ਕਪੂਰਥਲਾ ਦੀ ਪੁਲਸ ਵਲੋਂ ਨਕਲੀ ਸੀਮੇਂਟ ਕੰਪਨੀ ਦਾ ਪਰਦਾਫਾਸ਼, 4 ਲੋਕ ਕਾਬੂ

07/14/2019 3:10:31 PM

ਕਪੂਰਥਲਾ (ਓਬਰਾਏ) - ਪੁਲਸ ਨੇ ਨਾਕਾਬੰਦੀ ਦੌਰਾਨ ਸੈਂਕੜੇ ਬੋਰੀਆਂ ਨਕਲੀ ਸੀਮੈਂਟ ਅਤੇ ਸੀਮੈਂਟ ਬਣਾਉਣ ਲਈ ਕੰਮ ਆਉਣ ਵਾਲੀ ਮਸ਼ੀਨਰੀ ਬਰਾਮਦ ਕਰ ਕੇ ਨਕਲੀ ਸੀਮੈਂਟ ਤਿਆਰ ਕਰਨ ਵਾਲੀ ਇਕ ਫੈਕਟਰੀ ਦਾ ਭਾਂਡਾ ਭੰਨਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਸੀਮੈਂਟ ਬਣਾਉਣ ਵਾਲੀ ਫੈਕਟਰੀ ਦਾ ਮਾਲਕ ਅਤੇ ਉਸ ਦੇ ਸਾਥੀ ਫਰਾਰ ਹੋਣ 'ਚ ਕਾਮਯਾਬ ਹੋ ਗਏ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡੀ. ਐੱਸ. ਪੀ. ਸਬ-ਡਿਵੀਜ਼ਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲਾ ਭਰ 'ਚ ਚਲਾਈ ਜਾ ਰਹੀ ਅਪਰਾਧ ਵਿਰੋਧੀ ਮੁਹਿੰਮ ਤਹਿਤ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਪਰਮਜੀਤ ਸਿੰਘ ਨੇ ਪੁਲਸ ਟੀਮ ਨਾਲ ਮਸੀਤ ਚੌਕ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ।

ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਹਰਕੀਰਤ ਸਿੰਘ ਉਰਫ ਬਾਬਾ ਪੁੱਤਰ ਫਤਿਹ ਸਿੰਘ ਅਤੇ ਚਰਨਜੀਤ ਸਿੰਘ ਉਰਫ ਸੋਨੂ ਪੁੱਤਰ ਗੁਰਮੀਤ ਸਿੰਘ ਨੇ ਔਜਲਾ ਜੋਗੀ ਤੋਂ ਰਜਾਪੁਰ ਰੋਡ 'ਤੇ ਜਾਂਦੇ ਰਸਤੇ 'ਚ ਇਕ ਗੋਦਾਮਨੁਮਾ ਹਵੇਲੀ ਕਿਰਾਏ 'ਤੇ ਲੈ ਕੇ ਆਪਣੇ ਨੌਕਰ ਸ਼ਿਵ ਕੁਮਾਰ ਪੁੱਤਰ ਹਦਵ ਰਾਮ, ਰਾਜੂ ਪੁੱਤਰ ਬਹਾਦੁਰ, ਮਈਕਰ ਪੁੱਤਰ ਅਨੂਪ ਸਿੰਘ, ਆਤਮਾ ਰਾਮ ਕੰਦਈ, ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਤਰਸੇਮ ਸਿੰਘ ਪਾਸੋਂ ਨਕਲੀ ਏ. ਸੀ. ਸੀ. ਅਤੇ ਅਬੂੰਜਾ ਸੀਮੈਂਟ ਤਿਆਰ ਕਰਵਾਉਂਦੇ ਹਨ। ਅੱਜ ਵੀ ਉਕਤ ਮੁਲਜ਼ਮ ਨਕਲੀ ਏ. ਸੀ. ਸੀ. ਅਤੇ ਅਬੂੰਜਾ ਸੀਮੈਂਟ ਕੈਂਟਰ 'ਤੇ ਲੱਦ ਕੇ ਸ਼ਹਿਰ ਵੱਲ ਆ ਰਹੇ ਹਨ। ਜਿਸ 'ਤੇ ਸਿਟੀ ਪੁਲਸ ਨੇ ਸਾਰੇ 7 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਔਜਲਾ ਫਾਟਕ ਤੇ ਨਾਕਾਬੰਦੀ ਕਰ ਦਿੱਤੀ। ।

PunjabKesari

ਨਾਕੇਬੰਦੀ ਦੌਰਾਨ ਜਦੋਂ ਉਨ੍ਹਾਂ ਕੈਂਟਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕੈਂਟਰ ਚਾਲਕ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਸੈਦੋਂ ਭੁਲਾਣਾ ਗੱਡੀ ਖੜ੍ਹੀ ਕਰ ਕੇ ਫਰਾਰ ਹੋ ਗਿਆ। ਜਿਸ ਦੌਰਾਨ ਗੱਡੀ ਦਾ ਕਲਨੀਰ ਆਤਮਾ ਰਾਮ ਪੁੱਤਰ ਕੰਦਈ ਵਾਸੀ ਬਰਾਈਚ ਉੱਤਰ ਪ੍ਰਦੇਸ਼ ਨੂੰ ਕਾਬੂ ਕਰ ਲਿਆ ਗਿਆ। ਜਿਸ ਦੀ ਨਿਸ਼ਾਨਦੇਹੀ 'ਤੇ ਕੈਂਟਰ 'ਚੋਂ ਨਕਲੀ ਏ. ਸੀ. ਸੀ. ਸੀਮੈਂਟ ਦੀਆਂ ਕੁਲ 100 ਬੋਰੀਆਂ ਬਰਾਮਦ ਹੋਈਆਂ। ਇਸ ਦੌਰਾਨ ਪੁਲਸ ਨੇ ਪਿੰਡ ਔਜਲਾ 'ਚ ਚੱਲ ਰਹੀ ਨਕਲੀ ਸੀਮੈਂਟ ਤਿਆਰ ਕਰਨ ਵਾਲੀ ਫੈਕਟਰੀ ਅਤੇ ਗੁਦਾਮ ਵਿਚ ਛਾਪਾਮਾਰੀ ਕਰ ਕੇ ਸ਼ਿਵ ਕੁਮਾਰ, ਰਾਜੂ ਅਤੇ ਮਈਕਰ ਸਿੰਘ ਨੂੰ ਨਕਲੀ ਏ. ਸੀ. ਸੀ. ਅਤੇ ਅਬੂੰਜਾ ਸੀਮੈਂਟ ਤਿਆਰ ਕਰਦੇ ਗ੍ਰਿਫਤਾਰ ਕਰ ਲਿਆ।

ਗ੍ਰਿਫਤਾਰ ਮੁਲਜ਼ਮਾਂ ਤੋਂ ਕੁਲ 401 ਬੋਰੀ ਨਕਲੀ ਸੀਮੈਂਟ ਮਾਰਕਾ ਏ. ਸੀ. ਸੀ., 40 ਬੋਰੇ 43 ਗਰੇਡ ਓ. ਪੀ. ਸੀ. ਸੀਮੈਂਟ ਅਤੇ 300 ਬੋਰੀਆਂ ਕਾਲੀ ਰਾਖ, ਇਕ ਕੈਂਟਰ, ਇਕ ਇਲੈਕਟਰੋਨਿਕ ਕੰਡਾ ਮਾਰਕਾ ਗੋਲਡ ਫੇਸ, ਪਲਾਸਟਿਕ ਦੇ ਵੱਡੇ 10 ਕੀਪ, 10 ਵੱਡੇ ਜੱਗ ਪਲਾਸਟਿਕ, ਬੋਰੀਆਂ ਦੀ ਸਿਲਾਈ ਕਰਨ ਵਾਲੀ ਮਸ਼ੀਨ, ਸਿਲਾਈ ਧਾਗਾ 40 ਰੋਲ, 156 ਬੋਰੇ ਖਾਲੀ ਬਾਰਦਾਨਾ, ਏ. ਸੀ. ਸੀ. ਅੰਬੂਜਾ ਬਰਾਮਦ ਹੋਏ। ਪੁਲਸ ਦੀ ਛਾਪਾਮਾਰੀ ਮੁਹਿੰਮ ਦੌਰਾਨ ਨਕਲੀ ਸੀਮੈਂਟ ਬਣਾਉਣ ਵਾਲੀ ਫੈਕਟਰੀ ਦਾ ਸੰਚਾਲਕ ਹਰਕਿਰਤ ਸਿੰਘ ਉਰਫ ਬਾਬਾ, ਚਰਨਜੀਤ ਉਰਫ ਸੋਨੂ ਅਤੇ ਪਰਮਜੀਤ ਉਰਫ ਪੰਮਾ ਮੌਕੇ ਤੋਂ ਫਰਾਰ ਹੋ ਗਏ। ਪੁੱਛਗਿਛ ਦੌਰਾਨ ਖੁਲਾਸਾ ਹੋਇਆ ਕਿ ਨਕਲੀ ਸੀਮੈਂਟ ਤਿਆਰ ਕਰਨ ਵਾਲੀ ਫੈਕਟਰੀ ਦੇ ਸੰਚਾਲਕ ਚਰਨਜੀਤ ਉਰਫ ਸੋਨੂੰ ਖਿਲਾਫ ਥਾਣਾ ਸਦਰ ਕਪੂਰਥਲਾ ਵਿਚ 18 ਅਕਤੂਬਰ 2008 ਨੂੰ ਧਾਰਾ 420, 7 ਈ. ਸੀ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਥੇ ਹੀ ਮੁਲਜ਼ਮ ਸੋਨੂੰ ਖਿਲਾਫ ਮੁਕੱਦਮਾ ਨੰਬਰ 88 ਦੇ ਤਹਿਤ ਧਾਰਾ 420, 227, 7 ਈ. ਸੀ. ਐਕਟ, 103, 104 ਦੇ ਤਹਿਤ ਥਾਣਾ ਸਿਟੀ ਕਪੂਰਥਲਾ 'ਚ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਦੌਰਾਨ ਮੁਲਜ਼ਮ ਖਿਲਾਫ ਥਾਣਾ ਲੰਮੀ ਜ਼ਿਲਾ ਬੰਠਿਡਾ 'ਚ 9 ਮਈ 2014 ਨੂੰ ਧਾਰਾ 420, 120 ਬੀ ਅਤੇ ਕਾਪੀ ਰਾਈਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਦ ਕਿ 6 ਜੂਨ 2005 ਨੂੰ ਮੁਲਜ਼ਮ ਤੋਂ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ 24 ਕਿਲੋ ਚੂਰਾ-ਪੋਸਤ ਬਰਾਮਦ ਕੀਤਾ ਸੀ। ਡੀ. ਐੱਸ. ਪੀ. ਗਿੱਲ ਨੇ ਦੱਸਿਆ ਕਿ ਤਿੰਨਾਂ ਫਰਾਰ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ। ਜਲਦੀ ਹੀ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


rajwinder kaur

Content Editor

Related News