ਸਪੇਰਿਆਂ ਨੇ 4 ਘੰਟੇ ਵਜਾਈ ਬੀਨ, ਇਕ-ਇਕ ਕਰਕੇ ਫੜੇ 24 ਸੱਪ (ਵੀਡੀਓ)

10/08/2018 3:43:28 PM

ਜਲੰਧਰ, (ਸੁਨੀਲ)— ਪਠਾਨਕੋਟ ਬਾਈਪਾਸ ਨੇੜੇ ਪੈਂਦੇ ਮੁਹੱਲਾ ਬਚਿੰਤ ਨਗਰ 'ਚ ਇਕ ਪੁਰਾਣੇ ਘਰ 'ਚੋਂ 2 ਸਪੇਰਿਆਂ ਨੇ ਬੀਨ ਵਜਾ ਕੇ ਇਕ-ਇਕ ਕਰ ਕੇ 24 ਸੱਪ ਫੜੇ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪੁਰਾਣੇ ਘਰ 'ਚ ਪਿਛਲੇ ਕਾਫੀ ਸਮੇਂ ਤੋਂ ਕੋਈ ਵੀ ਨਹੀਂ ਰਹਿ ਰਿਹਾ ਸੀ, ਜਿਸ ਕਾਰਨ ਇਹ ਘਰ ਬੰਦ ਰਹਿੰਦਾ ਸੀ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਘਰ ਦੇ ਉਪਰੋਂ ਹੀ ਕਈ ਵਾਰ ਇਥੇ ਸੱਪਾਂ ਨੂੰ ਘੁੰਮਦੇ ਦੇਖਿਆ ਸੀ। ਕੱਲ ਜਦੋਂ ਮਕਾਨ ਮਾਲਕ ਨੇ ਇਸ ਘਰ ਦੀ ਸਫਾਈ ਕਰਵਾਉਣ ਲਈ ਮਜ਼ਦੂਰ ਲਗਾਏ ਤਾਂ ਉਨ੍ਹਾਂ ਨੇ ਵੀ ਇਥੇ ਸੱਪਾਂ ਨੂੰ ਘੁੰਮਦੇ ਦੇਖਿਆ ਅਤੇ ਸਫਾਈ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਗੱਲ ਦਾ ਨੋਟਿਸ ਲੈਂਦਿਆਂ ਮਕਾਨ ਮਾਲਕ ਨੇ ਠੇਕੇਦਾਰ ਨੂੰ ਕਿਹਾ ਕਿ ਸਪੇਰਿਆਂ ਨੂੰ ਲੈ ਕੇ ਆਵੇ ਤਾਂ ਜੋ ਸੱਪਾਂ ਨੂੰ ਫੜਿਆ ਜਾ ਸਕੇ। ਇਸ ਦੌਰਾਨ ਠੇਕੇਦਾਰ ਪਿੰਡ ਤੱਲ੍ਹਣ ਤੋਂ ਜਾ ਕੇ ਸਪੇਰਿਆਂ ਨੂੰ ਲੈ ਕੇ ਆਇਆ। ਸਪੇਰਿਆਂ ਨੇ ਜਦੋਂ ਘਰ ਦੇ ਅੰਦਰ ਜਾ ਕੇ ਬੀਨ ਵਜਾਈ ਤਾਂ ਉਥੇ ਸੱਪਾਂ ਦਾ ਤਾਂਤਾ ਲੱਗ ਗਿਆ, ਜਿਸ ਨਾਲ ਲੋਕਾਂ 'ਚ ਡਰ ਪੈਦਾ ਹੋ ਗਿਆ ਅਤੇ ਉਥੇ ਲੋਕਾਂ ਦੀ ਭੀੜ ਲੱਗ ਗਈ।

PunjabKesariਸਪੇਰਿਆਂ ਨੂੰ 24 ਸੱਪ ਫੜਨ ਲਈ 3-4 ਘੰਟੇ ਲੱਗ ਗਏ। ਜਦੋਂ ਸੱਪ ਫੜੇ ਗਏ ਤਾਂ ਇਸ ਦੌਰਾਨ ਇਕ ਸੱਪ ਨੇ ਸਪੇਰੇ ਨੂੰ ਕੱਟ ਵੀ ਦਿੱਤਾ ਪਰ ਸਪੇਰੇ ਨੇ ਆਪਣਾ ਇਲਾਜ ਖ਼ੁਦ ਕਰ ਕੇ ਆਪਣੀ ਜਾਨ ਬਚਾਈ, ਜਿਸ ਤੋਂ ਬਾਅਦ ਮੁਹੱਲੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸਭ ਤੋਂ ਪਹਿਲਾਂ ਜੋ ਸੱਪ ਫੜਿਆ ਗਿਆ, ਉਸ ਦੀ ਲੰਬਾਈ 6 ਫੁੱਟ ਦੇ ਕਰੀਬ ਸੀ। ਇਸ ਦੇ ਨਾਲ ਹੀ 4-5 ਸੱਪ ਕਾਫੀ ਵੱਡੇ ਫੜੇ ਗਏ। ਸਪੇਰਿਆਂ ਨੇ ਇਕ ਥੈਲੀ ਵਿਚ ਛੋਟੇ-ਛੋਟੇ ਸੱਪਾਂ ਦੇ ਬੱਚੇ ਫੜ ਕੇ ਰੱਖੇ ਹੋਏ ਸਨ। ਲੋਕਾਂ ਨੇ ਰੱਬ ਦਾ ਧੰਨਵਾਦ ਕੀਤਾ ਕਿ ਮੁਹੱਲੇ 'ਚ ਕੋਈ ਅਣਹੋਣੀ ਘਟਨਾ ਨਹੀਂ ਹੋਈ ਕਿਉਂਕਿ ਗਲੀ 'ਚ ਛੋਟੇ-ਛੋਟੇ ਬੱਚੇ ਅਕਸਰ ਖੇਡਦੇ ਰਹਿੰਦੇ ਹਨ।

PunjabKesariਕੀ ਕਹਿਣਾ ਹੈ ਕੌਂਸਲਰ ਲੁਬਾਣਾ ਦਾ
ਇਸ ਸਬੰਧ 'ਚ ਵਾਰਡ ਨੰਬਰ 5 ਦੇ ਕੌਂਸਲਰ ਕੁਲਦੀਪ ਸਿੰਘ ਲੁਬਾਣਾ ਦਾ ਕਹਿਣਾ ਹੈ ਕਿ ਲੋਕ ਆਪਣੇ ਘਰ ਦੇ ਆਸਪਾਸ ਸਾਫ-ਸਫਾਈ ਰੱਖਣ ਤਾਂ ਕਿ ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਹੋਣ ਤੋਂ ਬਚਿਆ ਜਾ ਸਕੇ।
ਏ. ਐੱਸ. ਆਈ. ਨੇ ਵੀ ਆਪਣੇ ਘਰ ਦੇ ਕੋਲ ਛੋਟਾ ਜਿਹਾ ਸੱਪ ਫੜ ਕੇ ਕੀਤਾ ਸਪੇਰਿਆਂ ਦੇ ਹਵਾਲੇ ਜਿੱਥੇ ਸਪੇਰੇ ਬੀਨ ਵਜਾ ਕੇ ਸੱਪ ਫੜ ਰਹੇ ਸਨ. ਉਸੇ ਦੌਰਾਨ ਨਾਲ ਲੱਗਦੀ ਗਲੀ 'ਚ ਵੀ ਇਕ ਛੋਟਾ ਜਿਹਾ ਸੱਪ ਥਾਣਾ ਡਵੀਜ਼ਨ ਨੰਬਰ 1 'ਚ ਤਾਇਨਾਤ ਕੁਲਵਿੰਦਰ ਸਿੰਘ ਨੇ ਆਪਣੇ ਘਰ ਦੇ ਕੋਲੋਂ ਇਕ ਸੱਪ ਫੜ ਕੇ ਸਪੇਰਿਆਂ ਦੇ ਹਵਾਲੇ ਕਰ ਦਿੱਤਾ। ਜਿਸ ਨਾਲ ਕੁਲ ਫੜੇ ਗਏ ਸੱਪਾਂ ਦੀ ਗਿਣਤੀ 25 ਹੋ ਗਈ ਸੀ।


Related News