ਜਲੰਧਰ ''ਚ ਵੀ ਕਿਰਾਏ ''ਤੇ ਕਮਰੇ ਲੈ ਕੇ ਬੁੱਕੀ ਦਾ ਕੰਮ ਕਰਦਾ ਸੀ ਮੁਕੇਸ਼ ਸੇਠੀ
Thursday, Apr 18, 2019 - 09:34 AM (IST)

ਜਲੰਧਰ (ਜ.ਬ.)—ਆਈ. ਪੀ. ਐੱਲ. ਕ੍ਰਿਕਟ ਮੈਚਾਂ 'ਤੇ ਸੱਟਾ ਲਗਾਉਣ ਦੇ ਦੋਸ਼ ਵਿਚ ਗ੍ਰਿਫਤਾਰ ਹੋਏ ਕਾਰ ਬਾਜ਼ਾਰ ਮਾਲਕ ਮੁਕੇਸ਼ ਸੇਠੀ ਜਲੰਧਰ ਵਿਚ ਵੀ ਕਿਰਾਏ 'ਤੇ ਕਮਰਾ ਲੈ ਕੇ ਬੁੱਕੀ ਦਾ ਕੰਮ ਚਲਾਉਂਦਾ ਸੀ। ਜਿੱਥੇ ਵੀ ਉਹ ਸੱਟਾ ਲਗਵਾਉਂਦਾ ਸੀ ਉਸ ਥਾਂ ਨੂੰ ਸਿਰਫ ਇਕ ਵਾਰ ਹੀ ਇਸਤੇਮਾਲ ਕਰਦਾ ਸੀ ਅਤੇ ਟਿਕਾਣਾ ਬਦਲਦਾ ਰਹਿੰਦਾ ਸੀ। ਸੇਠੀ ਸਮੇਤ ਉਸ ਦੇ ਸਾਥੀਆਂ ਨੂੰ 2 ਦਿਨ ਦਾ ਰਿਮਾਂਡ ਖਤਮ ਹੋਣ ਦੇ ਬਾਅਦ ਜੇਲ ਭੇਜ ਦਿੱਤਾ ਗਿਆ ਹੈ।
ਸ਼ਹਿਰ ਵਿਚ ਸੱਟੇ ਦਾ ਜਾਲ ਵਿਛਾਉਣ ਵਾਲੇ ਮੁਕੇਸ਼ ਸੇਠੀ ਨੂੰ ਕਾਫੀ ਸਮੇਂ ਤੋਂ ਪੁਲਸ ਲੱਭ ਰਹੀ ਹੈ ਪਰ ਉਹ ਹਮੇਸ਼ਾ ਚਕਮਾ ਦੇ ਕੇ ਨਿਕਲ ਜਾਂਦਾ ਸੀ। ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਦੇ ਜਾਲ ਵਿਚ ਫਸੇ ਮੁਕੇਸ਼ ਸੇਠੀ ਦੇ ਸੱਟੇ ਦੇ ਕਾਰੋਬਾਰੀਆਂ ਦੇ ਲਿੰਕ ਹੁਣ ਖੋਲ੍ਹੇ ਜਾ ਰਹੇ ਹਨ। ਪੁਲਸ ਦੀ ਪੁੱਛਗਿੱਛ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਕੇਸ਼ ਸੇਠੀ ਖੁਦ ਦਿੱਲੀ ਜਾ ਕੇ ਮੋਬਾਇਲਾਂ ਵਾਲਾ ਅਟੈਚੀ ਤਿਆਰ ਕਰਵਾ ਕੇ ਲਿਆਇਆ ਸੀ। ਜਲਦੀ ਹੀ ਪੁਲਸ ਨੂੰ ਮੋਬਾਇਲ ਡਿਟੇਲ ਵੀ ਮਿਲ ਜਾਵੇਗੀ। ਜਿਸ ਤੋਂ ਬਾਅਦ ਮੁਕੇਸ਼ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਨਾਂ ਵੀ ਸਾਹਮਣੇ ਆਉਣਗੇ। ਪੁਲਸ ਕੋਲ ਮੁਕੇਸ਼ ਸੇਠੀ ਨਾਲ ਜੁੜੇ 5 ਹੋਰ ਬੁੱਕੀਜ਼ ਦੇ ਨਾਂ ਸਾਹਮਣੇ ਆਏ ਹਨ। ਸੀ. ਆਈ. ਏ. ਸਟਾਫ ਦੇ ਇੰਚਾਰਜਜ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਸ ਵੀ ਵਿਅਕਤੀ ਦਾ ਨਾਂ ਸਾਹਮਣੇ ਆਇਆ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਸੀ. ਆਈ. ਏ. ਸਟਾਫ ਦੀ ਪੁਲਸ ਨੇ ਮੁਕੇਸ਼ ਸੇਠੀ, ਪ੍ਰਿੰਸ ਪੁਰੀ ਵਾਸੀ ਕ੍ਰਿਸ਼ਣਾ ਨਗਰ ਮਧੂਬਨ ਕਾਲੋਨੀ, ਸੁਖਪਾਲ ਸਿੰਘ ਵਾਸੀ ਹਰਦੇਵ ਨਗਰ ਅਤੇ ਕੀਰਤੀ ਵਾਸੀ ਬੀਟੀ ਕਾਲੋਨੀ ਘਾਹ ਮੰਡੀ ਨੂੰ ਗ੍ਰਿਫਤਾਰ ਕੀਤਾ ਸੀ। ਸਾਰੇ ਮੁਲਜ਼ਮ ਕਪੂਰਥਲਾ ਤੋਂ ਆਈ. ਪੀ. ਐੱਲ. ਮੈਚਾਂ 'ਤੇ ਸੱਟੇ ਲਗਵਾ ਕੇ ਵਾਪਸ ਆ ਰਹੇ ਸਨ। ਮੁਲਜ਼ਮਾਂ ਤੋਂ ਮੋਬਾਇਲ ਲੱਗੇ ਅਟੈਚੀ, 2 ਲੈਪਟਾਪ ਤੇ 23 ਹਜ਼ਾਰ ਰੁਪਏ ਬਰਾਮਦ ਹੋਏ ਸਨ।