ਵਿਸ਼ਵ ’ਚ ਕੈਂਸਰ ਦੀ ਰਾਜਧਾਨੀ ਬਣ ਰਿਹੈ ਭਾਰਤ

Thursday, Aug 08, 2024 - 03:58 AM (IST)

ਜਲੰਧਰ (ਏਜੰਸੀ) : ਕਈ ਅਜਿਹੇ ਅਧਿਐਨ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੁਨੀਆ ਦੀ ਕੈਂਸਰ ਦੀ ਰਾਜਧਾਨੀ ਬਣ ਰਿਹਾ ਹੈ। ਪਿਛਲੇ ਇਕ ਦਹਾਕੇ ’ਚ ਇਥੇ ਅਜਿਹੇ ਮਾਮਲਿਆਂ ’ਚ ਲਗਾਤਾਰ ਵਾਧਾ ਹੋਇਆ ਹੈ ਅਤੇ ਆਉਣ ਵਾਲੇ ਸਾਲਾਂ ’ਚ ਇਸ ’ਚ ਹੋਰ ਵਾਧਾ ਹੋਣ ਦੀ ਉਮੀਦ ਹੈ।

ਇਕ ਅੰਦਾਜ਼ਾ ਲਗਾਇਆ ਗਿਆ ਹੈ ਕਿ ਦੇਸ਼ ’ਚ ਹਰ 9ਵੇਂ ਵਿਅਕਤੀ ਨੂੰ ਆਪਣੀ ਜ਼ਿੰਦਗੀ ’ਚ ਕਿਸੇ ਨਾ ਕਿਸੇ ਸਮੇਂ ਕੈਂਸਰ ਹੋਣ ਦੀ ਸੰਭਾਵਨਾ ਹੈ। ਇਕ ਰਿਪੋਰਟ ਮੁਤਾਬਕ 2023 ਵਿਚ ਦੁਨੀਆ ਭਰ ਵਿਚ ਕੈਂਸਰ ਕਾਰਨ ਲਗਭਗ 1 ਕਰੋੜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਇਸ ਬਿਮਾਰੀ ਦੀ ਗੰਭੀਰਤਾ ਅਤੇ ਘਾਤਕਤਾ ਨੂੰ ਦਰਸਾਉਣ ਲਈ ਕਾਫੀ ਹੈ। ਦੁਨੀਆ ਭਰ ’ਚ 100 ਤੋਂ ਵੱਧ ਵੱਖ-ਵੱਖ ਕਿਸਮਾਂ ਦੇ ਕੈਂਸਰ ਦਰਜ ਕੀਤੇ ਗਏ ਹਨ, ਜਿਨ੍ਹਾਂ ’ਚੋਂ ਕਈ ਭਾਰਤ ’ਚ ਵੀ ਦੇਖੇ ਗਏ ਹਨ।

2025 ਤੱਕ ਮਾਮਲਿਆਂ ’ਚ 12.8 ਫੀਸਦੀ ਦਾ ਹੋ ਸਕਦੈ ਵਾਧਾ
ਭਾਰਤ ’ਚ ਪਿਛਲੇ ਦਹਾਕੇ ਦੌਰਾਨ ਕੇਸਾਂ ’ਚ ਲਗਾਤਾਰ ਵਾਧਾ ਹੋਇਆ ਹੈ ਅਤੇ ਆਉਣ ਵਾਲੇ ਸਾਲਾਂ ’ਚ ਇਸ ਦੇ ਹੋਰ ਵਧਣ ਦਾ ਅੰਦਾਜਾ ਹੈ। 1990 ਅਤੇ 2013 ਦਰਮਿਆਨ ਭਾਰਤ ’ਚ ਕੈਂਸਰ ਦੇ ਸਾਲਾਨਾ ਮਾਮਲਿਆਂ ਦੀ ਗਿਣਤੀ ਦੁੱਗਣੀ ਹੋ ਗਈ। ਸਾਲ 2020 ’ਚ ਭਾਰਤ ’ਚ ਕੈਂਸਰ ਦੇ ਅੰਦਾਜ਼ਨ 13.9 ਲੱਖ ਮਾਮਲੇ ਦਰਜ ਕੀਤੇ ਗਏ, ਜੋ ਕਿ ਸਾਲ 2021 ਅਤੇ 2022 ’ਚ ਕ੍ਰਮਵਾਰ 14.2 ਲੱਖ ਅਤੇ 14.6 ਲੱਖ ਹੋ ਗਏ। ਅਧਿਐਨਾਂ ਨੇ ਸਾਲ 2025 ਤੱਕ ਸਾਲਾਨਾ ਕੈਂਸਰ ਦੇ ਮਾਮਲਿਆਂ ਦੀ ਗਿਣਤੀ ’ਚ 12.8 ਫੀਸਦੀ ਦੇ ਵਾਧੇ ਦਾ ਅੰਦਾਜਾ ਲਗਾਇਆ ਹੈ, ਜੋ ਲਗਭਗ 15.7 ਲੱਖ ਹੋਵੇਗਾ।

ਭਾਰਤ ’ਚ ਕੈਂਸਰ ਦੇ ਉੱਚ ਸੂਬੇ ਤੇ ਪ੍ਰਤੀ ਲੱਖ ਆਬਾਦੀ ’ਚ ਪੀੜਤਾਂ ਦੀ ਗਿਣਤੀ
ਕੇਰਲ (135.3)
ਮਿਜ਼ੋਰਮ (121.7)
ਹਰਿਆਣਾ (103.4)
ਦਿੱਲੀ (102.9)
ਕਰਨਾਟਕ (101.6)
ਗੋਆ (97.0)
ਹਿਮਾਚਲ ਪ੍ਰਦੇਸ਼ (91.6)
ਉੱਤਰਾਖੰਡ (91.0)
ਅਸਾਮ (90.2)
ਪੰਜਾਬ (85.5)

2023 ’ਚ ਭਾਰਤ ਵਿਚ ਕੈਂਸਰ ਦੀਆਂ ਮੁੱਖ ਕਿਸਮਾਂ
ਫੇਫੜੇ ਦਾ ਕੈਂਸਰ
ਕੋਲੋਰੈਕਟਲ ਕੈਂਸਰ
ਛਾਤੀ ਦਾ ਕੈਂਸਰ
ਪੈਨਕ੍ਰੀਆਟਿਕ ਕੈਂਸਰ
ਪੇਟ ਦਾ ਕੈਂਸਰ

2023 ’ਚ ਨਵੇਂ ਕੈਂਸਰ ਦੇ ਮਾਮਲਿਆਂ ਵਾਲੇ ਚੋਟੀ ਦੇ ਭਾਰਤੀ ਸੂਬੇ
ਉੱਤਰ ਪ੍ਰਦੇਸ਼ : ਸੂਬੇ ’ਚ 2023 ’ਚ ਲਗਭਗ 2.10 ਲੱਖ ਨਵੇਂ ਕੈਂਸਰ ਦੇ ਮਾਮਲਿਆਂ ਨਾਲ ਸਭ ਤੋਂ ਵੱਧ ਗਿਣਤੀ ਰਿਪੋਰਟ ਕੀਤੀ ਗਈ। ਇਸ ਸੂਬੇ ’ਚ 2021 ’ਚ ਕੈਂਸਰ ਦੇ ਨਵੇਂ ਮਾਮਲਿਆਂ ਦੀ ਗਿਣਤੀ ਲਗਭਗ 2 ਲੱਖ ਸੀ।
ਮਹਾਰਾਸ਼ਟਰ : 2023 ’ਚ ਭਾਰਤ ’ਚ ਕੈਂਸਰ ਦੀ ਦੂਜੀ ਸਭ ਤੋਂ ਵੱਧ ਮਾਮਲਿਆਂ ਦੀ ਰਿਪੋਰਟ ਦਿੱਤੀ, ਜਿਸ ’ਚ ਲਗਭਗ 1.21 ਲੱਖ ਨਵੇਂ ਮਾਮਲੇ ਸਨ। ਸਾਲ 2021 ’ਚ ਇਹ ਗਿਣਤੀ ਲਗਭਗ 1.18 ਲੱਖ ਸੀ।
ਪੱਛਮੀ ਬੰਗਾਲ : ਪੱਛਮੀ ਬੰਗਾਲ ’ਚ 2023 ’ਚ ਕੈਂਸਰ ਦੇ ਅੰਦਾਜ਼ਨ 1.13 ਲੱਖ ਨਵੇਂ ਮਾਮਲੇ ਰਿਪੋਰਟ ਹੋਏ, ਜਿਸ ਨਾਲ ਇਹ ਤੀਜਾ ਸਭ ਤੋਂ ਵੱਧ ਕੈਂਸਰ ਮਾਮਲਿਆਂ ਵਾਲਾ ਸੂਬਾ ਬਣ ਗਿਆ। ਇਸ ਸੂਬੇ ’ਚ 2021 ’ਚ ਕੈਂਸਰ ਦੇ 1.1 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ।
ਬਿਹਾਰ : ਬਿਹਾਰ ’ਚ 2023 ’ਚ ਕੈਂਸਰ ਦੇ 1 ਲੱਖ ਨਵੇਂ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਹ ਪੂਰਬੀ ਸੂਬਾ ਪਿਛਲੇ ਦੋ ਸਾਲਾਂ ਤੋਂ ਭਾਰਤ ’ਚ ਕੈਂਸਰ ਦੇ ਉੱਚ ਸੂਬਿਆਂ ’ਚੋਂ ਇਕ ਹੈ।
ਤਾਮਿਲਨਾਡੂ : ਤਾਮਿਲਨਾਡੂ ’ਚ 2023 ’ਚ ਕੈਂਸਰ ਦੇ ਨਵੇਂ ਮਾਮਲਿਆਂ ਦੀ ਗਿਣਤੀ ਲਗਭਗ 82,000 ਹੋਣ ਦਾ ਅੰਦਾਜਾ ਹੈ। ਦੱਖਣੀ ਭਾਰਤ ਦਾ ਇਹ ਸੂਬਾ ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੇ ਚੋਟੀ ਦੇ ਕੈਂਸਰ ਸੂਬਿਆਂ ’ਚੋਂ ਇਕ ਹੈ।


Inder Prajapati

Content Editor

Related News