ਜਲੰਧਰ ਨਿਗਮ ਨੇ ਫੋਕਲ ਪੁਆਇੰਟ ਦੇ ਸੀਵਰੇਜ ਡਿਸਪੋਜ਼ਲ ਨੂੰ ਲਾਇਆ ਤਾਲਾ

Thursday, Jan 02, 2020 - 11:26 AM (IST)

ਜਲੰਧਰ ਨਿਗਮ ਨੇ ਫੋਕਲ ਪੁਆਇੰਟ ਦੇ ਸੀਵਰੇਜ ਡਿਸਪੋਜ਼ਲ ਨੂੰ ਲਾਇਆ ਤਾਲਾ

ਜਲੰਧਰ (ਖੁਰਾਣਾ)— ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਸ਼ਹਿਰ 'ਚੋਂ ਲੰਘਦੀ ਕਾਲਾ ਸੰਘਿਆਂ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜੋ ਨਿਰਦੇਸ਼ ਦਿੱਤੇ ਹੋਏ ਹਨ, ਉਨ੍ਹਾਂ ਦੀ ਪਾਲਣਾ ਕਰਦਿਆਂ ਕੁਝ ਸਮਾਂ ਪਹਿਲਾਂ ਡਰੇਨ 'ਚ ਡਿੱਗਦੇ ਸੀਵਰੇਜ ਦੇ ਸਾਰੇ ਪੁਆਇੰਟਾਂ ਨੂੰ ਨਾਲੇ ਦੇ ਨਾਲ-ਨਾਲ ਜਾਂਦੀ ਸੀਵਰ ਲਾਈਨ ਨਾਲ ਜੋੜ ਦਿੱਤਾ ਗਿਆ ਸੀ। ਅਜਿਹਾ ਕਰਨ ਨਾਲ ਨਾਰਥ ਵਿਧਾਨ ਸਭਾ ਹਲਕੇ 'ਚ ਪੈਂਦੇ ਕਈ ਵਾਰਡਾਂ ਦੀਆਂ ਦਰਜਨਾਂ ਕਾਲੋਨੀਆਂ 'ਚ ਸੀਵਰ ਓਵਰਫਲੋਅ ਦੀ ਗੰਭੀਰ ਸਮੱਸਿਆ ਪੈਦਾ ਹੋ ਗਈ ਸੀ। ਇਸ ਸਮੱਸਿਆ ਨੂੰ ਦੇਖਦਿਆਂ ਮੇਅਰ ਜਗਦੀਸ਼ ਰਾਜਾ ਨੇ ਬੀਤੇ ਦਿਨ ਆਪਣੇ ਦਫਤਰ 'ਚ ਫਿਰ ਇਕ ਮੀਟਿੰਗ ਕੀਤੀ, ਜਿਸ 'ਚ ਨਗਰ ਨਿਗਮ, ਸੀਵਰੇਜ ਬੋਰਡ ਅਤੇ ਫੋਕਲ ਪੁਆਇੰਟ ਦਾ ਸੰਚਾਲਨ ਕਰਨ ਵਾਲੀ ਸੰਸਥਾ ਪੀ. ਐੱਸ. ਆਈ. ਡੀ. ਸੀ. ਦੇ ਅਧਿਕਾਰੀ ਮੌਜੂਦ ਸਨ। ਕੌਂਸਲਰ ਸੁਸ਼ੀਲ ਸ਼ਰਮਾ, ਵਿੱਕੀ ਕਾਲੀਆ ਅਤੇ ਨਿਗਮ ਕਮਿਸ਼ਨਰ ਵੀ ਮੀਟਿੰਗ 'ਚ ਮੌਜੂਦ ਸਨ। ਮੀਟਿੰਗ 'ਚ ਫੈਸਲਾ ਲਿਆ ਗਿਆ ਕਿ ਸੀਵਰ ਲਾਈਨ 'ਚ ਪਾਣੀ ਦੇ ਬੇਹੱਦ ਦਬਾਅ ਨੂੰ ਦੇਖਦੇ ਹੋਏ ਕੁਝ ਦਿਨਾਂ ਲਈ ਫੋਕਲ ਪੁਆਇੰਟ ਡਿਸਪੋਜ਼ਲ ਬੰਦ ਕਰ ਕੇ ਵੇਖਿਆ ਜਾਵੇ। ਇਹ ਫੈਸਲਾ ਲੈਣ ਤੋਂ ਬਾਅਦ ਨਗਰ ਨਿਗਮ ਦੇ ਓ. ਐਂਡ ਐੱਮ. ਸੈੱਲ ਨਾਲ ਜੁੜੇ ਅਧਿਕਾਰੀਆਂ ਨੇ ਤਤਕਾਲ ਫੋਕਲ ਪੁਆਇੰਟ ਡਿਸਪੋਜ਼ਲ ਜਾ ਕੇ ਉਥੇ ਤਾਲਾ ਲਾ ਦਿੱਤਾ। ਜ਼ਿਕਰਯੋਗ ਹੈ ਕਿ ਡ੍ਰੇਨ ਕੋਲ ਬਣੇ ਡਿਸਪੋਜ਼ਲ ਦਾ ਸੰਚਾਲਨ ਪੀ. ਐੱਸ. ਆਈ. ਡੀ. ਸੀ. ਵੱਲੋਂ ਕੀਤਾ ਜਾਂਦਾ ਹੈ।

600-700 ਫੈਕਟਰੀਆਂ ਨੂੰ ਆਵੇਗੀ ਗੰਭੀਰ ਸਮੱਸਿਆ
ਨਗਰ ਨਿਗਮ ਵਲੋਂ ਫੋਕਲ ਪੁਆਇੰਟ ਡਿਸਪੋਜ਼ਲ ਨੂੰ ਤਾਲਾ ਲਾ ਦਿੱਤੇ ਜਾਣ ਤੋਂ ਬਾਅਦ ਪੂਰੇ ਫੋਕਲ ਪੁਆਇੰਟ ਐਕਸਟੈਂਸ਼ਨ 'ਚ ਸਥਿਤ 600-700 ਫੈਕਟਰੀਆਂ ਨੂੰ ਆਉਣ ਵਾਲੇ ਦਿਨਾਂ ਵਿਚ ਸੀਵਰੇਜ ਬਲਾਕੇਜ ਜਾਂ ਓਵਰਫਲੋਅ ਦੀ ਗੰਭੀਰ ਸਮੱਸਿਆ ਆ ਸਕਦੀ ਹੈ। ਮੇਅਰ ਆਫਿਸ 'ਚ ਹੋਈ ਮੀਟਿੰਗ ਦੌਰਾਨ ਲਏ ਗਏ ਫੈਸਲੇ ਮੁਤਾਬਕ ਇਹ ਤਾਲਾ ਅਗਲੇ ਚਾਰ ਦਿਨ ਭਾਵ ਐਤਵਾਰ ਤੱਕ ਲੱਗਾ ਰਹੇਗਾ। ਉਸ ਤੋਂ ਬਾਅਦ ਨਿਗਮ ਅਧਿਕਾਰੀ ਉਥੇ ਜਾ ਕੇ ਸੀਵਰਲਾਈਨ ਦੇ ਪਾਣੀ ਦੇ ਦਬਾਅ ਨੂੰ ਚੈੱਕ ਕਰਨਗੇ। ਜੇਕਰ ਫੋਕਲ ਪੁਆਇੰਟ ਡਿਸਪੋਜ਼ਲ ਨੂੰ ਤਾਲਾ ਲਾਉਣ ਨਾਲ ਰਿਹਾਇਸ਼ੀ ਇਲਾਕਿਆਂ 'ਚ ਸੀਵਰ ਓਵਰਫਲੋਅ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਤਾਂ ਮੰਨਿਆ ਜਾਵੇਗਾ ਕਿ ਇਹ ਸਮੱਸਿਆ ਫੋਕਲ ਪੁਆਇੰਟ ਡਿਸਪੋਜ਼ਲ ਕਾਰਨ ਆ ਰਹੀ ਹੈ। ਅਜਿਹੀ ਸਥਿਤੀ 'ਚ ਇਸ ਡਿਸਪੋਜ਼ਲ ਨੂੰ ਬੰਦ ਹੀ ਰੱਖਿਆ ਜਾ ਸਕਦਾ ਹੈ।

PunjabKesari

ਰਾਜਨੀਤਕ ਲੋਕਾਂ ਲਈ ਮੁਸ਼ਕਲ ਵਾਲੀ ਸਥਿਤੀ
ਨਾਰਥ ਹਲਕੇ ਦੀ ਗੰਭੀਰ ਹੁੰਦੀ ਜਾ ਰਹੀ ਸੀਵਰ ਸਮੱਸਿਆ ਨਾਲ ਰਾਜਨੀਤਕ ਲੋਕਾਂ ਲਈ ਮੁਸ਼ਕਲ ਵਾਲੀ ਸਥਿਤੀ ਪੈਦਾ ਹੋ ਗਈ ਹੈ। ਪਹਿਲਾਂ ਵੀ ਨਿਗਮ ਕੌਂਸਲਰਾਂ ਅਤੇ ਫੋਕਲ ਪੁਆਇੰਟ ਦੇ ਉਦਯੋਗਪਤੀਆਂ ਦਰਮਿਆਨ ਸੀਵਰ ਕੁਨੈਕਸ਼ਨ ਨੂੰ ਜੋੜਨ ਅਤੇ ਕੱਟਣ ਨੂੰ ਲੈ ਕੇ ਟਕਰਾਅ ਹੋਇਆ ਸੀ, ਜਿਸ ਦਾ ਮਾਮਲਾ ਵਿਧਾਇਕ ਬਾਵਾ ਹੈਨਰੀ ਤੱਕ ਵੀ ਪਹੁੰਚਿਆ ਸੀ। ਹੁਣ ਸਿਆਸੀ ਆਗੂਆਂ ਲਈ ਇਹ ਸਮੱਸਿਆ ਬਣ ਸਕਦੀ ਹੈ ਕਿ ਜੇਕਰ ਰਿਹਾਇਸ਼ੀ ਕਾਲੋਨੀਆਂ ਦੀ ਸਮੱਸਿਆ ਦੂਰ ਕਰਨ ਲਈ ਫੋਕਲ ਪੁਆਇੰਟ ਡਿਸਪੋਜ਼ਲ ਬੰਦ ਕੀਤਾ ਗਿਆ ਤਾਂ ਇੰਡਸਟਰੀ ਦੀ ਨਾਰਾਜ਼ਗੀ ਵੀ ਇਨ੍ਹਾਂ ਆਗੂਆਂ ਨੂੰ ਝੱਲਣੀ ਪੈ ਸਕਦੀ ਹੈ। ਹੁਣ ਦੇਖਣਾ ਹੈ ਕਿ ਇਸ ਵਿਵਾਦ ਦਾ ਕੀ ਹੱਲ ਕੱਢਿਆ ਜਾਂਦਾ ਹੈ।

ਸੀਵਰੇਜ ਬੋਰਡ ਗਲਤੀ ਮੰਨਣ ਲਈ ਤਿਆਰ ਨਹੀਂ
ਮੀਟਿੰਗ ਦੌਰਾਨ ਇਸ ਗੱਲ 'ਤੇ ਚਰਚਾ ਹੋਈ ਹੈ ਕਿ ਜੇਕਰ ਨਾਰਥ ਹਲਕੇ ਦੀ ਸੀਵਰ ਸਮੱਸਿਆ ਲਈ ਫੋਕਲ ਪੁਆਇੰਟ ਜ਼ਿੰਮੇਵਾਰ ਹੋਇਆ ਤਾਂ ਪੀ. ਐੱਸ. ਆਈ. ਡੀ. ਸੀ. ਨੂੰ ਕਿਹਾ ਜਾਵੇਗਾ ਕਿ ਉਹ ਆਪਣਾ ਇੰਤਜ਼ਾਮ ਖੁਦ ਕਰੇ। ਉਹ ਹੀ ਐੱਨ. ਜੀ. ਟੀ. ਨੂੰ ਚਿੱਠੀ ਲਿਖ ਕੇ ਮੰਗ ਕਰੇ ਕਿ ਜਦੋਂ ਤੱਕ ਈ. ਟੀ. ਪੀ. ਨਹੀਂ ਲੱਗ ਜਾਂਦਾ ਤਦ ਤੱਕ ਡ੍ਰੇਨ 'ਚ ਸੀਵਰ ਸੁੱਟਣ ਦੀ ਇਜਾਜ਼ਤ ਦਿੱਤੀ ਜਾਵੇ।

ਡਿਸਪੋਜ਼ਲ ਕੋਲ ਬਣਿਆ ਹੈ ਮੌਤ ਦਾ ਖੂਹ
ਇੰਡਸਟਰੀ ਵਿਭਾਗ ਦੇ ਦਫਤਰ ਦੇ ਕੋਲ ਜਿੱਥੇ ਫੋਕਲ ਪੁਆਇੰਟ ਬਣਿਆ ਹੋਇਆ ਹੈ, ਉਥੇ ਇਕ ਮੌਤ ਦਾ ਖੂਹ ਵੀ ਮੌਜੂਦ ਹੈ, ਜਿੱਥੇ ਉੱਪਰ ਤੱਕ ਪਾਣੀ ਅਤੇ ਗਾਰਾ ਭਰਿਆ ਹੋਇਆ ਹੈ। ਇਸ ਖੂਹ ਦੇ ਆਲੇ-ਦੁਆਲੇ ਕੋਈ ਫੈਂਸਿੰਗ ਨਹੀਂ ਹੈ। ਇਹ ਇੰਨਾ ਡੂੰਘਾ ਹੈ ਕਿ ਇਸ ਵਿਚ ਡਿੱਗੀ ਕੋਈ ਵੀ ਚੀਜ਼ ਆਸਾਨੀ ਨਾਲ ਬਾਹਰ ਨਹੀਂ ਕੱਢੀ ਜਾ ਸਕਦੀ। ਸ਼ਹੀਦ ਭਗਤ ਸਿੰਘ ਕਾਲੋਨੀ 'ਚ ਅਜਿਹੇ ਹੀ ਇਕ ਖੁੱਲ੍ਹੇ ਖੂਹ 'ਚ ਕੁਝ ਦਿਨ ਪਹਿਲਾਂ ਇਕ ਬੱਚੇ ਦੀ ਮੌਤ ਹੋ ਗਈ ਸੀ। ਕੌਂਸਲਰ ਸੁਸ਼ੀਲ ਸ਼ਰਮਾ ਨੇ ਮੰਗ ਕੀਤੀ ਕਿ ਇਸ ਖੂਹ ਨੂੰ ਜਾਂ ਤਾਂ ਢਕਿਆ ਜਾਵੇ ਜਾਂ ਉੱਚੀ ਫੈਂਸਿੰਗ ਕਰਵਾਈ ਜਾਵੇ।


author

shivani attri

Content Editor

Related News