ਜਲੰਧਰ 'ਚ ਅੱਜ ਵਕੀਲਾਂ ਦਾ 'ਨੋ ਵਰਕ ਡੇਅ', ਕੰਮ ਛੱਡ ਸ਼ੁਰੂ ਕੀਤਾ ਪ੍ਰਦਰਸ਼ਨ
Monday, Sep 22, 2025 - 12:46 PM (IST)

ਜਲੰਧਰ (ਵੈੱਬ ਡੈਸਕ, ਸੋਨੂੰ)- ਜਲੰਧਰ ਬਾਰ ਐਸੋਸੀਏਸ਼ਨ ਨੇ ਪੁਲਸ 'ਤੇ ਲਾਪਰਵਾਹੀ ਅਤੇ ਪੱਖਪਾਤ ਦੇ ਦੋਸ਼ ਲਗਾਉਂਦੇ ਹੋਏ ਅੱਜ ਤੋਂ ਅਦਾਲਤਾਂ ਵਿਚ ਨੌ ਦਿਨ ਦੇ 'ਨੋ ਵਰਕ ਡੇਅ' ਦਾ ਐਲਾਨ ਕੀਤਾ ਹੈ। ਇਸ ਦੌਰਾਨ ਅਦਾਲਤਾਂ ਵਿਚ ਕੋਈ ਕੰਮਕਾਜ ਨਹੀਂ ਹੋਵੇਗਾ। ਬਾਰ ਐਸੋਸੀਏਸ਼ਨ ਨਾਲ ਜੁੜੇ ਵਕੀਲਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਐਸੋਸੀਏਸ਼ਨ ਨੇ ਸਾਰੇ ਵਕੀਲਾਂ, ਨਿਆਇਕ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਵਿਭਾਗਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਐਸੋਸੀਏਸ਼ਨ ਦਾ ਦੋਸ਼ ਹੈ ਕਿ ਕਾਫ਼ੀ ਸਬੂਤ ਹੋਣ ਦੇ ਬਾਵਜੂਦ ਪੁਲਸ ਨੇ ਪਰਵਿੰਦਰ ਸਿੰਘ (ਸੰਦੀਪ ਸਿੰਘ ਦੇ ਪਿਤਾ) ਨੂੰ ਗ੍ਰਿਫ਼ਤਾਰ ਨਹੀਂ ਕੀਤਾ ਅਤੇ ਨਾ ਹੀ ਸੈਮ ਕਵਾਤਰਾ ਵਿਰੁੱਧ ਐੱਫ਼. ਆਈ. ਆਰ. ਦਰਜ ਕੀਤੀ। ਬਾਰ ਐਸੋਸੀਏਸ਼ਨ ਨੇ ਪੁਲਸ ਦੇ ਇਸ ਵਿਵਹਾਰ ਨੂੰ ਇਤਰਾਜ਼ਯੋਗ ਅਤੇ ਅਸੰਵੇਦਨਸ਼ੀਲ ਦੱਸਿਆ ਹੈ। ਵਕੀਲਾਂ ਦਾ ਕਹਿਣਾ ਹੈ ਕਿ ਪੁਲਸ ਨਿਰਪੱਖ ਜਾਂਚ ਕਰਨ ਵਿੱਚ ਅਸਫ਼ਲ ਰਹੀ, ਜਿਸ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ:ਪੰਜਾਬ 'ਚ ਹੜ੍ਹ ਪ੍ਰਭਾਵਿਤ ਪਿੰਡਾਂ ਤੇ ਕਸਬਿਆਂ ’ਚ ਸਕੂਲਾਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ
ਜ਼ਿਕਰਯੋਗ ਹੈ ਕਿ ਐਡਵੋਕੇਟ ਮਨਦੀਪ ਸਿੰਘ ਸਚਦੇਵਾ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿਚ ਕਮਿਸ਼ਨਰੇਟ ਪੁਲਸ ਨੇ ਉਨ੍ਹਾਂ ਦੀ ਸੁਰੱਖਿਆ ਲਈ ਗੰਨਮੈਨ ਦੇ ਦਿੱਤੇ ਹਨ। ਮਨਦੀਪ ਸਿੰਘ ਸਚਦੇਵਾ ਨੂੰ ਕੁੱਲ੍ਹ ਚਾਰ ਗੰਨਮੈਨ ਦਿੱਤੇ ਗਏ ਹਨ, ਜਿਨ੍ਹਾਂ ਵਿਚੋਂ ਦੋ ਗੰਨਮੈਨ ਦਿਨ ਸਮੇਂ ਉਨ੍ਹਾਂ ਦੇ ਨਾਲ ਰਹਿਣਗੇ, ਜਦਕਿ ਦੋ ਗੰਨਮੈਨ ਰਾਤ ਸਮੇਂ ਉਨ੍ਹਾਂ ਦੇ ਘਰ ਰਹਿਣਗੇ।
ਸਾਈਬਰ ਕ੍ਰਾਈਮ ਸੈੱਲ ਵਿਚ ਫਿਰੌਤੀ ਲੈਣ ਆਏ ਨੌਜਵਾਨ ਸੈਮ ਕਵਾਤਰਾ ਦੇ ਬਿਆਨਾਂ ਦੇ ਆਧਾਰ ’ਤੇ ਨਕੋਦਰ ਦੇ ਪ੍ਰੀਤ ਨਗਰ ਦੇ ਰਹਿਣ ਵਾਲੇ ਸੰਦੀਪ ਸਿੰਘ ਉਰਫ਼ ਸੰਨੀ ਵਿਰੁੱਧ ਇਕ ਹੋਰ ਫਿਰੌਤੀ ਦਾ ਕੇਸ ਦਰਜ ਕੀਤਾ ਗਿਆ ਹੈ। ਸੈਮ ਨੇ ਪੁਲਸ ਨੂੰ ਦੱਸਿਆ ਕਿ ਜੇਕਰ ਉਹ ਸੰਦੀਪ ਦੇ ਕਹਿਣ ’ਤੇ ਐਡਵੋਕੇਟ ਮਨਦੀਪ ਸਿੰਘ ਸਚਦੇਵਾ ਤੋਂ ਫਿਰੌਤੀ ਦੀ ਰਕਮ ਨਾ ਲੈਣ ਜਾਂਦਾ ਤਾਂ ਸੰਦੀਪ ਸਿੰਘ ਉਸ ਦੀ ਪਤਨੀ ਦੀ ਏ. ਆਈ. ਨਾਲ ਬਣਾਈ ਇਤਰਾਜ਼ਯੋਗ ਵੀਡੀਓ ਆਪਣੇ ਪੇਜ ’ਤੇ ਅਪਲੋਡ ਕਰਕੇ ਵਾਇਰਲ ਕਰ ਦਿੰਦਾ। ਇਸ ਤੋਂ ਇਲਾਵਾ ਦੋਸ਼ੀ ਸੰਦੀਪ ਸਿੰਘ ਉਸ ਕੋਲੋਂ ਵੀ ਇਕ ਲੱਖ ਰੁਪਏ ਦੀ ਫਿਰੌਤੀ ਮੰਗ ਰਿਹਾ ਸੀ।
ਇਹ ਵੀ ਪੜ੍ਹੋ:ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਇਹ ਟਰੇਨਾਂ ਚੱਲਣੀਆਂ ਹੋਈਆਂ ਸ਼ੁਰੂ
ਸੈਮ ਨੇ ਕਿਹਾ ਕਿ ਸੰਦੀਪ ਸਿੰਘ ਨੇ ਉਸ ਨੂੰ ਆਪਣੇ ਇੰਸਟਾਗ੍ਰਾਮ ਪੇਜ ਤੋਂ ਇਕ ਧਮਕੀ ਭਰਿਆ ਆਡੀਓ ਮੈਸੇਜ ਭੇਜਿਆ ਸੀ, ਜਿਸ ਵਿਚ ਉਹ ਖ਼ੁਦ ਨੂੰ ਸਾਬਕਾ ਅੱਤਵਾਦੀ ਅਤੇ ਗੈਂਗਸਟਰ ਦੱਸ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਤੋਂ ਪਹਿਲਾਂ ਇਕ ਲੱਖ ਰੁਪਏ ਮੰਗੇ ਗਏ। 12 ਸਤੰਬਰ ਨੂੰ ਦੋ ਵੱਖ-ਵੱਖ ਬਾਈਕਸ ’ਤੇ ਸਵਾਰ ਸ਼ੱਕੀ ਨੌਜਵਾਨਾਂ ਨੇ ਨਾਮਦੇਵ ਚੌਕ ਵਿਚ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਹ ਡਰ ਗਿਆ। ਬਾਅਦ ਵਿਚ ਉਸ ਨੂੰ ਇਕ ਵਿਦੇਸ਼ੀ ਨੰਬਰ ਤੋਂ ਫੋਨ ਵੀ ਆਇਆ ਅਤੇ ਦੋਬਾਰਾ ਪੈਸੇ ਮੰਗਣ ਲੱਗਾ। 17 ਸਤੰਬਰ ਨੂੰ ਵੀ ਫੋਨ ਕਰਕੇ ਸੰਦੀਪ ਸਿੰਘ ਨੇ ਉਸ ਤੋਂ ਪੈਸੇ ਮੰਗੇ ਪਰ ਜਦੋਂ ਉਸ ਨੇ ਟਾਲ-ਮਟੋਲ ਕੀਤੀ ਤਾਂ ਸੰਦੀਪ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸ ਦੀ ਗੱਲ ਨਾ ਮੰਨੀ ਤਾਂ ਉਹ ਉਸ ਦੀ ਪਤਨੀ ’ਤੇ ਤੇਜ਼ਾਬ ਸੁਟਵਾ ਦੇਵੇਗਾ ਅਤੇ ਵੀਡੀਓ ਵੀ ਵਾਇਰਲ ਕਰ ਦੇਵੇਗਾ।
ਸੈਮ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ, ਜਿਸ ਕਾਰਨ ਉਹ ਡਿਪ੍ਰੈਸ਼ਨ ਵਿਚ ਚਲਾ ਗਿਆ ਅਤੇ ਸੰਦੀਪ ਸਿੰਘ ਦੇ ਕਹਿਣ ’ਤੇ ਉਹ ਫਿਰੌਤੀ ਦੇ ਪੈਸੇ ਲੈਣ ਚਲਾ ਗਿਆ। ਸੰਦੀਪ ਸਿੰਘ ਵੱਲੋਂ ਸੈਮ ਨੂੰ ਦਿੱਤੀਆਂ ਧਮਕੀਆਂ ਅਤੇ ਮੈਸੇਜ ਵਿਚ ਹੋਈ ਗੱਲਬਾਤ ਦੇ ਸਬੂਤ ਪੁਲਸ ਨੂੰ ਦੇ ਦਿੱਤੇ ਗਏ ਹਨ। ਦੂਜੇ ਪਾਸੇ ਸੰਦੀਪ ਸਿੰਘ ਵੱਲੋਂ ਐਡਵੋਕੇਟ ਮਨਦੀਪ ਸਿੰਘ ਬਾਰੇ ਜੋ ਵੀਡੀਓ ਪਾਈ ਗਈ ਸੀ, ਉਹ ਡਿਲੀਟ ਕਰਵਾ ਦਿੱਤੀ ਗਈ ਹੈ। ਪੁਲਸ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸੰਦੀਪ ਸਿੰਘ ਦੇ ਸਾਰੇ ਖਾਤਿਆਂ ਨੂੰ ਡਿਲੀਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਹੜ੍ਹ 'ਚ ਡੁੱਬੇ ਫਿਰੋਜ਼ਪੁਰ ਦੇ ਪਿੰਡਾਂ ਦੀ ਪੰਜਾਬੀ ਅਦਾਕਾਰ ਗੈਵੀ ਚਾਹਲ ਨੇ ਕੀਤੀ ਮਦਦ
ਜ਼ਿਕਰਯੋਗ ਹੈ ਕਿ ਐਡਵੋਕੇਟ ਮਨਦੀਪ ਸਿੰਘ ਸਚਦੇਵਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਸੰਦੀਪ ਸਿੰਘ ਨਾਂ ਦਾ ਕੋਈ ਵਿਅਕਤੀ ਉਨ੍ਹਾਂ ਨੂੰ ਫਿਰੌਤੀ ਲਈ ਧਮਕੀਆਂ ਦੇ ਰਿਹਾ ਹੈ ਅਤੇ ਹੁਣ ਆਪਣੇ ਸਾਥੀ ਨੂੰ ਫਿਰੌਤੀ ਵਸੂਲਣ ਲਈ ਭੇਜ ਰਿਹਾ ਹੈ। ਇਕ ਪੁਲਸ ਟੀਮ ਨੇ ਤੁਰੰਤ ਸਿਵਲ ਵਰਦੀ ਵਿਚ ਜਾਲ ਵਿਛਾ ਦਿੱਤਾ। ਜਦੋਂ ਸੈਮ ਨਾਂ ਦਾ ਇਕ ਨੌਜਵਾਨ ਪੈਸੇ ਲੈਣ ਲਈ ਪਹੁੰਚਿਆ ਤਾਂ ਪੁਲਸ ਨੇ ਉਸ ਨੂੰ ਪੈਸੇ ਮੰਗਦੇ ਹੀ ਗ੍ਰਿਫ਼ਤਾਰ ਕਰ ਲਿਆ।
ਐਡਵੋਕੇਟ ਸਚਦੇਵਾ ਨੇ ਦੋਸ਼ ਲਾਇਆ ਸੀ ਕਿ 2008 ਵਿਚ ਉਸ ਨੇ ਮੰਡ ਦੇ ਰਹਿਣ ਵਾਲੇ ਜਤਿੰਦਰ ਸਿੰਘ ਉਰਫ਼ ਸਾਬੀ ਵੱਲੋਂ ਮਿੱਕੀ ਅਗਵਾ ਦਾ ਕੇਸ ਲੜਿਆ ਸੀ ਪਰ ਸਾਰੇ ਨਾਮਜ਼ਦ ਦੋਸ਼ੀ ਸੁਪਰੀਮ ਕੋਰਟ ਵਿਚ ਵੀ ਕੇਸ ਹਾਰ ਗਏ। 15 ਸਤੰਬਰ ਨੂੰ ਉਸ ਨੂੰ ਇਕ ਫੇਸਬੁੱਕ ਅਕਾਊਂਟ ਤੋਂ ਇਕ ਮੈਸੇਜ ਮਿਲਿਆ। ਮੈਸੇਜ ਭੇਜਣ ਵਾਲੇ ਨੇ ਆਪਣੀ ਪਛਾਣ ਸੰਦੀਪ ਸਿੰਘ ਵਜੋਂ ਦੱਸੀ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸ ਨੂੰ 1.5 ਲੱਖ ਰੁਪਏ ਨਾ ਦਿੱਤੇ ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਸੰਭਲ ਜਾਓ ਪੰਜਾਬੀਓ ! ਪਾਵਰਕਾਮ ਨੇ ਖਿੱਚੀ ਤਿਆਰੀ, ਇਨ੍ਹਾਂ ਬਿਜਲੀ ਖ਼ਪਤਕਾਰਾਂ 'ਤੇ ਹੋਇਆ ਵੱਡਾ ਐਕਸ਼ਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8