ਮੁਕੇਰੀਆਂ ’ਚ ਖੁੰਭਾਂ ਵਾਂਗ ਵਧ ਰਹੀਆਂ ਹਨ ਨਾਜਾਇਜ਼ ਕਾਲੋਨੀਆਂ, ਵਿਭਾਗ ਮੌਨ

11/06/2023 2:03:56 PM

ਮੁਕੇਰੀਆਂ (ਨਾਗਲਾ)-ਮੁਕੇਰੀਆਂ ਅਤੇ ਆਸ-ਪਾਸ ਦੇ ਦਰਜਨਾਂ ਪਿੰਡਾਂ ’ਚ ਖੁੰਭਾਂ ਵਾਂਗ ਵੱਧ ਰਹੀਆਂ ਨਾਜਾਇਜ਼ ਕਾਲੋਨੀਆਂ ’ਚੋਂ ਕਾਲੋਨਾਈਜ਼ਰ ਵੱਖ-ਵੱਖ ਤਰ੍ਹਾਂ ਦੇ ਸਬਜ਼ਬਾਗ ਵਿਖਾ ਕੇ ਜਿੱਥੇ ਚਾਂਦੀ ਕੁੱਟ ਰਹੇ ਹਨ, ਉੱਥੇ ਹੀ ਪ੍ਰਾਪਰਟੀ ਡੀਲਰ ਅਤੇ ਕਾਲੋਨਾਈਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਭੋਲੇ-ਭਾਲੇ ਲੋਕਾਂ ਦੀਆਂ ਅੱਖਾਂ ਵਿਚ ਧੂੜ ਪਾ ਕੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕਰ ਰਹੇ ਹਨ, ਜਿਸ ਕਾਰਨ ਲੋਕ ਮਾਨਸਿਕ ਪ੍ਰੇਸ਼ਾਨੀਆਂ ਝੱਲਣ ਲਈ ਮਜਬੂਰ ਹੋ ਰਹੇ ਹਨ। ਉੱਥੇ ਹੀ ਸਬੰਧਤ ਵਿਭਾਗ ਮੌਨ ਬੈਠਾ ਹੈ।

ਇਥੇ ਜ਼ਿਕਰਯੋਗ ਹੈ ਕਿ ਮੁਕੇਰੀਆਂ ਦੇ ਪਿੰਡ ਫੱਤੂਵਾਲ ਰੋਡ, ਪਿੰਡ ਭੱਟੀਆਂ ਤੋਂ ਪੁਰੀਕਾ ਰੋਡ, ਪਿੰਡ ਬੱਧੂਪੁਰ, ਪਿੰਡ ਅਟੱਲਗੜ੍ਹ ਰੋਡ, ਪਿੰਡ ਮੁਸਾਹਿਬਪੁਰ ਨੇੜੇ, ਪਿੰਡ ਹਰਸਾ ਕਲੋਤਾ ਰੋਡ, ਪਿੰਡ ਬੁੱਢੇਵਾਲ, ਪਿੰਡ ਭੱਟੀਆਂ ਰਾਜਪੂਤਾਂ ਨੇੜੇ, ਤੰਗਰਾਲੀਆਂ ਰੋਡ, ਪਿੰਡ ਪਵਾਰਾਂ ਨੇੜੇ ਤੋਂ ਇਲਾਵਾ ਪਿੰਡ ਪੰਡੇਰਾ, ਤਲਵਾੜਾ ਰੋਡ ’ਤੇ ਮੁਕੇਰੀਆਂ ਵਿਚ ਸ਼ਾਹ ਕੈਨਾਲ ਕਾਲੋਨੀ ਦੇ ਪਿੱਛੇ, ਪਿੰਡ ਜ਼ਾਹਿਦਪੁਰ ਨੇੜੇ, ਪਿੰਡ ਗਾਲੜੀਆਂ, ਨਵੀਂ ਬਣੀ ਜੁਡੀਸ਼ੀਅਲ ਕੋਰਟ ਦੇ ਸਾਹਮਣੇ, ਚਰਖਾ ਕਾਲੋਨੀ ਦੇ ਸਾਹਮਣੇ, ਕਿਲਾ ਰੋਡ, ਖਾਲਸਾ ਸਕੂਲ ਦੇ ਪਿੱਛੇ ਬਿਜਲੀ ਘਰ ਦੇ ਸਾਹਮਣੇ ਆਦਿ ਦਰਜਨਾਂ ਪਿੰਡਾਂ ਤੇ ਮੁਹੱਲਿਆਂ ਵਿਚ ਨਾਜਾਇਜ਼ ਕਾਲੋਨੀਆਂ ਕੱਟੀਆਂ ਗਈਆਂ।

ਇਹ ਵੀ ਪੜ੍ਹੋ: RCF ਕਪੂਰਥਲਾ ਨੇੜੇ 100 ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, ਅੱਖਾਂ ਸਾਹਮਣੇ ਸੜ ਗਏ ਗ਼ਰੀਬਾਂ ਦੇ ਆਸ਼ਿਆਨੇ

PunjabKesari

ਇਥੇ ਜ਼ਿਕਰਯੋਗ ਹੈ ਕਿ ਮੁਕੇਰੀਆਂ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿਚ ਦਰਜਨਾਂ ਵੱਡੀਆਂ ਕਾਲੋਨੀਆਂ ਹੋਣ ਦੇ ਬਾਵਜੂਦ ਜ਼ਿਲ੍ਹਾ ਟਾਊਨ ਪਲੈਨਰ ਦਫ਼ਤਰ ਹੁਸ਼ਿਆਰਪੁਰ ਦੇ ਕਿਸੇ ਵੀ ਅਧਿਕਾਰੀ ਦੀ ਇਨ੍ਹਾਂ ’ਤੇ ਵਰ੍ਹਿਆਂ ਤੋਂ ਨਜ਼ਰ ਨਹੀਂ ਪੈ ਰਹੀ, ਜਿਸ ਕਾਰਨ ਮੁਕੇਰੀਆਂ ਹਲਕੇ ’ਚ ਇਸ ਵਿਭਾਗ ਦੀ ਕਥਿਤ ਮਿਲੀਭੁਗਤ ਦੀ ਚਰਚਾ ਜ਼ੋਰਾਂ ’ਤੇ ਹੈ। ਜਦੋਂਕਿ ਪਿਛਲੇ 4 ਦਿਨ ਪਹਿਲਾਂ ਜ਼ਿਲ੍ਹਾ ਟਾਊਨ ਪਲਾਨਰ ਦਫ਼ਤਰ ਵੱਲੋਂ ਮੁਕੇਰੀਆਂ ਦੇ ਪਿੰਡ ਖਿਚੀਆਂ ਵਿਚ ਸਿਰਫ਼ 10 ਪਲਾਟਾਂ ਵਾਲੀ ਕਾਲੋਨੀ ’ਤੇ ਜੇ. ਸੀ. ਬੀ. ਚਲਾ ਕੇ ਖਾਨਾ ਪੂਰਤੀ ਕੀਤੀ ਗਈ।

ਕਾਲੋਨਾਈਜ਼ਰਾਂ ਅਤੇ ਪ੍ਰਾਪਰਟੀ ਡੀਲਰਾਂ ਦੇ ਜਾਲ ਦਾ ਸ਼ਿਕਾਰ ਹੋਏ ਪਲਾਟ ਹੋਲਡਰ ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਪਲਾਟਾਂ ਦੇ ਬਿਆਨੇ ’ਤੇ ਹੀ ਅੱਧੀ ਰਕਮ ਵਸੂਲ ਕੀਤੀ ਜਾ ਚੁੱਕੀ ਹੈ ਅਤੇ ਹੁਣ ਰਜਿਸਟਰੀ ਨਾ ਹੋਣ ਕਾਰਨ ਕਾਲੋਨਾਈਜ਼ਰ ਵਿਦੇਸ਼ਾਂ ਵਿਚ ਬੈਠ ਕੇ ਬਹਾਨੇ ਬਣਾ ਰਹੇ ਹਨ। ਉਨ੍ਹਾਂ ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲੇ ਅਜਿਹੇ ਕਾਲੋਨਾਈਜ਼ਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਮੰਗ ਕੀਤੀ ਅਤੇ ਬਿਨਾਂ ਲਾਇਸੈਂਸ ਤੋਂ ਪ੍ਰਾਪਰਟੀ ਡੀਲਰ ਬਣ ਕੇ ਲੱਖਾਂ ਦੀ ਕਮਾਈ ਕਰਨ ਵਾਲੇ ਏਜੰਟਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਕਲੋਨਾਈਜ਼ਰ ਮਹਿੰਗੇ ਭਾਅ ਜ਼ਮੀਨ ਖਰੀਦ ਕੇ ਕਰੋੜਾਂ ਵਿਚ ਵੇਚ ਰਹੇ ਹਨ।

ਇਹ ਵੀ ਪੜ੍ਹੋ:  ਹੋਟਲ 'ਚ ਰੰਗਰਲੀਆਂ ਮਨਾਉਣ ਪੁੱਜਾ ਸੀ ਪ੍ਰੇਮੀ ਜੋੜਾ, ਜ਼ਿਆਦਾ ਸ਼ਰਾਬ ਪੀਣ ਕਾਰਨ ਹੋਇਆ ਉਹ ਜੋ ਸੋਚਿਆ ਨਾ ਸੀ

ਨਾਜਾਇਜ਼ ਕਾਲੋਨੀਆਂ ਤੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ: ਰਾਹੁਲ ਚਾਬਾ
ਇਸ ਸਬੰਧੀ ਜਦੋਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਹੁਸ਼ਿਆਰਪੁਰ ਰਾਹੁਲ ਚਾਬਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਸਾਰੀਆਂ ਨਾਜਾਇਜ਼ ਕeਲੋਨੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਜ਼ਿਲੇ ਵਿਚ ਜੋ ਵੀ ਨਾਜਾਇਜ਼ ਕਾਲੋਨੀ ਪਾਈ ਗਈ, ਉਸ ਉੱਪਰ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਾਲੋਨੀਆਂ ਸਬੰਧੀ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਨੂੰ ਹੁਕਮ ਜਾਰੀ ਕਰ ਕੇ ਰਜਿਸਟਰੀ ਕਰਵਾਉਣ ’ਤੇ ਪਾਬੰਦੀ ਲਾਈ ਜਾਵੇਗੀ। ਇਸ ਦੇ ਨਾਲ ਹੀ ਬਿਜਲੀ ਬੋਰਡ ਨੂੰ ਕੁਨੈਕਸ਼ਨ ਨਾ ਦੇਣ ਦੇ ਹੁਕਮ ਜਾਰੀ ਕੀਤੇ ਜਾਣਗੇ। ਪਹਿਲਾਂ ਨੋਟਿਸ ਦੇ ਕੇ ਉਸਾਰੀ ਬੰਦ ਕਰਵਾਈ ਜਾਵੇਗੀ। ਫਿਰ ਇਸ ਸਬੰਧ ’ਚ ਤਿੰਨ ਨੋਟਿਸ ਜਾਰੀ ਕਰ ਕੇ ਕਾਲੋਨੀ ਨੂੰ ਢਾਹੁਣ ਦੀ ਅੰਤਿਮ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਕਾਲੋਨੀ ਵਿਚ ਪਲਾਟ ਖਰੀਦਣ ਨਾਲ ਗਾਹਕ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਲੋਕਾਂ ਨੂੰ ਕਾਲੋਨਾਈਜ਼ਰਾਂ ਅਤੇ ਪ੍ਰਾਪਰਟੀ ਡੀਲਰਾਂ ਦੇ ਜਾਲ ਵਿਚ ਨਾ ਫਸਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਾਲੋਨਾਈਜ਼ਰਾਂ ਨੂੰ ਅਪੀਲ ਕੀਤੀ ਕਿ ਉਹ ਮਨਜ਼ੂਰੀ ਲੈਣ ਤਾਂ ਜੋ ਖ਼ਰੀਦਦਾਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ: ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਨੇ ਕੱਸਿਆ ਸ਼ਿੰਕਜਾ, ਸਖ਼ਤ ਹਦਾਇਤਾਂ ਕੀਤੀਆਂ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News