ਜ਼ਿਲੇ ’ਚ ਪਰਾਲੀ ਸਾਡ਼ਨ ਦੇ 7 ਮਾਮਲਿਆਂ ’ਚ ਢਾਈ-ਢਾਈ ਹਜ਼ਾਰ ਰੁਪਏ ਜੁਰਮਾਨਾ

11/14/2018 1:07:48 AM

ਨਵਾਂਸ਼ਹਿਰ,  (ਤ੍ਰਿਪਾਠੀ,ਮਨੋਰੰਜਨ)-  ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ’ਚ ਪਰਾਲੀ ਸਾਡ਼ੇ ਜਾਣ ਤੋਂ ਰੋਕਣ ਦੇ ਉਪਰਾਲਿਆਂ ਤਹਿਤ ਹੁਣ ਤੱਕ 7 ਮਾਮਲਿਆਂ ’ਚ ਢਾਈ-ਢਾਈ ਹਜ਼ਾਰ ਰੁਪਏ ਦੇ ਜੁਰਮਾਨੇ ਕੀਤੇ ਜਾ ਚੁੱਕੇ ਹਨ ਜਦਕਿ 19 ਹੋਰਨਾਂ ਦੇ ਪਰਾਲੀ ਸਾਡ਼ਨ ’ਤੇ ਚਲਾਨ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਜੁਰਮਾਨਾ ਭਰਨ ਲਈ ਆਖਿਆ ਗਿਆ ਹੈ।
 ਇਹ ਪ੍ਰਗਟਾਵਾ ਮੁੱਖ ਖੇਤੀਬਾਡ਼ੀ ਅਫ਼ਸਰ ਗੁਰਬਖਸ਼ ਸਿੰਘ ਨੇ ਅੱਜ ਪਰਾਲੀ ਸਾਡ਼ਨ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ  ਵਿਨੇ ਬਬਲਾਨੀ ਵੱਲੋਂ ਬਣਾਈਆਂ ਨੋਡਲ ਟੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਬਾਅਦ ਕੀਤਾ। ਇਸ ਮੀਟਿੰਗ ’ਚ ਤਹਿਸੀਲਦਾਰ ਨਵਾਂਸ਼ਹਿਰ ਅਰਵਿੰਦ ਪ੍ਰਕਾਸ਼ ਵਰਮਾ ਵੀ  ਸ਼ਾਮਲ ਹੋਏ। ਮੁੱਖ ਖੇਤੀਬਾਡ਼ੀ ਅਫ਼ਸਰ ਨੇ  ਦੱਸਿਆ ਕਿ ਜ਼ਿਲੇ ’ਚ ਹੈਪੀ ਸੀਡਰ ਨਾਲ ਬੀਜਾਈ ਦੇ ਰੁਝਾਨ ਨੂੰ ਉਤਸ਼ਾਹ ਮਿਲਿਆ ਹੈ ਅਤੇ 29 ਹੈਪੀ ਸੀਡਰ 5 ਫ਼ੀਸਦੀ ਸਬਸਿਡੀ ’ਤੇ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਉਪਲੱਬਧ ਹੈਪੀ ਸੀਡਰ, ਚੌਪਰ, ਮਲਚਰ, ਉਲਟਾਵੇਂ ਹਲ, ਜ਼ੀਰੋ ਟਿੱਲ ਡ੍ਰਿੱਲ ਤੇ ਰੋਟਾਵੇਟਰ ਆਦਿ ਦੀ ਵਰਤੋਂ ਕਰ ਕੇ ਪਰਾਲੀ ਦਾ ਬਿਨਾਂ ਅੱਗ ਲਾਇਆਂ ਹੀ ਨਿਪਟਾਰਾ ਕਰਨ।  ਜ਼ਿਲੇ ’ਚ ਪਰਾਲੀ ਦੇ ਨਿਪਟਾਰੇ ਲਈ 193 ਖੇਤੀ ਔਜ਼ਾਰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਮੁੱਖ ਖੇਤੀਬਾਡ਼ੀ ਅਫ਼ਸਰ ਨੇ ਇਸ ਮੌਕੇ ਤਹਿਸੀਲਦਾਰ ਨਵਾਂਸ਼ਹਿਰ ਪਾਸੋਂ ਜ਼ਿਲਾ ਮੈਜਿਸਟ੍ਰੇਟ ਦੇ ਪਰਾਲੀ ਨੂੰ ਨਾ ਸਾਡ਼ੇ ਜਾਣ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖੇਤ ਮਾਲਕਾਂ ਬਾਰੇ ਪਟਵਾਰੀਆਂ ਰਾਹੀਂ ਨੋਡਲ ਅਫ਼ਸਰਾਂ ਨੂੰ ਤੁਰੰਤ ਸੂਚਨਾ ਦੇਣ ’ਚ ਸਹਿਯੋਗ ਕਰਨ ਦੀ ਮੰਗ ਦੇ ਨਾਲ-ਨਾਲ ਪਰਾਲੀ ਨੂੰ ਅੱਗ ਲਾਉਣ ਵਾਲਿਆਂ ਦੇ ਮਾਲ ਰਿਕਾਰਡ ’ਚ ਲਾਲ ਐਂਟਰੀ ਦਰਜ ਕਰਨ ਦੀ ਮੰਗ ਵੀ ਕੀਤੀ।  ਉਨ੍ਹਾਂ ਕਿਹਾ ਕਿ ਜਿਸ ਵੀ ਕਿਸਾਨ ਦੇ ਮਾਲ ਰਿਕਾਰਡ ’ਚ ਖੇਤ ਨੂੰ ਅੱਗ ਲਾਉਣ ਬਾਅਦ ਲਾਲ ਐਂਟਰੀ ਦਰਜ ਹੋ ਗਈ, ਉਹ ਭਵਿੱਖ ’ਚ ਕਿਸੇ ਵੀ ਤਰ੍ਹਾਂ ਦੀ ਖੇਤੀ ਆਧਾਰਿਤ ਸਬਸਿਡੀ ਤੋਂ ਵਾਂਝਾ ਹੋ ਜਾਵੇਗਾ।    ਮੀਟਿੰਗ ’ਚ ਜ਼ਿਲੇ ਦੇ ਖੇਤੀਬਾਡ਼ੀ ਅਫ਼ਸਰ ਵੀ ਮੌਜੂਦ ਸਨ।
 


Related News