ਕਪੂਰਥਲਾ ਕੇਂਦਰੀ ਜੇਲ੍ਹ ’ਚੋਂ 7 ਮੋਬਾਇਲ ਫੋਨ, 8 ਸਿਮ ਕਾਰਡ ਤੇ ਹੋਰ ਸਾਮਾਨ ਬਰਾਮਦ

05/01/2022 12:32:57 PM

ਕਪੂਰਥਲਾ (ਭੂਸ਼ਣ/ਮਲਹੋਤਰਾ)-ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ’ਚ ਬੀਤੀ ਰਾਤ ਕਪੂਰਥਲਾ ਪੁਲਸ, ਸੀ. ਆਰ. ਪੀ. ਐੱਫ਼. ਅਤੇ ਜੇਲ੍ਹ ਪੁਲਸ ਵੱਲੋਂ ਚਲਾਈ ਗਈ ਵਿਸ਼ੇਸ਼ ਸਰਚ ਮੁਹਿੰਮ ਦੌਰਾਨ 6 ਹਵਾਲਾਤੀਆਂ ਕੋਲੋਂ 7 ਮੋਬਾਇਲ ਫੋਨ, 7 ਬੈਟਰੀਆਂ, 8 ਸਿਮ ਕਾਰਡ, 2 ਏਅਰਫੋਨ, 2 ਡਾਟਾ ਕੇਬਲ ਅਤੇ 2 ਅਡਾਪਟਰ ਬਰਾਮਦ ਕੀਤੇ ਗਏ। ਸਾਰੇ 6 ਹਵਾਲਾਤੀਆਂ ਖ਼ਿਲਾਫ਼ ਥਾਣਾ ਕੋਤਵਾਲੀ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ’ਚ ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਅਤੇ ਜੇਲ੍ਹ ਸੁਪਰਡੈਂਟ ਗੁਰਨਾਮ ਲਾਲ ਦੀ ਨਿਗਰਾਨੀ ’ਚ ਐੱਸ. ਪੀ. (ਡੀ.) ਜਗਜੀਤ ਸਿੰਘ ਸਰੋਆ, ਐੱਸ. ਪੀ. (ਜੇਲ) ਮੋਹਿਤ ਸ਼ਰਮਾ, ਡੀ. ਐੱਸ. ਪੀ. ਸਬ ਡਿਵੀਜ਼ਨ ਕਪੂਰਥਲਾ ਸੁਰਿੰਦਰ ਸਿੰਘ, ਡੀ. ਐੱਸ. ਪੀ. (ਡੀ.) ਜੋਤੀ ਸਰੂਪ ਡੋਗਰਾ, ਡੀ. ਐੱਸ. ਪੀ. (ਸਪੈਸ਼ਲ ਬ੍ਰਾਂਚ) ਸਰਵਣ ਸਿੰਘ ਬੱਲ ਤੇ ਡੀ. ਐੱਸ. ਪੀ. ਹੈੱਡ ਕੁਆਰਟਰ ਕਮਲਜੀਤ ਸਿੰਘ ਦੀ ਨਿਗਰਾਨੀ ’ਚ ਸੀ. ਆਰ. ਪੀ. ਐੱਫ਼. ਅਤੇ ਜੇਲ੍ਹ ਪੁਲਸ ਦੀਆਂ ਟੀਮਾਂ ਨੇ ਬੀਤੀ ਰਾਤ ਵੱਡੇ ਪੱਧਰ ’ਤੇ ਵੱਖ-ਵੱਖ ਬੈਰਕਾਂ ’ਚ ਸਰਚ ਮੁਹਿੰਮ ਚਲਾਈ ਸੀ। ਜਿਸ ਦੌਰਾਨ ਸੁਰੱਖਿਆ ਟੀਮਾਂ ਨੇ ਚੱਪੇ-ਚੱਪੇ ਦੀ ਤਲਾਸ਼ੀ ਲਈ।

ਇਹ ਵੀ ਪੜ੍ਹੋ: ਜਲੰਧਰ: 27 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਕਮਰੇ 'ਚ ਇਹ ਹਾਲ 'ਚ ਪੁੱਤ ਨੂੰ ਵੇਖ ਮਾਂ ਦੀਆਂ ਨਿਕਲੀਆਂ ਚੀਕਾਂ

ਚੈਕਿੰਗ ਮੁਹਿੰਮ ਦੌਰਾਨ ਵੱਖ-ਵੱਖ ਬੈਰਕਾਂ ’ਚ ਬੰਦ ਹਵਾਲਾਤੀ ਗੋਪੀ ਪੁੱਤਰ ਬੱਗਾ ਵਾਸੀ ਅਕਬਰਪੁਰ ਬੇਗੋਵਾਲ ਜ਼ਿਲ੍ਹਾ ਕਪੂਰਥਲਾ, ਜੁਗਰਾਜ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸੇਚਾਂ ਸੁਲਤਾਨਪੁਰ ਲੋਧੀ, ਅਮਨਦੀਪ ਸਿੰਘ ਅਮਨਾ ਪੁੱਤਰ ਆਤਮਾ ਸਿੰਘ ਵਾਸੀ ਸੇਚਾਂ ਸੁਲਤਾਨਪੁਰ ਲੋਧੀ, ਜਤਿੰਦਰ ਸਿੰਘ ਉਰਫ ਗੁਰਬਚਨ ਮਨੀ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਬੂਟ ਥਾਣਾ ਕੋਤਵਾਲੀ ਕਪੂਰਥਲਾ, ਰਾਜਨਬੀਰ ਸਿੰਘ ਉਰਫ਼ ਰਾਜਬੀਰ ਸਿੰਘ ਰਾਜੂ ਪੁੱਤਰ ਬਲਵੰਤ ਸਿੰਘ ਵਾਸੀ ਲਾਟੀਆਂਵਾਲ ਸੁਲਤਾਨਪੁਰ ਲੋਧੀ ਅਤੇ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਮਹਿੰਦਰ ਸਿੰਘ ਵਾਸੀ ਮੀਏਵਾਲ ਅਰਾਈਆਂ ਸ਼ਾਹਕੋਟ ਜਲੰਧਰ ਤੋਂ 7 ਮੋਬਾਇਲ ਫੋਨ, 7 ਬੈਟਰੀਆਂ, 8 ਸਿਮਾਂ ਸਮੇਤ ਹੋਰ ਵੀ ਸਾਮਾਨ ਬਰਾਮਦ ਕੀਤਾ ਗਿਆ।

ਪ੍ਰੋਡਕਸ਼ਨ ਵਾਰੰਟ ’ਤੇ ਥਾਣਾ ਕੋਤਵਾਲੀ ਲਿਆਂਦੇ ਜਾਣਗੇ ਨਾਮਜ਼ਦ ਮੁਲਜ਼ਮ
ਨਾਮਜ਼ਦ ਕੀਤੇ ਗਏ ਸਾਰੇ 6 ਹਵਾਲਾਤੀਆਂ ਕੋਲ ਜੇਲ ਕੰਪਲੈਕਸ ਦੇ ਅੰਦਰ ਕਿਸ ਤਰ੍ਹਾਂ ਬਰਾਮਦ ਸਾਮਾਨ ਪੁੱਜਿਆ ਤੇ ਇਸ ਸਾਮਾਨ ਨੂੰ ਪਹੁੰਚਾਉਣ ਵਾਲੇ ਲੋਕ ਕੌਣ ਸਨ, ਇਸ ਸਬੰਧੀ ਮੁਲਜ਼ਮਾਂ ਪਾਸੋਂ ਪੁੱਛਗਿੱਛ ਕਰਨ ਲਈ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਥਾਣਾ ਕੋਤਵਾਲੀ ਕਪੂਰਥਲਾ ਲਿਆਂਦਾ ਜਾਵੇਗਾ। ਉੱਥੇ ਹੀ ਦੂਜੇ ਪਾਸੇ ਇਨ੍ਹਾਂ ਟੀਮਾਂ ਨੇ ਜੇਲ ਕੰਪਲੈਕਸ ’ਚੋਂ ਚੈਕਿੰਗ ਦੌਰਾਨ ਤੇਜਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਜਿਸ ਸਬੰਧੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਪਟਿਆਲਾ ਦੀ ਘਟਨਾ 'ਤੇ ਬੋਲੇ ਸੁਨੀਲ ਜਾਖੜ, ਸ਼ਰਾਰਤੀ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News