ਸਾਲਿਡ ਵੇਸਟ ਮੈਨੇਜਮੈਂਟ ਸਬੰਧੀ ਕੋਈ ਯੋਜਨਾ ਨਹੀਂ ਬਣਾ ਸਕੇ ਨੇਤਾ ਤੇ ਜਲੰਧਰ ਨਿਗਮ ਅਫ਼ਸਰ

11/20/2023 5:49:31 PM

ਜਲੰਧਰ (ਖੁਰਾਣਾ)- ਜਦ ਪੰਜਾਬ ਅਤੇ ਜਲੰਧਰ ਨਗਰ ਨਿਗਮ ’ਤੇ ਅਕਾਲੀ ਭਾਜਪਾ ਦਾ ਰਾਜ ਸੀ ਤਾਂ 2013 ’ਚ ਜਿੰਦਲ ਕੰਪਨੀ ਨੂੰ ਸਾਲਿਡ ਵੇਸਟ ਮੈਨੇਜਮੈਂਟ ਦਾ ਕੰਟ੍ਰੈਕਟ ਸੌਂਪਿਆ ਗਿਆ ਸੀ ਪਰ ਉਸ ਮਾਮਲੇ ’ਚ ਹੋਈ ਰਾਜਨੀਤੀ ਕਾਰਨ ਕੰਪਨੀ ਜਲੰਧਰ ’ਚ ਆਪਣਾ ਪਲਾਂਟ ਹੀ ਨਹੀਂ ਲਾ ਸਕੀ ਤੇ ਕੁਝ ਮਹੀਨੇ ਕੂੜਾ ਉਠਾਉਣ ਅਤੇ ਸੁੱਟਣ ਦੀ ਖਾਨਾਪੂਰਤੀ ਕਰਨ ਤੋਂ ਬਾਅਦ ਕੰਪਨੀ ਇੱਥੋਂ ਆਪਣਾ ਸਾਮਾਨ ਸਮੇਟ ਕੇ ਚਲੀ ਗਈ।  ਜਿੰਦਲ ਕੰਪਨੀ ਤੋਂ ਕੰਟ੍ਰੈਕਟ ਹੋਏ 10 ਸਾਲ ਹੋ ਚੁੱਕੇ ਹਨ ਪਰ ਇਸ ਸਮੇਂ ਦੌਰਾਨ ਨਾ ਤਾਂ ਕਿਸੇ ਵੀ ਪਾਰਟੀ ਦਾ ਕੋਈ ਨੇਤਾ ਅਤੇ ਨਾ ਹੀ ਨਗਰ ਨਿਗਮ ਦਾ ਕੋਈ ਅਧਿਕਾਰੀ ਸਾਲਿਡ ਵੇਸਟ ਮੈਨੇਜਮੈਂਟ ਦੀ ਦਿਸ਼ਾ ’ਚ ਕੁਝ ਕਰ ਹੀ ਸਕਿਆ ਹੈ। ਜਿੰਦਲ ਕੰਪਨੀ ਦੇ ਚਲੇ ਜਾਣ ਤੋਂ ਬਾਅਦ ਉਸ ਸਮੇਂ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨਿਰਦੇਸ਼ਾਂ ’ਤੇ ਜਲੰਧਰ ’ਚ ਮਾਡਲ ਡੰਪ ਬਣਾਏ ਗਏ ਪਰ ਇਕ ਦਿਨ ਵੀ ਨਹੀਂ ਚੱਲ ਸਕੇ। ਉਸ ਤੋਂ ਬਾਅਦ ਅੰਡਰਗਰਾਊਂਡ ਬਿਨ ਬਣਾਉਣ ਦੇ ਨਾਂ ’ਤੇ ਫਿਰ ਕਰੋੜਾਂ ਖ਼ਰਚ ਕੀਤੇ ਗਏ ਤੇ ਉਹ ਪ੍ਰਾਜੈਕਟ ਵੀ ਬੂਰੀ ਤਰ੍ਹਾਂ ਫੇਲ ਹੋ ਗਿਆ।

ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਤਾਂ ਉਸ ਨੇ ਵੀ ਕਰੋੜਾਂ ਰੁਪਏ ਖਰਚ ਕਰ ਕੇ ਕਈ ਥਾਂ ਪਿਟ ਕੰਪੋਸਟਿੰਗ ਯੂਨਿਟ ਤੇ ਐੱਮ. ਆਰ. ਐੱਫ਼. ਸੈਂਟਰ ਬਣਵਾ ਦਿੱਤੇ ਪਰ ਉਸ ਸਰਕਾਰ ਤੋਂ ਵੀ ਇਕ ਸੈਂਟਰ ਤੱਕ ਨਹੀਂ ਚੱਲ ਸਕਿਆ ਅਤੇ 5 ਸਾਲ ’ਚ ਕਾਂਗਰਸੀ 5 ਕਿੱਲੋ ਕੂੜੇ ਨੂੰ ਵੀ ਖਾਦ ’ਚ ਨਹੀਂ ਬਦਲ ਸਕੇ। ਹੁਣ ‘ਆਪ’ ਨੂੰ ਆਏ ਹੋਏ ਵੀ ਕਰੀਬ 20 ਮਹੀਨੇ ਹੋ ਗਏ ਹਨ ਪਰ ਕੂੜੇ ਸਬੰਧੀ ਹਾਲਾਤ ਅੱਜ ਵੀ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਹਨ। ਸਵੱਛ ਭਾਰਤ ਮੁਹਿੰਮ ਤੇ ਹੋਰ ਯੋਜਨਾਵਾਂ ਤਹਿਤ ਜਲੰਧਰ ਨਗਰ ਨਿਗਮ ਨੂੰ ਪਿਛਲੇ ਸਾਲਾਂ ਦੌਰਾਨ ਕਰੋੜਾਂ ਰੁਪਏ ਦੀ ਗ੍ਰਾਂਟ ਮਿਲੀ, ਜਿਸ ਨੂੰ ਜਾਗਰੂਕਤਾ ਮੁਹਿੰਮ, ਰੈਲੀਆਂ, ਨੁੱਕੜ ਨਾਟਕਾਂ ਆਦਿ ’ਤੇ ਵੀ ਖਰਚ ਕਰ ਦਿੱਤਾ ਗਿਆ ਪਰ ਹੁਣ ਤੱਕ ਨਗਰ ਨਿਗਮ ਸਾਲਿਡ ਵੇਸਟ ਮੈਨੇਜਮੈਂਟ ਦੀ ਦਿਸ਼ਾ ’ਚ ਕੁਝ ਨਹੀਂ ਕਰ ਸਕਿਆ।

PunjabKesari

ਇਹ ਵੀ ਪੜ੍ਹੋ: ਵੱਡੀ ਖ਼ਬਰ: UK ਦੇ ਸਿੱਖ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਸਾਲਿਡ ਵੇਸਟ ਮੈਨੇਜਮੈਂਟ ਦੇ ਫਰੰਟ ’ਤੇ ਮਾੜੀ ਤਰ੍ਹਾਂ ਫੇਲ ਰਹਿਣ ਕਾਰਨ ਸ਼ਹਿਰੀਆਂ ਦੇ ਮਨਾਂ ’ਚ ਸਰਕਾਰਾਂ ਪ੍ਰਤੀ ਅਕਸਰ ਰੋਸ ਵੇਖਣ ਨੂੰ ਮਿਲਦਾ ਹੈ, ਜੋ ਕਈ ਵਾਰ ਚੋਣਾਂ ’ਚ ਮੁੱਦਾ ਵੀ ਬਣਦਾ ਰਿਹਾ ਹੈ। ਅਕਾਲੀ-ਭਾਜਪਾ ਜਾਣ ਤੋਂ ਬਾਅਦ ਜਦ ਕਾਂਗਰਸ ਸੱਤਾ ’ਚ ਆਈ ਸੀ ਤਾਂ ਵੀ ਸ਼ਹਿਰ ਦੀ ਮੇਨ ਸੜਕਾਂ ਦੇ ਕੰਡੇ ਕੂੜੇ ਦੇ ਢੇਰ ਲੱਗੇ ਰਹਿੰਦੇ ਸਨ ਤੇ ਅੱਜ ਵੀ ਇਹ ਹਾਲਾਤ ਵੈਸੇ ਹੀ ਹਨ। ਸ਼ਹਿਰ ’ਚ ਕਈ ਵਾਰਡ ਇਸ ਤਰ੍ਹਾਂ ਦੇ ਹਨਨ, ਜਿੱਥੇ ਅੱਧਾ ਦਰਜਨ ਤੋਂ ਵੀ ਘੱਟ ਸਫ਼ਾਈ ਕਰਮਚਾਰੀ ਕੰਮ ਕਰ ਰਹੇ ਹਨ। ਕਾਂਗਰਸੀਆਂ ਤੋਂ 5 ਸਾਲ ਸਫ਼ਾਈ ਸੇਵਕਾਂ ਦੀ ਬੀਟ ਸਿਸਟਮ ਹੀ ਲਾਗੂ ਨਹੀਂ ਹੋਇਆ ਅਤੇ ਨਾ ਹੀ ਸਾਰੇ ਵਾਰਡਾਂ ਨੂੰ ਸਹੀ ਢੰਗ ਤੋਂ ਸਫਾਈ ਕਰਮਚਾਰੀ ਹੀ ਅਲਾਟ ਹੋ ਪਾਏ। ਅੱਜ ਵੀ ਵਰਿਆਣਾ ਡੰਪ ਦੀ ਸਮੱਸਿਆ ਨਾ ਸਿਰਫ਼ ਬਰਕਰਾਰ ਹੈ ਸਗੋਂ ਦਿਨ-ਬ-ਦਿਨ ਵਧਦੀ ਜਾ ਰਹੀ ਹੈ।

ਪਤਾ ਨਹੀਂ ਕਦੋਂ ਸ਼ੁਰੂ ਹੋਵੇਗਾ ਬਾਇਓਮਾਈਨਿੰਗ ਪ੍ਰਾਜੈਕਟ
ਸਮਾਰਟ ਸਿਟੀ ਫੰਡ ਤੋਂ ਜਲੰਧਰ ਨਿਗਮ ਨੇ ਵਰਿਆਣਾ ਡੰਪ ’ਚ ਪਏ ਪੁਰਾਣੇ ਕੂੜੇ ਨੂੰ ਖਤਮ ਕਰਨ ਲਈ ਬਾਇਓਮਾਈਨਿੰਗ ਪਲਾਂਟ ਦੇ ਟੈਂਡਰ ਲਾਏ, ਚੇਨਈ ਦੀ ਕੰਪਨੀ ਨੂੰ ਵਰਕ ਆਰਡਰ ਵੀ ਅਲਾਟ ਹੋਇਆ ਪਰ ਕੰਪਨੀ ਛੱਡ ਕੇ ਚਲੀ ਗਈ। ਇਸ ਪਲਾਂਟ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸ਼ੱਕ ਪੈਦਾ ਹੋ ਰਹੇ ਹਨ ਅਤੇ ਇਥੇ ਕਿਹਾ ਜਾ ਰਿਹਾ ਹੈ ਕਿ ਨਾ ਜਾਣੇ ਕਿਸ ਸਰਕਾਰ ਦੇ ਕਾਰਜਕਾਲ ’ਚ ਇਹ ਪ੍ਰਾਜੈਕਟ ਸ਼ੁਰੂ ਹੋਵੇਗਾ। ਸਾਲਾਂ ਤੋਂ ਨਿਗਮ ਇਸ ਪ੍ਰਾਜੈਕਟ ’ਤੇ ਕਾਗਜ਼ ਕਾਲੇ ਕਰਦਾ ਆ ਰਿਹਾ ਹੈ ਅਤੇ ਲੱਖਾਂ ਕਰੋੜਾਂ ਖਰਚ ਵੀ ਕੀਤੇ ਗਏ ਪਰ ਫਿਰ ਵੀ ਵਰਿਆਣਾ ’ਚ ਇਕ ਮਰਲਾ ਥਾਂ ਵੀ ਕੂੜੇ ਤੋਂ ਮੁਕਤ ਨਹੀਂ ਹੋ ਸਕੀ।

PunjabKesari

ਇਹ ਵੀ ਪੜ੍ਹੋ: ਮੁੜ ਚਰਚਾ 'ਚ 'ਕੁੱਲ੍ਹੜ ਪਿੱਜ਼ਾ' ਕੱਪਲ, ਸਹਿਜ ਅਰੋੜਾ ਬੋਲੇ, ਫੇਕ ਨਹੀਂ ਸੀ ਨਿੱਜੀ ਵੀਡੀਓ, ਇੰਝ ਹੋਈ ਵਾਇਰਲ

ਪਿਟ ਕੰਪੋਸਟਿੰਗ ਪ੍ਰਾਜੈਕਟਾਂ ’ਤੇ ਕਰੋੜਾਂ ਖਰਚੇ ਪਰ ਚੱਲਿਆ ਕੋਈ ਵੀ ਨਹੀਂ
ਨਗਰ ਨਿਗਮ ਨੇ ਕਰੋੜਾਂ ਰੁਪਏ ਖਰਚ ਕਰ ਕੇ ਸ਼ਹਿਰ ’ਚ ਥਾਂ-ਥਾਂ ਪਿਟ ਕੰਪੋਸਟਿੰਗ ਯੂਨਿਟ ਤੋਂ ਬਿਨਾਂ ਦਿੱਤੇ ਪਰ ਹੁਣ ਤੱਕ ਜ਼ਿਆਦਾਤਰ ਪ੍ਰਾਜੈਕਟਾਂ ’ਚ ਨਾ ਇਲੈਕਟ੍ਰੀਕਲ ਕੁਨੈਕਸ਼ਨ ਲੱਗਾ ਹੈ ਤੇ ਨਾ ਹੀ ਵਾਟਰ ਕੁਨੈਕਸ਼ਨ ਮਿਲਿਆ ਹੈ। ਇਨ੍ਹਾਂ ਪਲਾਂਟਸ ਲਈ ਕੋਈ ਨਿਗਮ ਕਰਮਚਾਰੀ ਵੀ ਤਾਇਨਾਤ ਨਹੀਂ ਹੈ, ਜਿਸ ਕਾਰਨ ਇਨ੍ਹਾਂ ਪਿਟਸ ’ਚ ਇਕ ਕਿੱਲੋ ਖਾਦ ਵੀ ਤਿਆਰ ਨਹੀਂ ਹੋ ਰਹੀ ਤੇ ਪਲਾਂਟ ਲੋਕਾਂ ਦਾ ਮੂੰਹ ਚਿੜਾ ਰਹੇ ਹਨ। ਵਿਕਾਸਪੁਰੀ ਡੰਪ ’ਤੇ ਲੱਖਾਂ ਰੁਪਏ ਖਰਚ ਕਰ ਕੇ ਸ਼ੈੱਡ ਵੀ ਬਣਾ ਦਿੱਤੀ ਗਈ ਪਰ ਉੱਥੇ ਕੀ ਕੀਤਾ ਜਾਣਾ ਹੈ ਕਿਸੇ ਨੂੰ ਜਾਣਕਾਰੀ ਨਹੀਂ ਹਨ। ਨਿਗਮ ਨੇ ਸ਼ਹਿਰ ਦਾ ਅੱਧਾ ਕੂੜਾ ਫੋਲੜੀਵਾਲ ਟ੍ਰੀਟਮੈਂਟ ਪਲਾਂਟ ਕੰਪਲੈਕਸ ’ਚ ਸੁੱਟਣਾ ਸ਼ੁਰੂ ਕੀਤਾ ਗਿਆ ਸੀ ਪਰ ਫਿਰ ਵੀ ਹਾਲਾਤ ਕਾਬੂ ’ਚ ਨਹੀਂ ਆਏ।

ਵਰਿਆਣਾ ਡੰਪ ’ਚ ਨਾ ਢੰਗ ਦੀ ਸੜਕ, ਨਾ ਹੋਈ ਚਾਰਦੀਵਾਰੀ ਤੇ ਨਾ ਬਣੀ ਡ੍ਰੇਨ
ਐੱਨ. ਜੀ. ਟੀ. ਤੇ ਵੱਖ-ਵੱਖ ਅਦਾਲਤਾਂ ਨੇ ਨਿਗਮ ਨੂੰ ਨਿਰਦੇਸ਼ ਦੇ ਰੱਖੇ ਹਨ ਕਿ ਵਰਿਆਣਾ ਡੰਪ ਦੀ ਚਾਰਦੀਵਾਰੀ ਕਰ ਕੇ ਉਸ ਦੇ ਅੰਦਰ ਹੀ ਕੂੜਾ ਸੁੱਟਿਆ ਜਾਵੇ ਤੇ ਚਾਰਦੀਵਾਰੀ ਦੇ ਨਾਲ ਇਕ ਡ੍ਰੇਨ ਬਣਾਈ ਜਾਵੇ ਤਾਂ ਕਿ ਕੂੜੇ ਤੋਂ ਨਿਕਲਦਾ ਪਾਣੀ ਆਲੇ-ਦੁਆਲੇ ਦੇ ਖੇਤਰਾਂ ’ਚ ਨਾ ਫੈਲੇ। ਹੈਰਾਨੀਜਨਕ ਤੱਥ ਇਹ ਹੈ ਕਿ ਲੱਖਾਂ ਰੁਪਏ ਦਾ ਜੁਰਮਾਨਾ ਝੇਲਣ ਦੇ ਬਾਵਜੂਦ ਨਿਗਮ ਨੇ ਅੱਜ ਤੱਕ ਇਸ ਤਰ੍ਹਾਂ ਕਿਸੇ ਹੁਕਮ ਦਾ ਪਾਲਣ ਨਹੀਂ ਕੀਤਾ। ਡੰਪ ਨੂੰ ਪਹੁੰਚਣ ਵਾਲੀਆਂ ਸੜਕਾਂ ਨਹੀਂ ਹਨ। ਨਿਗਮ ਅਧਿਕਾਰੀਆਂ ਦੀ ਇਸ ਤੋਂ ਵੱਡੀ ਨਾਲਾਇਕੀ ਹੋਰ ਕੀ ਹੋਵੇਗੀ ਕਿ ਅੱਜ ਵੀ ਉੱਥੇ ਕੂੜੇ ਦੀ ਗੱਡੀ ਭੇਜਣ ਲਈ ਪੁਰਾਣੇ ਕੂੜੇ ਨੂੰ ਇੱਧਰ-ਉੱਧਰ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਫ਼ੌਜੀ ਜਵਾਨ ਦੀ ਪੁਣੇ 'ਚ ਡਿਊਟੀ ਦੌਰਾਨ ਹੋਈ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


Anuradha

Content Editor

Related News