ਜਲੰਧਰ ਦਾ ਹਾਲ-ਏ-ਸਿਵਲ ਹਸਪਤਾਲ, 2 ਮਰੀਜ਼ ਜ਼ਮੀਨ ’ਤੇ ਰਹੇ ਤੜਫਦੇ
Wednesday, Oct 01, 2025 - 12:48 PM (IST)

ਜਲੰਧਰ (ਸ਼ੋਰੀ)–ਸਰਕਾਰੀ ਹਸਪਤਾਲਾਂ ਵਿਚ ਮਰੀਜ਼ ਆਸ ਲੈ ਕੇ ਆਉਂਦੇ ਹਨ ਕਿ ਉਨ੍ਹਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ ਅਤੇ ਸਾਡੇ ਸਿਹਤ ਮੰਤਰੀ ਬਲਬੀਰ ਸਿੰਘ ਵੀ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਦੇ ਹਨ ਪਰ ਉਨ੍ਹਾਂ ਦੇ ਦਾਅਵਿਆਂ ਦੀ ਹਕੀਕਤ ਜਲੰਧਰ ਦੇ ਸਿਵਲ ਹਸਪਤਾਲ ਦਾ ਰਾਊਂਡ ਲਾਉਣ ਤੋਂ ਪਤਾ ਲੱਗਦੀ ਹੈ। ਸਿਵਲ ਹਸਪਤਾਲ ਦੀ ਦੂਜੀ ਮੰਜ਼ਿਲ ’ਤੇ ਸਥਿਤ ਐੱਮ. ਐੱਲ. ਸੀ. ਵਾਰਡ, ਜਿੱਥੇ ਕੁੱਟਮਾਰ ਵਿਚ ਜ਼ਖ਼ਮੀਆਂ ਨਾਲ ਅਣਪਛਾਤੇ ਮਰੀਜ਼ਾਂ ਨੂੰ ਵੀ ਦਾਖ਼ਲ ਕੀਤਾ ਜਾਂਦਾ ਹੈ।
ਵਾਰਡ ਦੇ ਬੈੱਡ ਨੰਬਰ 29 ’ਤੇ ਦਾਖ਼ਲ ਲਗਭਗ 50 ਸਾਲਾ ਵਿਅਕਤੀ, ਜਿਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਹੱਡੀਆਂ ਦੀ ਬੀਮਾਰੀ ਤੋਂ ਪੀੜਤ ਮਰੀਜ਼ ਨੂੰ 21 ਜੂਨ ਨੂੰ ਕੋਈ ਦਾਖ਼ਲ ਕਰਵਾ ਗਿਆ ਪਰ ਉਕਤ ਮਰੀਜ਼ ਬੈੱਡ ’ਤੇ ਨਹੀਂ, ਸਗੋਂ ਜ਼ਮੀਨ ’ਤੇ ਡਿੱਗਿਆ ਮਿਲਿਆ ਹੈ। ਜ਼ਮੀਨ ’ਤੇ ਡਿੱਗਣ ਕਾਰਨ ਉਸ ਦੇ ਸਿਰ ਤੋਂ ਥੋੜ੍ਹਾ ਖ਼ੂਨ ਵੀ ਵਗ ਰਿਹਾ ਸੀ। ਉਸ ਦੇ ਨੇੜੇ ਹੀ ਬੈੱਡ ਨੰਬਰ 34 ’ਤੇ ਲਗਭਗ 45 ਸਾਲਾ ਵਿਅਕਤੀ, ਜਿਸ ਦੀ ਵੀ ਮਾਨਸਿਕ ਹਾਲਤ ਠੀਕ ਨਹੀਂ ਸੀ, ਉਹ ਸਰਜਰੀ ਦਾ ਮਰੀਜ਼ ਸੀ ਅਤੇ ਉਹ ਵੀ ਜ਼ਮੀਨ ’ਤੇ ਡਿੱਗਿਆ ਪਿਆ ਸੀ। ਉਕਤ ਦੋਵੇਂ ਮਰੀਜ਼ ਜ਼ਮੀਨ ’ਤੇ ਤੜਫਦੇ ਦਿਸੇ ਅਤੇ ਹਸਪਤਾਲ ਵਿਚ ਇਨਸਾਨੀਅਤ ਸ਼ਰਮਸਾਰ ਹੋ ਰਹੀ ਸੀ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਮਸ਼ਹੂਰ ਕਾਲਜ ਨੇੜਿਓਂ ਨਿਕਲੇ 12 ਜ਼ਹਿਰੀਲੇ ਸੱਪ, ਵੇਖ ਉੱਡੇ ਲੋਕਾਂ ਦੇ ਹੋਸ਼
ਵਾਰਡ ਵਿਚ ਹੀ ਕੋਲ ਬੈਠੇ ਮਰੀਜ਼ਾਂ ਦਾ ਕਹਿਣਾ ਸੀ ਕਿ ਕੋਈ ਸਟਾਫ਼ ਉਨ੍ਹਾਂ ਨੂੰ ਉਠਾਉਣ ਨਹੀਂ ਆਇਆ ਅਤੇ ਦੋਵਾਂ ਮਰੀਜ਼ਾਂ ਦੇ ਕੱਪੜੇ ਗੰਦੇ ਸਨ। ਵਾਰਡ ਵਿਚ ਸਫ਼ਾਈ ਨਾ ਹੋਣ ਕਾਰਨ ਬਦਬੂ ਨਾਲ ਵੀ ਮਰੀਜ਼ ਪ੍ਰੇਸ਼ਾਨ ਸਨ। ਮਰੀਜ਼ਾਂ ਦਾ ਕਹਿਣਾ ਸੀ ਕਿ ਉਹ ਤਾਂ ਇਸ ਆਸ ਨਾਲ ਆਏ ਸਨ ਕਿ ਸਰਕਾਰੀ ਹਸਪਤਾਲ ਵਿਚ ਵੱਡੇ ਪੱਧਰ ’ਤੇ ਸੁਧਾਰ ਹੋਏ ਹਨ ਪਰ ਇਥੇ ਤਾਂ ਪਹਿਲਾਂ ਵਾਲੀਆਂ ਸਹੂਲਤਾਂ ਵੀ ਮਰੀਜ਼ਾਂ ਨੂੰ ਮਿਲਣੀਆਂ ਬੰਦ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਡੂੰਘੀ ਹੋ ਰਹੀ ਕਾਂਗਰਸ 'ਚ ਧੜੇਬੰਦੀ, ਚਿੰਤਾ 'ਚ ਹਾਈਕਮਾਨ
ਸਟਾਫ਼ ਬੋਲਿਆ-ਢਾਈ ਸਾਲ ਤੋਂ ਉੱਪਰ ਸਮਾਂ ਹੋ ਚੱਲਿਆ, ਸਿਹਤ ਮੰਤਰੀ ਪੂਰਾ ਨਹੀਂ ਕਰ ਸਕੇ ਸਟਾਫ਼
ਸਿਵਲ ਹਸਪਤਾਲ ਵਿਚ ਅਜਿਹੇ ਹਾਲਾਤ ਦੀ ਜ਼ਿੰਮੇਵਾਰੀ ਦਰਅਸਲ ਕਿਸੇ ਡਾਕਟਰ ਜਾਂ ਸਟਾਫ਼ ਦੀ ਨਹੀਂ, ਸਗੋਂ ਸਟਾਫ਼ ਦੀ ਕਮੀ ਕਾਰਨ ਅਜਿਹੇ ਹਾਲਾਤ ਬਣ ਚੁੱਕੇ ਹਨ। ਹਸਪਤਾਲ ਵਿਚ ਨਰਸਿੰਗ ਸਟਾਫ਼ ਦੀ ਕਮੀ ਇੰਨੀ ਹੈ ਕਿ ਇਕ ਸਟਾਫ਼ ਨੂੰ 2 ਵਾਰਡ ਵੇਖਣੇ ਪੈਂਦੇ ਹਨ। ਇਸ ਦੇ ਇਲਾਵਾ ਵਾਰਡ ਅਟੈਂਡੈਂਟ ਤੇ ਸਵੀਪਰ ਦੀ ਘਾਟ ਵੀ ਹਸਪਤਾਲ ਝੱਲ ਰਿਹਾ ਹੈ। ਇਕ ਸਟਾਫ ਦਾ ਤਾਂ ਇਥੋਂ ਤਕ ਕਹਿਣਾ ਸੀ ਕਿ ਢਾਈ ਸਾਲ ਤੋਂ ਉੱਪਰ ਸਮਾਂ ਹੋ ਚੱਲਿਆ ਹੈ ਅਤੇ ਸਿਹਤ ਮੰਤਰੀ ਨੂੰ ਹਰ ਵਾਰ ਜਦੋਂ ਵੀ ਉਹ ਹਸਪਤਾਲ ਆਉਂਦੇ ਹਨ, ਉਨ੍ਹਾਂ ਨੂੰ ਸਟਾਫ ਦੀ ਘਾਟ ਬਾਰੇ ਦੱਸਦੇ ਹਾਂ। ਮੰਤਰੀ ਜੀ ਹਰ ਵਾਰ ਜਲਦ ਸਟਾਫ਼ ਪੂਰਾ ਕਰਨ ਦਾ
ਭਰੋਸਾ ਦਿੰਦੇ ਹਨ ਪਰ ਉਨ੍ਹਾਂ ਦਾ ਵਾਅਦਾ ਆਖਿਰ ਕਦੋਂ ਪੂਰਾ ਹੋਵੇਗਾ?
ਹਸਪਤਾਲ ਵਿਚ ਕਾਫੀ ਪੁਰਾਣਾ ਸਟਾਫ਼ ਰਿਟਾਇਰਡ ਹੋ ਚੁੱਕਾ ਹੈ ਅਤੇ ਸਟਾਫ ਵਧਣ ਦੀ ਥਾਂ ’ਤੇ ਘਟਦਾ ਜਾ ਰਿਹਾ ਹੈ। ਇਸ ਬਾਰੇ ਵੀ ਮੰਤਰੀ ਜੀ ਨੂੰ ਸੋਚਣ ਦੀ ਲੋੜ ਹੈ। ਜੇਕਰ ਹਾਲਾਤ ਇਹੀ ਰਹੇ ਤਾਂ ਸੂਬੇ ਦਾ ਸਭ ਤੋਂ ਵੱਡਾ ਸਿਵਲ ਹਸਪਤਾਲ ਕਿਤੇ ਛੋਟੀ ਡਿਸਪੈਂਸਰੀ ਬਣ ਕੇ ਨਾ ਰਹਿ ਜਾਵੇ।
ਪਹਿਲਾਂ ਤੋਂ ਹੋਈ ਵੱਡੀ ਲਾਪ੍ਰਵਾਹੀ ਦੀ ਜਾਂਚ ਕਰ ਰਿਹਾ ਮਨੁੱਖੀ ਅਧਿਕਾਰ ਕਮਿਸ਼ਨ, ਹੁਣ ਦੋਬਾਰਾ ਗਲਤੀ
ਜ਼ਿਕਰਯੋਗ ਹੈ ਕਿ ਲਗਭਗ ਇਕ ਸਾਲ ਪਹਿਲਾਂ 2 ਅਣਪਛਾਤੇ ਮਾਨਸਿਕ ਮਰੀਜ਼ਾਂ ਨੂੰ ਹਸਪਤਾਲ ਪ੍ਰਸ਼ਾਸਨ ਦੇ ਕਹਿਣ ’ਤੇ ਹਸਪਤਾਲ ਦੇ ਗੇਟ ਦੇ ਬਾਹਰ ਸੁੱਟ ਦਿੱਤਾ ਗਿਆ ਸੀ। ਇਸ ਦਾ ਕਾਰਨ ਸੀ ਕਿ ਦੋਵਾਂ ਮਰੀਜ਼ਾਂ ਦੇ ਨਾਲ ਕੋਈ ਨਹੀਂ ਸੀ ਅਤੇ ਬੇਚਾਰੇ ਹਸਪਤਾਲ ਲਈ ਬੋਝ ਬਣ ਗਏ ਸਨ, ਇਸ ਤੋਂ ਬਾਅਦ ਠੀਕ ਤਰ੍ਹਾਂ ਨਾਲ ਇਲਾਜ ਨਾ ਮਿਲਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਸਮਾਜ-ਸੇਵੀ ਲਲਿਤ ਮਹਿਤਾ ਨੇ ਇਸ ਮਾਮਲੇ ਦੀਆਂ ਸ਼ਿਕਾਇਤਾਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਕੀਤੀਆਂ ਸਨ ਤਾਂ ਕਿ ਭਵਿੱਖ ਵਿਚ ਦੁਬਾਰਾ ਕਿਸੇ ਅਣਪਛਾਤੇ ਮਰੀਜ਼ ਨਾਲ ਅਜਿਹਾ ਨਾ ਹੋਵੇ ਪਰ ਅਜੇ ਕਮਿਸ਼ਨ ਦੀ ਜਾਂਚ ਚੱਲ ਰਹੀ ਹੈ ਅਤੇ ਦੁਬਾਰਾ ਮਰੀਜ਼ਾਂ ਦੀ ਕੇਅਰ ਨਾ ਕਰਨਾ ਕੀ ਇਹ ਠੀਕ ਗੱਲ ਹੈ?
ਇਹ ਵੀ ਪੜ੍ਹੋ: ਰਜਿਸਟਰੀਆਂ ਵਾਲੇ ਦੇਣ ਧਿਆਨ, ਪੰਜਾਬ 'ਚ ਵੱਡਾ ਫੇਰਬਦਲ! 29 ਅਧਿਕਾਰੀਆਂ ਦੇ ਤਬਾਦਲੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8