ਕੁੱਕੀ ਢਾਬ ’ਚ ਦਿਨ-ਦਿਹਾੜੇ ਸਾਬਕਾ ਕਾਨੂੰਗੋ ਦੇ ਘਰ ’ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ

10/27/2021 4:13:06 PM

ਜਲੰਧਰ (ਜ. ਬ.)– ਇਕ ਪਾਸੇ ਜਲੰਧਰ ਕਮਿਸ਼ਨਰੇਟ ਪੁਲਸ ਫੋਟੋ ਸੈਸ਼ਨ ਕਰਵਾ ਕੇ ਸ਼ਹਿਰ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਦੇ ਅੰਡਰ ਕੰਟਰੋਲ ਹੋਣ ਦੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਦਿਨ-ਦਿਹਾੜੇ ਸ਼ਹਿਰ ਵਿਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਪੁਲਸ ਦੇ ਦਾਅਵਿਆਂ ਨੂੰ ਮੂੰਹ ਚਿੜਾ ਰਹੀਆਂ ਹਨ। ਕੁੱਕੀ ਢਾਬ ਵਿਚ ਮੰਗਲਵਾਰ ਦਿਨ-ਦਿਹਾੜੇ ਹੋਈ ਚੋਰੀ ਦੀ ਵਾਰਦਾਤ ਨੇ ਪੁਲਸ ਦੇ ਦਾਅਵਿਆਂ ਦੀ ਸੱਚਾਈ ’ਤੇ ਪਾਣੀ ਫੇਰ ਦਿੱਤਾ। ਚੋਰਾਂ ਨੇ ਤਾਲੇ ਲੱਗੇ ਸਾਬਕਾ ਕਾਨੂੰਗੋ ਦੇ ਘਰ ਵਿਚ ਦਾਖ਼ਲ ਹੋ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਜਿਸ ਸਮੇਂ ਵਾਰਦਾਤ ਹੋਈ, ਸਾਬਕਾ ਕਾਨੂੰਗੋ ਕੁਲਦੀਪ ਸਿੰਘ ਪਤਨੀ ਗੁਰਦੁਆਰੇ ਭੋਗ ਵਿਚ ਸ਼ਾਮਲ ਹੋਣ ਗਈ ਸੀ, ਜਦੋਂ ਕਿ ਖ਼ੁਦ ਸਾਬਕਾ ਕਾਨੂੰਗੋ ਸੈੱਲ ਘਟਣ ਕਾਰਨ ਹਸਪਤਾਲ ਵਿਚ ਦਾਖਲ ਹਨ।

ਜਾਣਕਾਰੀ ਦਿੰਦਿਆਂ ਕੁੱਕੀ ਢਾਬ ਨਿਵਾਸੀ ਅਮਰਜੀਤ ਕੌਰ ਪਤਨੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਜਾਣਕਾਰ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ, ਜਿਸ ਕਾਰਨ ਉਹ ਘਰ ਨੂੰ ਤਾਲਾ ਲਾ ਕੇ ਗੁਰਦੁਆਰੇ ਭੋਗ ਵਿਚ ਸ਼ਾਮਲ ਹੋਣ ਗਈ ਸੀ। ਉਨ੍ਹਾਂ ਦਾ ਬੇਟਾ ਆਪਣੇ ਕੰਮ ’ਤੇ ਗਿਆ ਸੀ ਅਤੇ ਨੂੰਹ ਪੇਕੇ ਗਈ ਹੋਈ ਸੀ। ਅਮਰਜੀਤ ਕੌਰ ਨੇ ਕਿਹਾ ਕਿ ਮੰਗਲਵਾਰ ਦੁਪਹਿਰੇ ਲਗਭਗ 1 ਵਜੇ ਘਰ ਆਈ ਤਾਂ ਵੇਖਿਆ ਕਿ ਮੇਨ ਗੇਟ ਖੁੱਲ੍ਹਾ ਪਿਆ ਸੀ। ਕਮਰੇ ਅਤੇ ਅਲਮਾਰੀ ਦੇ ਲਾਕ ਟੁੱਟੇ ਹੋਏ ਸਨ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਅਲਮਾਰੀ ਦੇ ਲਾਕਰ ਵਿਚੋਂ ਲਗਭਗ 14 ਤੋਲੇ ਸੋਨੇ ਦੇ ਗਹਿਣੇ ਅਤੇ 10 ਹਜ਼ਾਰ ਰੁਪਏ ਚੋਰੀ ਕਰ ਲਏ। ਚੋਰੀ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 7 ਦੀ ਪੁਲਸ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਮੌਕੇ ’ਤੇ ਪਹੁੰਚ ਗਈ ਸੀ। ਪੁਲਸ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਕੈਪਟਨ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ, ਅਰੂਸਾ ਆਲਮ ਦੀਆਂ ਤਸਵੀਰਾਂ ਸਾਂਝੀਆਂ ਕਰ ਕਹੀਆਂ ਵੱਡੀਆਂ ਗੱਲਾਂ

PunjabKesari

ਐੱਮ. ਆਈ. ਜੀ. ਫਲੈਟਾਂ ’ਚ ਵੀ ਦਿਨ-ਦਿਹਾੜੇ ਚੋਰੀ
ਚੋਰਾਂ ਨੇ ਥਾਣਾ ਨੰਬਰ 7 ਅਧੀਨ ਪੈਂਦੇ ਐੱਮ. ਆਈ. ਜੀ. ਫਲੈਟਾਂ ਵਿਚ ਰਹਿੰਦੇ ਵਿਸ਼ੂ ਆਨੰਦ ਪੁੱਤਰ ਵਿਜੇ ਆਨੰਦ ਦੇ ਘਰ ਵਿਚ ਦਾਖਲ ਹੋ ਕੇ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਥਾਣਾ ਨੰਬਰ 7 ਵਿਚ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਵਿਸ਼ੂ ਨੇ ਦੱਸਿਆ ਕਿ ਬੀਤੇ ਦਿਨੀਂ ਉਹ 11 ਵਜੇ ਕੰਮ ’ਤੇ ਗਿਆ ਸੀ। ਸ਼ਾਮੀਂ ਲਗਭਗ 6 ਵਜੇ ਮੁੜਿਆ ਤਾਂ ਵੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ। ਚੋਰਾਂ ਨੇ ਘਰ ਵਿਚੋਂ ਐੱਲ. ਈ. ਡੀ., 8 ਹਜ਼ਾਰ ਰੁਪਏ ਅਤੇ ਬਾਥਰੂਮ ਵਿਚੋਂ ਟੂਟੀਆਂ ਚੋਰੀ ਕਰ ਲਈਆਂ।

ਸਾਬਕਾ ਕਾਨੂੰਗੋ ਦੇ ਗੁਆਂਢ ’ਚ ਹੋਈ ਸੀ ਲੱਖਾਂ ਦੀ ਲੁੱਟ
14 ਜੁਲਾਈ 2021 ਨੂੰ ਸਾਬਕਾ ਕਾਨੂੰਗੋ ਕੁਲਦੀਪ ਸਿੰਘ ਦੇ ਗੁਆਂਢ ਵਿਚ ਰਹਿੰਦੇ ਰਿੰਕੂ ਦੇ ਘਰ ਵੀ ਲੱਖਾਂ ਰੁਪਏ ਦੀ ਲੁੱਟ ਹੋਈ ਸੀ। ਲੁਟੇਰਿਆਂ ਨੇ ਰਿੰਕੂ ਅਤੇ ਉਸ ਦੀ ਮਾਤਾ ਨੂੰ ਨਕਲੀ ਪਿਸਤੌਲ ਦੀ ਨੋਕ ’ਤੇ ਬੰਦੀ ਬਣਾ ਕੇ ਸੋਨੇ ਦੇ ਗਹਿਣੇ ਲੁੱਟ ਲਏ ਸਨ। ਮੁਲਜ਼ਮ ਵਿਆਹ ਦਾ ਡੱਬਾ ਦੇਣ ਬਹਾਨੇ ਆਏ ਸਨ। ਹਾਲਾਂਕਿ ਥਾਣਾ ਨੰਬਰ 7 ਦੀ ਪੁਲਸ ਇਸ ਮਾਮਲੇ ਵਿਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਪਰ ਲੁੱਟ ਦੇ ਗਹਿਣੇ ਬਰਾਮਦ ਨਹੀਂ ਹੋਏ। ਪੁਲਸ ਦਾ ਕਹਿਣਾ ਸੀ ਕਿ ਪੰਜਵੇਂ ਮੁਲਜ਼ਮ ਦੀਪੂ ਨਿਵਾਸੀ ਕੋਟ ਸਦੀਕ ਕੋਲ ਲੁੱਟ ਦੇ ਗਹਿਣੇ ਹਨ ਪਰ ਉਸ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ। ਦੀਪੂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹੈ ਪਰ ਪੁਲਸ ਉਸ ਨੂੰ ਗ੍ਰਿਫ਼ਤਾਰ ਕਰਨ ਵਿਚ ਅਸਫ਼ਲ ਰਹੀ।

ਇਹ ਵੀ ਪੜ੍ਹੋ: ਜਲੰਧਰ ਦੇ ਸੈਂਟਰਲ ਹਲਕੇ ਤੋਂ ਵਿਧਾਇਕ ਰਜਿੰਦਰ ਬੇਰੀ ਅਦਾਲਤ ਵੱਲੋਂ ਦੋਸ਼ੀ ਕਰਾਰ, ਜਾਣੋ ਕੀ ਹੈ ਪੂਰਾ ਮਾਮਲਾ?

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News