ਪਹਿਲੀ ਬਰਸਾਤ ’ਚ ਹੀ ਮੱਕੀ ਦੇ ਦਾਣਿਆਂ ਵਾਂਗ ਉੱਧੜ ਗਈਆਂ ਕਰੋੜਾਂ ਨਾਲ ਬਣੀਆਂ ਨਵੀਆਂ ਸੜਕਾਂ
Sunday, Jan 09, 2022 - 06:28 PM (IST)
ਜਲੰਧਰ (ਖੁਰਾਣਾ)–ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਨੂੰ ਚੋਣਾਵੀ ਫਾਇਦਾ ਪਹੁੰਚਾਉਣ ਲਈ ਜਲੰਧਰ ਨਗਰ ਨਿਗਮ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਸ਼ਹਿਰ ਦੀਆਂ ਵਧੇਰੇ ਸੜਕਾਂ ’ਤੇ ਲੁੱਕ-ਬੱਜਰੀ ਪਾ ਕੇ ਉਨ੍ਹਾਂ ਨੂੰ ਨਵਾਂ ਬਣਾਇਆ ਅਤੇ ਇਸ ਕੰਮ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ। ਅੱਜ ਹਾਲਾਤ ਇਹ ਹਨ ਕਿ ਪਹਿਲੀ ਬਰਸਾਤ ਨੇ ਹੀ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੀਆਂ ਬਣੀਆਂ ਸੜਕਾਂ ਨੂੰ ਮੱਕੀ ਦੇ ਦਾਣਿਆਂ ਵਾਂਗ ਉਧੇੜ ਕੇ ਰੱਖ ਦਿੱਤਾ ਹੈ। ਸੜਕਾਂ ’ਤੇ ਪਾਣੀ ਖੜ੍ਹਾ ਰਹਿਣ ਨਾਲ ਨਾ ਸਿਰਫ ਜਾਨਲੇਵਾ ਟੋਏ ਬਣ ਗਏ ਹਨ, ਸਗੋਂ ਸੜਕ ਉੱਖੜਨ ਨਾਲ ਖਿੱਲਰੀ ਬੱਜਰੀ ਤੋਂ ਤਿਲਕਣ ਕਾਰਨ ਲੋਕ ਜ਼ਖ਼ਮੀ ਵੀ ਹੋ ਰਹੇ ਹਨ। ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੈ ਅਤੇ ਸੱਤਾ ਦਾ ਨਸ਼ਾ ਭੋਗ ਰਹੇ ਕਾਂਗਰਸੀ ਆਗੂ ਅਗਲੀਆਂ ਚੋਣਾਂ ਵਿਚ ਰੁੱਝ ਗਏ ਹਨ। ਅਜਿਹੇ ਹਾਲਾਤ ਵਿਚ ਸ਼ਹਿਰ ਦੀ ਜਨਤਾ ਰੱਬ ਭਰੋਸੇ ਹੀ ਰਹਿ ਗਈ ਹੈ।
ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ, ‘ਆਪ’ ਨਾਲ ਕੋਈ ਸਮਝੌਤਾ ਨਹੀਂ
ਸ਼ਹਿਰ ਦੀਆਂ ਵਧੇਰੇ ਸੜਕਾਂ ’ਤੇ ਚਿੱਕੜ ਹੀ ਚਿੱਕੜ, ਪੈਦਲ ਚੱਲਣਾ ਤਾਂ ਦੂਰ, ਵਾਹਨ ਚਲਾਉਣਾ ਵੀ ਖ਼ਤਰਨਾਕ
ਨਗਰ ਨਿਗਮ ਅਤੇ ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਪਿਛਲੇ ਸਮੇਂ ਦੌਰਾਨ ਕਈ ਪ੍ਰਾਜੈਕਟ ਇਕੱਠੇ ਸ਼ੁਰੂ ਕਰ ਦਿੱਤੇ। ਅਜੇ ਸਰਫੇਸ ਵਾਟਰ ਲਈ ਵੱਡੇ-ਵੱਡੇ ਪਾਈਪ ਪਾਉਣ ਵਾਸਤੇ ਸਡ਼ਕਾਂ ਨੂੰ ਪੁੱਟਿਆ ਹੀ ਗਿਆ ਸੀ ਕਿ ਸ਼ਹਿਰ ਦੀਆਂ ਸੜਕਾਂ ’ਤੇ ਸਮਾਰਟ ਰੋਡ ਪ੍ਰਾਜੈਕਟ ਵੀ ਚਾਲੂ ਕਰ ਦਿੱਤਾ ਗਿਆ, ਜਿਸ ਕਾਰਨ ਬਾਕੀ ਸੜਕਾਂ ’ਤੇ ਵੀ ਪੁਟਾਈ ਕਰ ਦਿੱਤੀ ਗਈ।
ਅਜਿਹੇ ਹੀ ਕਈ ਹੋਰ ਪ੍ਰਾਜੈਕਟਾਂ ਕਾਰਨ ਪਿਛਲੇ ਡੇਢ-ਦੋ ਸਾਲਾਂ ਤੋਂ ਲੋਕ ਮਿੱਟੀ ਕਾਰਨ ਪ੍ਰੇਸ਼ਾਨ ਹੋ ਰਹੇ ਸਨ ਪਰ ਹੁਣ ਉਸ ਮਿੱਟੀ ਨੇ ਬਰਸਾਤ ਵਿਚ ਚਿੱਕੜ ਅਤੇ ਦਲਦਲ ਦਾ ਰੂਪ ਧਾਰਨ ਕਰ ਲਿਆ ਹੈ, ਜਿਸ ਕਾਰਨ ਹੁਣ ਇਨ੍ਹਾਂ ਸੜਕਾਂ ’ਤੇ ਪੈਦਲ ਚੱਲਣਾ ਤਾਂ ਦੂਰ, ਵਾਹਨ ਚਲਾਉਣਾ ਵੀ ਖਤਰਨਾਕ ਸਾਬਿਤ ਹੋ ਰਿਹਾ ਹੈ। ਸਭ ਤੋਂ ਬੁਰੀ ਹਾਲਤ ਟੈਗੋਰ ਹਸਪਤਾਲ ਦੇ ਸਾਹਮਣੇ ਵਾਲੀ ਸੜਕ ਦੀ ਹੈ, ਜਿਥੇ ਸੈਂਕੜੇ ਗੱਡੀਆਂ ਪਲਟਦਿਆਂ-ਪਲਟਦਿਆਂ ਬਚੀਆਂ ਅਤੇ ਕਈਆਂ ਦੇ ਐਕਸਲ ਤੇ ਕਮਾਨੀਆਂ ਤੱਕ ਟੁੱਟ ਗਈਆਂ। ਕਪੂਰਥਲਾ ਰੋਡ ’ਤੇ ਵੀ ਲੋਕ ਵਾਹਨਾਂ ਨਾਲ ਸਕੇਟਿੰਗ ਕਰਦੇ ਦਿਸੇ ਅਤੇ ਚਿੱਕੜ ਵਿਚ ਲਥਪਥ ਲੋਕ ਸਮਾਰਟ ਸਿਟੀ ਅਤੇ ਨਗਰ ਨਿਗਮ ਨੂੰ ਗਾਲ੍ਹਾਂ ਵੀ ਕੱਢਦੇ ਦੇਖੇ ਗਏ।
ਇਹ ਵੀ ਪੜ੍ਹੋ: ਜਲੰਧਰ: ਕੁੜੀ ਤੋਂ ਦੁਖ਼ੀ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਰਾਲ
ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਖੜ੍ਹਾ ਰਿਹਾ ਬਰਸਾਤੀ ਪਾਣੀ, ਲੱਖਾਂ ਲੋਕ ਸਾਰਾ ਦਿਨ ਰਹੇ ਪ੍ਰੇਸ਼ਾਨ
ਪਹਿਲੀ ਵਾਰ ਦਿਸੀ ਸ਼ਹਿਰ ਦੀ ਇੰਨੀ ਬੁਰੀ ਹਾਲਤ
ਸ਼ੁੱਕਰਵਾਰ ਰਾਤ ਅਤੇ ਸ਼ਨੀਵਾਰ ਸ਼ਹਿਰ ’ਚ ਸਰਦੀਆਂ ਦੇ ਸੀਜ਼ਨ ਦੀ ਪਹਿਲੀ ਅਤੇ ਦੂਜੀ ਬਰਸਾਤ ਹੋਈ, ਜਿਸ ਕਾਰਨ ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਨਾ ਸਿਰਫ਼ ਬਰਸਾਤੀ ਪਾਣੀ ਖੜ੍ਹਾ ਰਿਹਾ, ਸਗੋਂ ਲੋਕ ਵੀ ਸਾਰਾ ਦਿਨ ਪ੍ਰੇਸ਼ਾਨ ਰਹੇ। ਪਹਿਲਾਂ ਜਦੋਂ ਵੀ ਸ਼ਹਿਰ ਵਿਚ ਬਰਸਾਤ ਹੁੰਦੀ ਸੀ ਤਾਂ 2-4 ਘੰਟਿਆਂ ਅੰਦਰ ਬਰਸਾਤੀ ਪਾਣੀ ਨਿਕਲ ਜਾਂਦਾ ਹੁੰਦਾ ਸੀ ਪਰ ਅੱਜ ਪਹਿਲੀ ਵਾਰ ਸ਼ਹਿਰ ਦੀ ਇੰਨੀ ਬੁਰੀ ਹਾਲਤ ਦਿਸੀ। ਸੜਕਾਂ ’ਤੇ ਖੜ੍ਹੇ ਪਾਣੀ ਕਾਰਨ ਵਾਹਨ ਚਾਲਕਾਂ ਅਤੇ ਲੋਕਾਂ ਨੂੰ ਟੋਏ ਦਿਖਾਈ ਨਹੀਂ ਦਿੱਤੇ, ਜਿਸ ਕਾਰਨ ਕਈ ਥਾਵਾਂ ’ਤੇ ਹਾਦਸੇ ਵੀ ਹੋਏ।
ਸੋਢਲ ਰੋਡ ’ਤੇ ਪਹਿਲਾਂ ਤੋਂ ਵੀ ਵੱਧ ਜਮ੍ਹਾ ਹੋਇਆ ਬਰਸਾਤੀ ਪਾਣੀ, ਭੰਡਾਰੀ ਨੇ 7 ਕਰੋੜ ਰੁਪਏ ਦੀ ਬਰਬਾਦੀ ਦਾ ਲਾਇਆ ਦੋਸ਼
ਬਰਸਾਤ ਕਾਰਨ ਉੱਤਰੀ ਵਿਧਾਨ ਸਭਾ ਹਲਕੇ ਦੇ ਹਾਲਾਤ ਜ਼ਿਆਦਾ ਖਰਾਬ ਦਿਸੇ। ਸ਼ਹਿਰ ਦਾ ਇਕ ਵੱਡਾ ਹਿੱਸਾ ਦੂਜੇ ਸ਼ਹਿਰ ਨਾਲੋਂ ਕੱਟ ਗਿਆ ਹੈ ਕਿਉਂਕਿ ਦੋਮੋਰੀਆ ਪੁਲ ਦੇ ਨਾਲ-ਨਾਲ ਇਕਹਿਰੀ ਪੁਲੀ ’ਤੇ ਵੀ ਕਈ-ਕਈ ਫੁੱਟ ਪਾਣੀ ਜਮ੍ਹਾ ਰਿਹਾ, ਜਿਸ ਕਾਰਨ ਲੋਕ ਇਧਰ-ਉਧਰ ਨਹੀਂ ਆ-ਜਾ ਸਕੇ। ਇਸ ਤੋਂ ਇਲਾਵਾ ਲਕਸ਼ਮੀ ਸਿਨੇਮਾ ਨੇੜੇ ਰੇਲਵੇ ਰੋਡ ’ਤੇ ਵੀ ਹੜ੍ਹ ਵਰਗਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਿੱਥੇ ਬਰਸਾਤੀ ਪਾਣੀ ਘਰਾਂ ਅਤੇ ਦੁਕਾਨਾਂ ਵਿਚ ਦਾਖਲ ਹੋ ਗਿਆ। ਸਭ ਤੋਂ ਜ਼ਿਆਦਾ ਪਾਣੀ ਸੋਢਲ ਰੋਡ, ਪ੍ਰੀਤ ਨਗਰ ਇਲਾਕੇ ਵਿਚ ਦੇਖਣ ਨੂੰ ਮਿਲਿਆ, ਜਿਥੇ ਹਾਲ ਹੀ ਵਿਚ ਕਾਂਗਰਸ ਸਰਕਾਰ ਨੇ ਸਟਾਰਮ ਵਾਟਰ ਸੀਵਰ ਪੁਆਇਆ ਹੈ। ਸੋਢਲ ਰੋਡ ’ਤੇ ਜਮ੍ਹਾ ਕਈ-ਕਈ ਫੁੱਟ ਪਾਣੀ ਕਾਰਨ ਵਾਹਨ ਚਾਲਕ ਅਤੇ ਦੁਕਾਨਦਾਰ ਸਾਰਾ ਦਿਨ ਪ੍ਰੇਸ਼ਾਨ ਹੁੰਦੇ ਰਹੇ। ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਉਕਤ ਇਲਾਕੇ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਮੌਜੂਦਾ ਵਿਧਾਇਕ ਨੇ ਲੋਕਾਂ ਕੋਲੋਂ ਟੈਕਸਾਂ ਵਜੋਂ ਇਕੱਠੇ ਕੀਤੇ 7 ਕਰੋੜ ਰੁਪਏ ਦੀ ਬਰਬਾਦੀ ਕੀਤੀ ਹੈ ਅਤੇ ਸਮੱਸਿਆ ਪਹਿਲਾਂ ਤੋਂ ਵੀ ਵਧ ਗਈ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਪਤਨੀ ਨਾਲ ਡਿਨਰ ਲਈ ਆਏ ਰਬੜ ਕਾਰੋਬਾਰੀ ਦੀ ਗੰਨ ਪੁਆਇੰਟ ’ਤੇ ਲੁੱਟੀ BMW
ਪੂਰਾ ਉੱਤਰੀ ਇਲਾਕਾ ਹੀ ਹੋਇਆ ਜਲਮਗਨ : ਹਨੀ ਕੰਬੋਜ
ਇਸੇ ਵਿਚਕਾਰ ਜ਼ਿਲਾ ਭਾਜਪਾ ਦੇ ਸੈਕਟਰੀ ਐਡਵੋਕੇਟ ਹਨੀ ਕੰਬੋਜ ਨੇ ਦੋਸ਼ ਲਾਇਆ ਕਿ ਉੱਤਰੀ ਵਿਧਾਨ ਸਭਾ ਹਲਕੇ ਵਿਚ ਵਿਕਾਸ ਕਰਵਾਉਣ ਸਮੇਂ ਵਿਜ਼ਨ ਦੀ ਭਾਰੀ ਘਾਟ ਕਾਰਨ ਨਾ ਸਿਰਫ ਕਰੋੜਾਂ ਰੁਪਿਆ ਬਰਬਾਦ ਹੋਇਆ, ਸਗੋਂ ਇਕ ਬਰਸਾਤ ਨਾਲ ਹੀ ਪੂਰਾ ਉੱਤਰੀ ਇਲਾਕਾ ਜਲਮਗਨ ਹੋ ਗਿਆ। ਉਨ੍ਹਾਂ ਕਿਹਾ ਕਿ ਸੜਕ ਦੇ ਨਿਰਮਾਣ ਤੇ ਪ੍ਰਾਜੈਕਟਾਂ ਵਿਚ ਕੁਆਲਿਟੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਦਾ ਖਮਿਆਜ਼ਾ ਅੱਜ ਲੱਖਾਂ ਲੋਕ ਭੁਗਤ ਰਹੇ ਹਨ ਕਿਉਂਕਿ ਹਰ ਗਲੀ ਅਤੇ ਹਰ ਸੜਕ ’ਤੇ ਬਰਸਾਤੀ ਪਾਣੀ ਜਮ੍ਹਾ ਹੈ। ਕੰਬੋਜ ਨੇ ਕਿਹਾ ਕਿ ਵਿਧਾਇਕ ਹੈਨਰੀ ਲਗਾਤਾਰ ਦਾਅਵੇ ਕਰਦੇ ਰਹੇ ਕਿ ਹੁਣ ਇਲਾਕੇ ਵਿਚ ਇਕ ਬੂੰਦ ਪਾਣੀ ਜਮ੍ਹਾ ਨਹੀਂ ਹੋਵੇਗਾ ਪਰ ਹਾਲਾਤ ਇਹ ਬਣ ਗਏ ਹਨ ਕਿ ਉਨ੍ਹਾਂ ਦੇ ਆਪਣੇ ਦਫ਼ਤਰ ਤੱਕ ਪਹੁੰਚਣਾ ਮੁਸ਼ਕਿਲ ਹੋ ਰਿਹਾ ਹੈ ਕਿਉਂਕਿ ਸਾਰੇ ਰਸਤਿਆਂ ’ਤੇ ਕਈ-ਕਈ ਫੁੱਟ ਪਾਣੀ ਜਮ੍ਹਾ ਹੈ।
ਇਹ ਵੀ ਪੜ੍ਹੋ: ਮੀਂਹ ਨੇ ਢਾਇਆ ਕਹਿਰ, ਫਗਵਾੜਾ ਵਿਖੇ ਡੇਅਰੀ ਦੀ ਛੱਤ ਡਿੱਗਣ ਕਰਕੇ ਦੋ ਵਿਅਕਤੀਆਂ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ