ਜਲੰਧਰ ਕੈਂਟ ਹਲਕੇ ’ਚ ਕਾਂਗਰਸ ਨੂੰ ਲੱਗੇਗਾ ਵੱਡਾ ਝਟਕਾ, ਵੱਡੀ ਗਿਣਤੀ ਸਮਰਥਕ ‘ਆਪ’ ਜਾਣ ਲਈ ਤਿਆਰ

04/02/2022 4:53:59 PM

ਜਲੰਧਰ (ਮਹੇਸ਼)–ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਭਾਵੇਂ ਪਰਗਟ ਸਿੰਘ ਕਾਂਗਰਸ ਦੇ ਵਿਧਾਇਕ ਚੁਣੇ ਗਏ ਹਨ ਪਰ ਇਸਦੇ ਬਾਵਜੂਦ ਹਲਕੇ ਦੇ ਕਾਂਗਰਸੀ ਲਗਾਤਾਰ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਤਾਜ਼ਾ ਜਾਣਕਾਰੀ ਅਨੁਸਾਰ ਆਉਣ ਵਾਲੇ ਿਦਨਾਂ ਵਿਚ ਇਸ ਹਲਕੇ ਤੋਂ ਕਾਂਗਰਸ ਦੇ ਇਕ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਸਮੇਤ 15 ਤੋਂ 20 ਪਿੰਡਾਂ ਦੇ ਸਰਪੰਚਾਂ ਵੱਲੋਂ ਆਪਣੇ ਹਜ਼ਾਰਾਂ ਸਮਰਥਕਾਂ ਸਮੇਤ ਪੰਜਾਬ ਦੀ ਸੱਤਾਧਾਰੀ ਪਾਰਟੀ ਵਿਚ ਸ਼ਾਮਲ ਹੋਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਦਾ ਸੰਪਰਕ ਵੀ ‘ਆਪ’ ਦੇ ਵੱਡੇ ਆਗੂਆਂ ਨਾਲ ਹੋ ਚੁੱਕਾ ਹੈ। ਕੁਝ ਦਿਨ ਪਹਿਲਾਂ ਹੀ ਮਹਿੰਦਰ ਦਾਦਰਾ ਖੁਰਲਾ ਕਿੰਗਰਾ ਅਤੇ ਸੀਤਲ ਕੁਮਾਰ ਢਿੱਲੋਂ ਇੰਦਰਾ ਪਾਰਕ ਵਰਗੇ ਕਈ ਪੁਰਾਣੇ ਟਕਸਾਲੀ ਕਾਂਗਰਸੀ ‘ਆਪ’ ਦਾ ਪੱਲਾ ਫੜ ਚੁੱਕੇ ਹਨ।

‘ਆਪ’ ’ਚ ਜਾਣ ਵਾਲੇ ਕਾਂਗਰਸੀਆਂ ਨੇ ਆਪਣਾ ਨਾਂ ਗੁਪਤ ਰੱਖਦਿਆਂ ਦੱਸਿਆ ਕਿ ਪੰਚਾਇਤੀ ਚੋਣਾਂ ਵਿਚ ਅਜੇ ਡੇਢ ਸਾਲ ਤੋਂ ਵੱਧ ਸਮਾਂ ਪਿਆ ਹੈ ਅਤੇ ਸੂਬੇ ਵਿਚ ਸਰਕਾਰ ਰਿਕਾਰਡਤੋੜ 92 ਸੀਟਾਂ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਹੈ, ਇਸ ਲਈ ਉਹ ਸਮਝਦੇ ਹਨ ਕਿ ਸਰਕਾਰ ਨਾਲ ਜੁੜ ਕੇ ਹੀ ਉਨ੍ਹਾਂ ਦੇ ਪਿੰਡਾਂ ਦੀ ਤਰੱਕੀ ਹੋ ਸਕਦੀ ਹੈ ਅਤੇ ਆਪਸੀ ਧੜੇਬੰਦੀ ਕਾਰਨ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਹੋਈ ਸ਼ਰਮਨਾਕ ਹਾਰ ਨੇ ਵੀ ਉਨ੍ਹਾਂ ਨੂੰ ਕਾਫੀ ਨਿਰਾਸ਼ ਕੀਤਾ ਹੈ। ਪਾਰਟੀ ਬਦਲਣ ਜਾ ਰਹੇ ਕਾਂਗਰਸੀਆਂ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਹਿਲਾਂ ਤੋਂ ਪਤਾ ਹੁੰਦਾ ਕਿ ਕਾਂਗਰਸ ਦਾ ਹਸ਼ਰ ਵਿਧਾਨ ਸਭਾ ਚੋਣਾਂ ’ਚ ਅਜਿਹਾ ਹੋਣ ਵਾਲਾ ਹੈ ਤਾਂ ਉਨ੍ਹਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲੈਣਾ ਸੀ।

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸ਼ੁਰੂਆਤੀ ਕੰਮਕਾਜ ਨੂੰ ਵੀ ਸਲਾਹਿਆ। ਜਲੰਧਰ ਕੈਂਟ ਹਲਕੇ ਵਿਚ ਲਗਾਤਾਰ ਕਾਂਗਰਸ ਪਾਰਟੀ ਦਾ ਗ੍ਰਾਫ ਡਿੱਗ ਰਿਹਾ ਹੈ। 2017 ਦੀਆਂ ਚੋਣਾਂ ਵਿਚ ਪਰਗਟ ਸਿੰਘ ਨੂੰ 60 ਹਜ਼ਾਰ ਦੇ ਲਗਭਗ ਵੋਟਾਂ ਪਈਆਂ ਸਨ, ਜਦੋਂ ਕਿ ਇਸ ਵਾਰ ਉਹ 40 ਹਜ਼ਾਰ ਵੋਟਾਂ ਲੈਣ ਵਿਚ ਕਾਮਯਾਬ ਹੋਏ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ 20 ਹਜ਼ਾਰ ਵੋਟਾਂ ਉਨ੍ਹਾਂ ਨੂੰ ਘੱਟ ਮਿਲੀਆਂ। ਪਿਛਲੀਆਂ ਚੋਣਾਂ ਵਿਚ ਉਨ੍ਹਾਂ ਦੀ ਲੀਡ 30 ਹਜ਼ਾਰ ਸੀ, ਜਿਹੜੀ ਕਿ ਇਸ ਵਾਰ ਸਿਰਫ 5 ਹਜ਼ਾਰ ਰਹਿ ਗਈ।


Manoj

Content Editor

Related News