆਪਣਾ ਹੀ ਇਕ ਖਾਸ ਮਹੱਤਵ ਹੈ ਅਤੇ ਖਾਸ ਇਕ ਮੁਕਾਮ ਹੈ। ਅਰਦਾਸ ਹੀ ਰੂਹ ਨੂੰ ਅਜਿਹਾ ਸਕੂਨ ਬਖਸ਼ਦੀ ਹੈ ਕਿ ਕਈ ਜਨਮਾਂ ਦੀ ਲੱਗੀ ਮੈਲ ਉਤਰਣ ਦਾ ਪਤਾ ਵੀ ਨਹੀਂ ਲੱਗਦਾ। ਸਰਕਾਰੀ ਸਿਸਟਮ 'ਤੇ ਜੰਮੀ ਇਸ ਮਣਾਂ ਮੂੰਹੀਂ ਮੈਲ ਨੂੰ ਉਤਾਰਨ ਲਈ ਸੰਗਤਾਂ ਨੂੰ ਨਾਲ ਲੈ ਕੇ ਅਰਦਾਸ ਕੀਤੀ ਸੀ। ਇਹ ਅਰਦਾਸ ਬਾਬੇ ਨਾਨਕ ਦੇ ਉਸੇ ਤਪ ਅਸਥਾਨ 'ਤੇ ਕੀਤੀ ਗਈ ਸੀ, ਜਿੱਥੇ ਬੇਰੀ ਵੀ ਅਜਿਹੇ ਉਸ ਤਪਸਿਆ ਦੀ ਗਵਾਹੀ ਭਰਦੀ ਹੈ।

ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸੰਗਤਾਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਹੇ! ਅਕਾਲ ਪੁਰਖ ਸਾਡੇ ਤੋਂ ਬਹੁਤ ਵੱਡੀ ਭੁੱਲ ਹੋਈ ਹੈ ਕਿ ਅਸੀਂ ਆਪ ਦੇ ਦੱਸੇ ਸਲੋਕ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਉੱਤੇ ਪਹਿਰਾ ਨਹੀਂ ਦੇ ਸਕੇ। ਪਿਤਾ ਸਮਾਨ ਪਾਣੀ 'ਚ ਪਿੰਡਾਂ, ਸ਼ਹਿਰਾਂ ਦੇ ਲੋਕ ਆਪਣਾ ਮਲ-ਮੂਤਰ ਆਪਣੇ ਪਿਤਾ ਦੇ ਸਿਰ 'ਚ ਪਾ ਰਹੇ ਹਨ। ਇਸ ਘਿਨਾਉਣੇ ਅਪਰਾਧ 'ਚ ਧਾਰਮਕ, ਰਾਜਨੀਤਕ ਅਤੇ ਪ੍ਰਸ਼ਾਸਨਿਕ ਲੋਕ ਮੂਹਰੇ ਹੋ ਕੇ ਕੁਦਰਤ ਦੀ ਤਬਾਹੀ ਕਰ ਰਹੇ ਹਨ। ਆਪ ਜੀ ਕਿਰਪਾ ਕਰੋ ਪਵਿਤਰ ਕਾਲੀ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸੰਗਤ ਨੂੰ ਸਮਰੱਥਾ ਹੌਸਲਾ ਬਖਸ਼ੋ। ਕਿਸੇ ਨੇ ਨਹੀਂ ਸੋਚਿਆ ਸੀ ਕਿ 2020 ਤਕ ਪਾਣੀ ਲਈ ਹਾਹਾਕਾਰ ਮਚ ਜਾਵੇਗੀ, ਜਦ ਕਿ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ 'ਤੇ ਦੋ ਵਾਰ ਆਏ ਡਾਕਟਰ ਏ. ਪੀ. ਜੇ. ਅਬਦੁਲ ਕਲਾਮ ਜੀ ਨੇ 2020 ਤੱਕ ਭਾਰਤ ਨੂੰ ਸਮਰੱਥ ਭਾਰਤ ਬਣਾਉਣ ਦਾ ਸੁਪਨਾ ਦੇਖਿਆ ਸੀ ਪਰ ਅਸੀਂ ਤਾਂ 2020 ਤੱਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣ ਜਾ ਰਹੇ ਹਾਂ।

ਪਵਿੱਤਰ ਕਾਲੀ ਵੇਈਂ ਉਪਰ ਸੰਤ ਸੀਚੇਵਾਲ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਮਿਹਨਤ ਦਾ ਅਸਰ ਇਲਾਕੇ 'ਚ ਵੀ ਦਿਸ ਰਿਹਾ ਹੈ। ਗੰਦੇ ਪਾਣੀਆਂ ਨਾਲ ਮਰ ਚੁੱਕੀ ਵੇਈਂ ਹੁਣ ਅੰਮ੍ਰਿਤਮਈ ਪਾਣੀ ਨਾਲ ਦੋਬਾਰਾ ਕਲ ਕਲ ਵਗ ਰਹੀ ਹੈ। ਇਸ ਦਾ ਰੀਚਾਰਜ ਸਿਸਟਮ ਸੰਤ ਸੀਚੇਵਾਲ ਜੀ ਨੇ ਸਾਲ 2000, 2002, 2004, 2005 ਅਤੇ 2010 ਵਿਚ ਸਾਫ਼ ਕੀਤਾ ਸੀ। ਇਸ ਦਾ ਅਸਰ ਇਹ ਹੋਇਆ ਕਿ 40 ਕਿਲੋਮੀਟਰ 'ਚ ਸੁਲਤਾਨਪੁਰ ਲੋਧੀ ਤੋਂ ਲੈ ਕੇ ਹਰੀਕੇ ਪੱਤਣ ਤਕ, ਕਪੂਰਥਲਾ ਨੇੜੇ ਨਾਨਕਪੁਰ ਤੋਂ ਸੁਭਾਨਪੁਰ ਤੱਕ ਅਤੇ ਧਨੋਆ ਮੁੱਢ ਸਰੋਤ ਤੋਂ ਟਾਂਡਾ ਪੁਲ ਤੱਕ ਕਈ ਵਾਰ ਇਸ ਦਾ ਤਲ ਸਾਫ ਕੀਤਾ ਗਿਆ। ਜਿਸ ਦਾ ਨਤੀਜਾ ਸ਼ਾਨਦਾਰ ਰਿਹਾ। 2004 ਤੋਂ 2010 ਤੱਕ ਸੁਲਤਾਨਪੁਰ ਲੋਧੀ ਹਲਕੇ ਦਾ ਧਰਤੀ ਹੇਠਲਾ ਪਾਣੀ ਸਰਕਾਰੀ ਅੰਕੜਿਆਂ ਮੁਤਾਬਕ 2.5 ਮੀਟਰ ਉਚਾ ਹੋਇਆ ਹੈ। ਪੰਜਾਬ ਦੇ 141 ਬਲਾਕਾਂ ਵਿਚੋਂ 108 ਬਲਾਕ ਡਾਰਕ ਜ਼ੋਨ ਘੋਸ਼ਿਤ ਕੀਤੇ ਜਾ ਚੁੱਕੇ ਹਨ।
ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨਾਲ ਇਸ ਇਲਾਕੇ ਦਾ ਧਰਤੀ ਹੇਠਲਾ ਪਾਣੀ ਉਪਰ ਆ ਰਿਹਾ ਹੈ। ਇਹ ਤਾਂ ਹੀ ਸੰਭਵ ਹੋ ਸਕਿਆ ਹੈ, ਇਸ ਦੀ ਖੁਦਾਈ ਕਰਕੇ ਇਸ ਦਾ ਬਿੱਡ ਰੇਤਾ ਤੱਕ ਕੀਤਾ। ਇਸ ਦੇ ਕੰਢੇ ਮਜ਼ਬੂਤ ਕੀਤੇ, ਸੁੰਦਰ ਘਾਟ ਬਣਾਏ, ਵੇਈਂ ਵਿਚ ਪੈਂਦੇ ਗੰਦੇ ਪਾਣੀ ਸੋਧ ਕੇ ਖੇਤੀ ਨੂੰ ਦਿੱਤੇ। ਵਿਰਾਸਤੀ ਰੁੱਖਾਂ ਨਾਲ ਪਵਿੱਤਰ ਵੇਈਂ ਨੂੰ ਸ਼ਿੰਗਾਰਿਆ ਗਿਆ। ਹੁਣ ਪਵਿੱਤਰ ਵੇਈਂ ਦਾ ਵਹਿਣ ਆਪ-ਮੁਹਾਰੇ ਵਗ ਰਿਹਾ ਹੈ। ਪਵਿੱਤਰ ਵੇਈਂ ਜਿਸ ਨੂੰ ਸਮਾਜ ਦੀ ਸੋਚ ਨੇ ਕੂੜੇ ਦੇ ਢੇਰ ਵਿਚ ਤਬਦੀਲ ਕਰ ਦਿੱਤਾ ਸੀ, ਉਸ ਨੂੰ ਸੰਤ ਸੀਚੇਵਾਲ ਜੀ ਦੀ ਮਿਹਨਤ ਨੇ ਇਕ ਅੰਤਰਰਾਸ਼ਟਰੀ ਸੈਰਗਾਹ 'ਚ ਤਬਦੀਲ ਕਰ ਦਿੱਤਾ ਹੈ।

ਪੰਜਾਬ ਦੀ ਧਰਤੀ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਣੀਆਂ ਦੀ ਸਾਂਭ-ਸੰਭਾਲ ਲਈ ਅੱਜ ਆਵਾਜ਼ ਬੁਲੰਦ ਹੋ ਰਹੀ ਹੈ। ਦੇਸ਼ ਦੇ ਕੋਨੇ-ਕੋਨੇ 'ਚ ਪਾਣੀਆਂ ਦੀ ਸੰਭਾਲ ਲਈ ਚੇਤਨਾ ਪੈਦਾ ਹੋ ਰਹੀ ਹੈ। ਆਓ ਕੁਦਰਤ ਨਾਲ ਇਕਮਿਕ ਹੋਈਏ, ਗੁਰੂ ਨਾਨਕ ਦੇਵ ਜੀ ਦੇ ਦੱਸੇ ਪਹਿਲੇ ਸਲੋਕ 'ਤੇ ਪਹਿਰਾ ਦੇਈਏ, ਸਭ ਤੋਂ ਪਹਿਲਾਂ ਜਿਉਣ ਦੇ ਅਧਿਕਾਰਾਂ ਦੀ ਰਾਖੀ ਕਰੀਏ, ਪਾਣੀਆਂ ਦੀ ਕਰੀਏ ਸੰਭਾਲ ਤੇ ਕੁਦਰਤ ਸੰਗ ਅੰਗਮੀ ਗੀਤਾਂ ਦੀਆਂ ਧੁਨਾਂ ਨੂੰ ਛੇੜੀਏ। ਸਾਢੇ ਪੰਜ ਸੌ ਸਾਲ ਧੰਨ ਗੁਰੂ ਨਾਨਕ ਨਾਲ, ਹਰਿਆ-ਭਰਿਆ ਸੰਸਾਰ ਸਭ ਸੰਗਤਾਂ ਦੇ ਨਾਲ। ਆਓ ਸੁਲਤਾਨਪੁਰ ਲੋਧੀ ਦੀ ਧਰਤ 'ਤੇ ਕਾਦਰ ਦੀ ਕੁਦਰਤ ਨਾਲ ਇੱਕਮਿਕ ਹੋ ਕੇ ਅਨਹਦ ਰਾਗ ਨੂੰ ਧੁਰ ਰੂਹ ਅੰਦਰ ਵਸਾਈਏ। ਕਾਲੀ ਵੇਈਂ ਦੇ ਸੰਗ ਜੀਵੀਏ ਅਤੇ ਇਹਦੇ ਵਿਚ ਹੀ ਤਰ ਜਾਈਏ।


shivani attri

Content Editor

Related News