ਨਾਜਾਇਜ਼ ਕਬਜ਼ਿਆਂ ਤੇ ਟ੍ਰੈਫਿਕ ਜਾਮ ਨੇ ਕੀਤਾ ਲੋਕਾਂ ਦਾ ਜਿਉੂਣਾ ਦੁੱਭਰ

01/21/2019 1:09:02 PM

ਜਲੰਧਰ (ਸੁਨੀਲ)— ਦੁਰਘਟਨਾ ਹੋਣ 'ਤੇ ਅਕਸਰ ਵਾਹਨ ਚਾਲਕਾਂ ਨੂੰ ਦੋਸ਼ੀ ਮੰਨਿਆ ਜਾਂਦਾ ਹੈ ਪਰ ਇਸ ਦੇ ਪਿੱਛੇ ਕੁੱਝ ਹੋਰ ਚੀਜ਼ਾਂ ਵੀ ਜ਼ਿੰਮੇਵਾਰ ਹੁੰਦੀਆਂ ਹਨ। ਸੜਕ ਦੇ ਦੋਵੇਂ ਪਾਸੇ ਫੁੱਟਪਾਥ  ਬਣਾਏ ਜਾਂਦੇ ਹਨ ਤਾਂ ਕਿ ਪੈਦਲ ਚੱਲਣ ਵਾਲਿਆਂ ਨੂੰ ਆਸਾਨੀ ਹੋ ਸਕੇ ਅਤੇ ਵਾਹਨਾਂ ਦੇ ਖੜ੍ਹੇ ਕਰਨ ਲਈ ਪੀਲੀ ਲਾਈਨ ਵੀ ਖਿੱਚੀ ਜਾਂਦੀ ਹੈ ਤਾਂ ਕਿ ਲੋਕ ਵਾਹਨ ਇਸ ਦੇ ਅੰਦਰ ਅਤੇ ਠੀਕ ਢੰਗ ਨਾਲ ਪਾਰਕ ਕਰ ਸਕਣ ਪਰ ਪਠਾਨਕੋਟ ਚੌਕ ਅਤੇ ਪਠਾਨਕੋਟ ਰੋਡ 'ਤੇ ਸਭ  ਕੁੱਝ ਇਸ ਦੇ ਉਲਟ ਹੈ। 

ਇਥੇ ਸੜਕ ਦੇ ਦੋਵੇਂ ਸਾਈਡਾਂ 'ਤੇ ਰੇਹੜੀਆਂ ਵਾਲਿਆਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਕਰੀਬ 60 ਫੁੱਟ ਦੀ ਸੜਕ  ਸਿਰਫ 15-20 ਫੁੱਟ ਦੀ ਹੀ  ਰਹਿ ਜਾਂਦੀ ਹੈ,ਜਿਸ  ਕਾਰਨ ਦੁਰਘਟਨਾਵਾਂ ਦਾ ਹੋਣਾ ਸੁਭਾਵਕ ਹੈ।  ਦੂਜੇ ਪਾਸੇ ਲੋਕ  ਜੋ ਖਰੀਦਦਾਰੀ  ਕਰਨ ਲਈ  ਪਠਾਨਕੋਟ  ਚੌਕ 'ਚ ਆਉਂਦੇ ਹਨ, ਆਪਣੀਆਂ ਕਾਰਾਂ, ਛੋਟਾ ਹਾਥੀ  ਅਤੇ ਟੈਂਪੂ ਆਦਿ  ਸੜਕਾਂ 'ਤੇ  ਹੀ ਖੜ੍ਹਾ  ਕਰ ਕੇ ਦੁਕਾਨਾਂ 'ਚ ਚਲੇ ਜਾਂਦੇ ਹਨ, ਜਿਸ ਕਾਰਨ ਉਥੇ  ਘੰਟਿਆਂਬੱਧੀ ਜਾਮ ਲੱਗਾ ਰਹਿੰਦਾ ਹੈ।  ਕਦੇ-ਕਦੇ ਤਾਂ ਇਸ ਜਾਮ 'ਚ ਐਂਬੂਲੈਂਸ ਤੱਕ ਵੀ ਫਸ ਜਾਂਦੀ ਹੈ।ਰੇਹੜੀਆਂ ਅਤੇ ਫੜ੍ਹੀਆਂ ਵਾਲਿਆਂ ਦੇ ਨਾਜਾਇਜ਼ ਕਬਜ਼ੇ ਕੀਤੇ ਹੋਣ ਕਾਰਨ  ਸਰਵਿਸ ਲੇਨ ਤਾਂ ਬਿਲਕੁਲ ਬਲਾਕ  ਹੋ  ਜਾਂਦੀ ਹੈ। ਇਹ ਕਬਜ਼ੇ ਪਤਾ ਨਹੀਂ ਕਿਉਂ ਤਹਿਬਾਜ਼ਾਰੀ  ਵਿਭਾਗ ਨੂੰ ਤਾਂ ਦਿਖਾਈ ਨਹੀਂ ਦਿੰਦੇ। 

'ਭੰਡਾਲ ਸਾਹਬ ! ਕਦੇ ਇਸ ਚੌਕ 'ਤੇ ਵੀ ਫੇਰਾ ਪਾਓ'
ਲਗਭਗ 1 ਮਹੀਨਾਂ ਪਹਿਲਾਂ ਏ. ਡੀ. ਸੀ. ਪੀ.-1 ਪਰਮਿੰਦਰ ਸਿੰਘ ਭੰਡਾਲ ਨੇ ਐੱਸ. ਓ. ਜੀ. ਅਤੇ ਥਾਣਿਆਂ ਦੇ ਕਰਮਚਾਰੀਆਂ ਨੂੰ ਲੈ ਕੇ ਦੁਆਬਾ ਚੌਕ 'ਚ ਜਾਮ ਤੇ  ਕਬਜ਼ਿਆਂ ਨੂੰ ਹਟਾਉਣ ਲਈ ਵੱਡੀ ਕਾਰਵਾਈ ਕੀਤੀ ਸੀ ਤਾਂ ਕਿ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕੇ। ਹੁਣ ਪਠਾਨਕੋਟ ਬਾਈਪਾਸ ਦੇ ਲੋਕਾਂ ਨੇ ਕਿਹਾ ਕਿ ਭੰਡਾਲ ਸਾਹਬ ਕਦੇ ਇਸ ਚੌਕ 'ਚ ਵੀ ਫੇਰਾ ਪਾਓ ਅਤੇ ਇਥੋਂ ਜਾਮ ਤੇ ਨਾਜਾਇਜ਼ ਕਬਜ਼ੇ ਹਟਾਓ।

ਬਿਨਾਂ ਚੈੱਕ ਕੀਤੇ ਸਾਮਾਨ ਹੁੰਦੈ ਲੋਡ
ਪਠਾਨਕੋਟ  ਚੌਕ  'ਤੇ  ਬਾਹਰੀ ਸੂਬਿਆਂ ਅਤੇ ਸੂਬੇ ਦੇ ਵੱਖ-ਵੱਖ  ਜ਼ਿਲਿਆਂ ਤੋਂ ਵੀ ਸਾਮਾਨ ਚੋਰੀ-ਛਿੱਪੇ   ਭੇਜਿਆ ਜਾ  ਰਿਹਾ  ਹੈ।  ਸਵੇਰੇ ਸ਼ਾਮ ਵਾਹਨਾਂ 'ਤੇ ਸਾਮਾਨ ਨੂੰ  ਲੋਡ ਕਰਦੇ ਲੋਕ ਦੇਖੇ ਜਾ ਸਕਦੇ ਹਨ, ਜਿਸ  ਦੀ  ਕੋਈ  ਜਾਂਚ  ਤੱਕ  ਨਹੀਂ   ਹੁੰਦੀ।  ਹਾਲਾਂਕਿ ਟੈਕਸ ਚੋਰੀ ਤਾਂ ਹੁੰਦੀ ਹੀ ਹੈ ਪਰ ਸ਼ੱਕੀ  ਵਸਤੂਆਂ ਅਤੇ  ਕਿਸੇ ਤਰ੍ਹਾਂ ਦਾ ਨਸ਼ਾ ਵੀ ਸਪਲਾਈ ਹੋ ਸਕਦਾ ਹੈ । 

ਪਠਾਨਕੋਟ ਬਾਈਪਾਸ  ਤੋਂ ਭੋਗਪੁਰ ਨੂੰ ਜਾਂਦੀ ਸੜਕ 'ਤੇ ਨਹੀਂ ਹੈ ਕਿਸੇ ਲਾਈਟ ਦਾ ਪ੍ਰਬੰਧ  
ਰਾਤ ਨੂੰ  ਜਦੋਂ ਵੀ ਕੋਈ ਪੈਦਲ ਜਾਂ ਵਾਹਨ 'ਤੇ  ਭੋਗਪੁਰ  ਨੂੰ  ਜਾਂਦਾ ਹੈ ਤਾਂ ਉਹ ਬਹੁਤ ਡਰ ਕੇ ਅਤੇ ਸੰਭਲ  ਕੇ ਜਾਂਦਾ  ਹੈ, ਕਿਉਂਕਿ ਨਗਰ ਨਿਗਮ  ਨੇ ਸੜਕ 'ਤੇ ਕੋਈ ਲਾਈਟ ਦਾ ਪ੍ਰਬੰਧ  ਹੀ ਨਹੀਂ ਕੀਤਾ ਹੈ। ਇਸ ਸੜਕ 'ਤੇ ਰਾਤ ਵੇਲੇ ਇੰਨਾ ਹਨੇਰਾ ਹੁੰਦਾ ਹੈ ਕਿ ਜੇਕਰ ਕੋਈ ਰਾਤ ਨੂੰ ਰਾਹਗੀਰ ਨੂੰ ਲੁੱਟ ਲਵੇ  ਜਾਂ ਕੋਈ ਹੋਰ ਘਟਨਾ   ਹੋ ਜਾਵੇ  ਤਾਂ ਪਛਾਣ ਕਰਨੀ ਵੀ ਮੁਸ਼ਕਲ ਹੋ ਜਾਵੇਗੀ। 

ਕੀ ਕਹਿਣਾ ਹੈ ਏ. ਸੀ. ਪੀ . ਟ੍ਰੈਫਿਕ ਦਾ 
ਜਦ ਇਸ ਬਾਰੇ ਏ. ਸੀ. ਪੀ. ਟ੍ਰੈਫਿਕ  ਜੰਗ ਬਹਾਦਰ ਨਾਲ ਗੱਲ ਕੀਤੀ  ਤਾਂ ਉਨ੍ਹਾਂ ਕਿਹਾ ਕਿ ਮੇਰੇ ਵਲੋਂ ਪਠਾਨਕੋਟ ਬਾਈਪਾਸ  'ਤੇ  ਮੁਲਾਜ਼ਮ ਲਾਏ ਗਏ ਹਨ ਪਰ ਫਿਰ ਵੀ ਉਹ ਪਠਾਨਕੋਟ ਬਾਈਪਾਸ 'ਤੇ ਜਾ ਕੇ ਦੇਖਣਗੇ ਕਿ   ਕਿਸ ਕਾਰਨ ਉਥੇ ਜਾਮ ਲੱਗਦਾ ਹੈ। ਜੇਕਰ ਵਾਹਨ ਹਾਈਵੇ 'ਤੇ ਖੜ੍ਹੇ ਪਾਏ ਗਏ ਤਾਂ ਉਨ੍ਹਾਂ  'ਤੇ ਕਾਰਵਾਈ  ਕੀਤੀ ਜਾਵੇਗੀ ।  


Shyna

Content Editor

Related News