ਦੇਸੀ ਸੈਮੀਕੰਡਕਟਰ ਚਿਪ : ਭਾਰਤ ਦੇ ਹਾਈਟੈੱਕ ਮੈਨਿਊਫੈਕਚਰਿੰਗ ’ਚ ਮੌਨ ਇਨਕਲਾਬ
Wednesday, May 01, 2024 - 02:10 PM (IST)
ਤਕਨਾਲੋਜੀ ’ਤੇ ਵਧਦੀ ਨਿਰਭਰਤਾ ਨਾਲ ‘ਸੈਮੀਕੰਡਕਟਰ’ ਇਸ ਦਾ ਜ਼ਰੂਰੀ ਅੰਗ ਬਣ ਗਏ ਹਨ। ਸਾਡੀਆਂ ਰੋਜ਼ਾਨਾ ਲੋੜਾਂ ਲਈ ਇਲੈਕਟ੍ਰਾਨਿਕਸ ਉਪਕਰਣਾਂ ਤੋਂ ਲੈ ਕੇ ਮੋਬਾਈਲ ਫੋਨ, ਕੰਪਿਊਟਰ, ਮੈਡੀਕਲ ਉਪਕਰਣ ਅਤੇ ਇੱਥੋਂ ਤੱਕ ਕਿ ਖੇਤੀਬਾੜੀ ਦੇ ਸੰਦਾਂ ਤੋਂ ਲੈ ਕੇ ਕਾਰ ਤੱਕ ਦੇ ‘ਪਾਵਰਹਾਊਸ’ ਇਕ ਛੋਟੀ ਜਿਹੀ ਸੈਮੀਕੰਡਕਟਰ ਚਿਪ ’ਚ ਸਿਮਟੇ ਹਨ। ਦੇਸ਼ ਨੂੰ ਇਨ੍ਹਾਂ ਦੀ ਤਾਕਤ ਦਾ ਅਹਿਸਾਸ ਕੋਰੋਨਾ ਮਹਾਮਾਰੀ ਦੌਰਾਨ ਤਦ ਹੋਇਆ ਜਦ ਇਨ੍ਹਾਂ ਛੋਟੇ ਜਿਹੇ ਪੁਰਜ਼ਿਆਂ ਦੀ ਕਿੱਲਤ ਕਾਰਨ ਕਈ ਗੱਡੀਆਂ ਅਤੇ ਮੈਡੀਕਲ ਉਪਕਰਣਾਂ ਦਾ ਉਤਪਾਦਨ ਲਗਭਗ ਠੱਪ ਹੋ ਗਿਆ ਸੀ। ਅੱਜ ਵੀ ਭਾਰਤ 95 ਫੀਸਦੀ ਸੈਮੀਕੰਡਕਟਰ ਚਿਪ ਲਈ ਤਾਈਵਾਨ, ਚੀਨ, ਜਾਪਾਨ, ਅਮਰੀਕਾ, ਮਲੇਸ਼ੀਆ, ਸਿੰਗਾਪੁਰ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਤੋਂ ਦਰਾਮਦ ’ਤੇ ਨਿਰਭਰ ਹੈ। ਹਾਈਟੈੱਕ ਮੈਨਿਊਫੈਕਚਰਿੰਗ ਦੀ ਇਸ ਮੌਨ ਕ੍ਰਾਂਤੀ ਦਾ ਸਮਾਜਿਕ-ਆਰਥਿਕ ਮਹੱਤਵ ਸਮਝਦੇ ਹੋਏ ਭਾਰਤ ਨੇ ਵੀ ਹੁਣ ਸੈਮੀਕੰਡਕਟਰ ਸੈਕਟਰ ’ਚ ਆਤਮ-ਨਿਰਭਰਤਾ ਵੱਲ ਤੇਜ਼ੀ ਨਾਲ ਕਦਮ ਵਧਾਏ ਹਨ।
ਨੈਸ਼ਨਲ ਐਸੋਸੀਏਸ਼ਨ ਆਫ ਸਾਫਟਵੇਅਰ ਐਂਡ ਸਰਵਿਸ ਕੰਪਨੀਜ਼ (ਨੈਸਕਾਮ) ਅਤੇ ਜਿਨੋਵ ਦੀ ਤਾਜ਼ਾ ਰਿਪੋਰਟ ਅਨੁਸਾਰ ਵਿੱਤੀ ਸਾਲ 2023-24 ਦੀ ਦਸੰਬਰ ਤਿਮਾਹੀ ਦੌਰਾਨ ਭਾਰਤ ’ਚ ਸਥਾਪਿਤ ਨਵੇਂ ਵਿਸ਼ਵ ਸਮਰੱਥਾ ਵਾਲੇ ਕੇਂਦਰਾਂ ’ਚੋਂ ਲਗਭਗ 30 ਫੀਸਦੀ ਸੈਮੀਕੰਡਕਟਰ ਸੈਕਟਰ ਨਾਲ ਸਬੰਧਤ ਹਨ। ਇਨ੍ਹਾਂ ’ਚ ਸੈਮੀਕੰਡਕਟਰ ਚਿਪ ਦੀ ‘ਫੰ੍ਰਟ-ਐਂਡ ਡਿਜ਼ਾਈਨ’ ਤੋਂ ਲੈ ਕੇ ਇਨ੍ਹਾਂ ਦੇ ਪ੍ਰਦਰਸ਼ਨ ਪ੍ਰੀਖਣ ’ਚ ਸਥਾਨਕ ਹੁਨਰਮੰਦ ਇੰਜੀਨੀਅਰਾਂ ਅਤੇ ਕਾਮਿਆਂ ਲਈ ਰੋਜ਼ਗਾਰ ਦੇ ਅਪਾਰ ਮੌਕੇ ਹਨ। ਇੰਟੈਲ, ਟੈਕਸਾਸ ਇੰਸਟਰੂਮੈਂਟਸ, ਏ. ਐੱਮ. ਡੀ., ਐਨਵੀਡੀਆ ਅਤੇ ਕਵਾਲਕਾਮ ਵਰਗੀਆਂ ਦੁਨੀਆ ਦੀਆਂ ਮੰਨੀਆਂ-ਪ੍ਰਮੰਨੀਆਂ ਸੈਮੀਕੰਡਕਟਰ ਚਿਪ ਡਿਜ਼ਾਈਨ ਕੰਪਨੀਆਂ ਦੇ ਡਿਜ਼ਾਈਨ ਅਤੇ ਰਿਸਰਚ ਡਿਵੈਲਪਮੈਂਟ ਸੈਂਟਰ ਭਾਰਤ ’ਚ ਸਥਾਪਿਤ ਹੋ ਰਹੇ ਹਨ। ਏ. ਐੱਮ. ਡੀ. ਨੇ ਹਾਲ ਹੀ ’ਚ ਬੈਂਗਲੁਰੂ ’ਚ ਦੁਨੀਆ ਦਾ ਸਭ ਤੋਂ ਵੱਡਾ ਡਿਜ਼ਾਈਨ ਸੈਂਟਰ ਸ਼ੁਰੂ ਕੀਤਾ ਹੈ।
ਪਿਛਲੇ ਮਾਰਚ ਦੌਰਾਨ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਯੋਜਿਤ ‘ਇੰਡੀਆਜ਼ ਟੇਕਡ : ਚਿਪ ਫਾਰ ਵਿਕਸਿਤ ਭਾਰਤ’ ਪ੍ਰੋਗਰਾਮ ਵਿਚ ਸਵਾ ਲੱਖ ਕਰੋੜ ਰੁਪਏ ਦੇ ਨਿਵੇਸ਼ ਵਾਲੇ ਤਿੰਨ ਵੱਡੇ ਸੈਮੀਕੰਡਕਟਰ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਟਾਟਾ ਇਲੈਕਟ੍ਰਾਨਿਕਸ ਤਾਈਵਾਨ ਦੀ ਪਾਵਰ ਚਿਪ ਸੈਮੀਕੰਡਕਟਰ ਮੈਨਿਊਫੈਕਚਰਿੰਗ ਕਾਰਪੋਰੇਸ਼ਨ (ਪੀ. ਐੱਸ. ਐੱਮ. ਸੀ.) ਨਾਲ ਸਾਂਝੇਦਾਰੀ ਵਿਚ 91,000 ਕਰੋੜ ਰੁਪਏ ਦੇ ਨਿਵੇਸ਼ ਨਾਲ ਧੋਲੇਰਾ, ਗੁਜਰਾਤ ਵਿਚ ਦੇਸ਼ ਦਾ ਪਹਿਲਾ ਸੈਮੀਕੰਡਕਟਰ ਫੈਬ ਪਲਾਂਟ ਸਥਾਪਿਤ ਕਰ ਰਿਹਾ ਹੈ ਜਦੋਂ ਕਿ 27,000 ਕਰੋੜ ਰੁਪਏ ਦੇ ਨਿਵੇਸ਼ ਨਾਲ ਮੋਰੀਗਾਂਵ (ਆਸਾਮ) ਵਿਚ ਦੂਜਾ ਪਲਾਂਟ ਵੀ ਇਸੇ ਭਾਈਵਾਲੀ ਵਿਚ ਸਥਾਪਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਪਲਾਂਟਾਂ ਤੋਂ 2026 ਤੱਕ ਪਹਿਲੇ ਦੇਸੀ ਸੈਮੀਕੰਡਕਟਰ ਚਿਪ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਸਾਂਨਦ, ਗੁਜਰਾਤ ਵਿਚ 22,500 ਕਰੋੜ ਰੁਪਏ ਦੇ ਨਿਵੇਸ਼ ਨਾਲ ਅਮਰੀਕੀ ਸੈਮੀਕੰਡਕਟਰ ਕੰਪਨੀ ਮਾਈਕ੍ਰੋਨ ਦਸੰਬਰ ਤੱਕ ਦੇਸ਼ ਅਤੇ ਦੁਨੀਆ ਵਿਚ ਪਹਿਲੀ ‘ਮੇਡ ਇਨ ਇੰਡੀਆ’ ਮੈਮੋਰੀ ਚਿਪ ਲਾਂਚ ਕਰਨ ਲਈ ਤਿਆਰ ਹੈ।
95 ਫੀਸਦੀ ਨਿਰਭਰਤਾ ਦਰਾਮਦ ’ਤੇ : ਸੈਮੀਕੰਡਕਟਰ ਚਿਪਸ ਲਈ ਦਰਾਮਦ ਨਿਰਭਰਤਾ ਨੂੰ 95 ਪ੍ਰਤੀਸ਼ਤ ਤੋਂ ਵੱਧ ਘਟਾਉਣ ਲਈ ਦੇਸ਼ ਵਿਚ ਇਕ ਮਜ਼ਬੂਤ ਸੈਮੀਕੰਡਕਟਰ ਉਦਯੋਗ ਦੀ ਲੋੜ ਨੂੰ ਪਛਾਣਦੇ ਹੋਏ, ਕੇਂਦਰ ਸਰਕਾਰ ਨੇ ਇੰਡੀਆ ਸੈਮੀਕੰਡਕਟਰ ਮਿਸ਼ਨ (ਆਈ.ਐੱਸ.ਐੱਮ.) ਤਹਿਤ ਨਵੇਂ ਨਿਵੇਸ਼ਕਾਂ ਨੂੰ ਪੂੰਜੀਗਤ ਖਰਚ ’ਚ 50 ਫੀਸਦੀ ਸਹਾਇਤਾ, ਉਤਪਾਦਨ ਲਿੰਕਡ ਇੰਸੈਂਟਿਵ (ਪੀ.ਐੱਲ.ਆਈ.) ਅਤੇ ਡਿਜ਼ਾਈਨ ਲਿੰਕਡ ਇੰਸੈਂਟਿਵ (ਡੀ.ਐੱਲ.ਆਈ.) ਸਕੀਮ ਲਈ 76,000 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਵਿਦੇਸ਼ੀ ਕੰਪਨੀਆਂ ਨਾਲ ਸਾਂਝੇਦਾਰੀ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸੈਮੀਕੰਡਕਟਰ ਸੈਕਟਰ ਵਿਚ ਹੁਨਰਮੰਦ ਕਾਮਿਆਂ ਦੀ ਕਮੀ ਨੂੰ ਦੂਰ ਕਰਨ ਲਈ ਕੇਂਦਰੀ ਇਲੈਕਟ੍ਰਾਨਿਕਸ ਅਤੇ ਆਈ. ਟੀ. ਮੰਤਰਾਲੇ ਦੀ ਅਗਲੇ 5 ਸਾਲਾਂ ਵਿਚ 85,000 ਤੋਂ ਵੱਧ ਚਿਪ ਡਿਜ਼ਾਈਨਿੰਗ ਇੰਜੀਨੀਅਰ ਤਿਆਰ ਕਰਨ ਦੀ ਯੋਜਨਾ ਹੈ।
ਮੌਜੂਦਾ ਕਾਰੋਬਾਰ ਦੇ ਵਿਸਥਾਰ ਦੀ ਸੰਭਾਵਨਾ : ਚੀਨ-ਅਮਰੀਕਾ ਵਪਾਰ ਯੁੱਧ ਕਾਰਨ ਕਈ ਅਮਰੀਕੀ ਕੰਪਨੀਆਂ ਚੀਨ ਤੋਂ ਬਾਹਰ ਕਾਰੋਬਾਰ ਵਿਸਥਾਰ ਲਈ ਤਿਆਰ ਹਨ। ਇਨ੍ਹਾਂ ਹਾਲਾਤ ’ਚ ਭਾਰਤ, ਮਲੇਸ਼ੀਆ, ਸਿੰਗਾਪੁਰ, ਥਾਈਲੈਂਡ, ਵੀਅਤਨਾਮ ਅਤੇ ਇੰਡੋਨੇਸ਼ੀਆ ਵਰਗੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਨੂੰ ਭਵਿੱਖ ਦੇ ਸੈਮੀਕੰਡਕਟਰ ਫ੍ਰੰਟ ਐਂਡ ਮੈਨਿਊਫੈਕਚਰਿੰਗ ਹੱਬ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਇਸ ‘ਈਕੋ-ਸਿਸਟਮ’ ’ਚ ਭਾਰਤ ਦਾ ਸਹੀ ਸਮੇਂ ’ਤੇ ਦਾਖਲਾ ਗਲੋਬਲ ਸਪਲਾਈ ਚੇਨ ’ਚ ਬਦਲਾਅ ਤੋਂ ਇਲਾਵਾ ਸੈਮੀਕੰਡਕਟਰ ਡਿਜ਼ਾਈਨ ਮੈਨਿਊਫੈਕਚਰਿੰਗ ਅਤੇ ਤਕਨਾਲੋਜੀ ਵਿਕਾਸ ਲਈ ਇਕ ਗਲੋਬਲ ਸੈਂਟਰ ਵਜੋਂ ਸਥਾਪਿਤ ਹੋਣ ਨਾਲ ਦੇਸ਼ ਦੇ ਲੱਖਾਂ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵਧਾਉਣ ਦਾ ਸੁਨਹਿਰੀ ਮੌਕਾ ਹੈ।
ਭਾਰਤ ਵਿਚ ਸੈਮੀਕੰਡਕਟਰ ਨਾਲ ਸਬੰਧਤ 95 ਗਲੋਬਲ ਸਮਰੱਥਾ ਕੇਂਦਰਾਂ (ਜੀ.ਸੀ.ਸੀ.) ਵਿਚੋਂ 55 ਜੀ.ਸੀ.ਸੀ. ਬੰਗਲੌਰ ਅਤੇ ਹੈਦਰਾਬਾਦ ਵਿਚ ਹਨ। ਇਨ੍ਹਾਂ ਜੀ.ਸੀ.ਸੀ. ਇਕਾਈਆਂ ਵਿਚ ਪਹਿਲਾਂ ਹੀ ਕੰਮ ਕਰ ਰਹੇ 50,000 ਮੁਲਾਜ਼ਮ ਭਾਰਤ ਵਿਚ ਸੈਮੀਕੰਡਕਟਰ ਉਦਯੋਗ ਦੇ ਭਵਿੱਖ ਲਈ ਸੁਖਦ ਸੰਕੇਤ ਹਨ। ਭਾਰਤ ਦਾ ਸਾਲਾਨਾ 15 ਬਿਲੀਅਨ ਅਮਰੀਕੀ ਡਾਲਰ ਦਾ ਸੈਮੀਕੰਡਕਟਰ ਕਾਰੋਬਾਰ 2026 ਤੱਕ 55 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ।
ਸੈਮੀਕੰਡਕਟਰ ਚਿਪ ਉਤਪਾਦਨ ਦੀ ਦੁਨੀਆ ਆਪਸ ’ਚ ਡੂੰਘਾਈ ਨਾਲ ਜੁੜੀ ਹੋਈ ਹੈ, ਇਸ ਲਈ ਭਾਰਤੀ ਕੰਪਨੀਆਂ ਨੂੰ ਉੱਨਤ ਤਕਨੀਕ ਤੱਕ ਪਹੁੰਚ ਵਧਾਉਣ ਲਈ ਤਾਈਵਾਨ ਅਤੇ ਦੱਖਣੀ ਕੋਰੀਆ ਦੀਆਂ ਕੰਪਨੀਆਂ ਨਾਲ ਗੱਠਜੋੜ ਕਰਨ ਦੀ ਲੋੜ ਹੈ। ਇਹ ਭਾਈਵਾਲੀ ਆਟੋਮੈਟਿਕ ਮਸ਼ੀਨਾਂ, ਸਮਾਰਟ ਮੈਡੀਕਲ ਉਪਕਰਣਾਂ ਦੀ ਵਰਤੋਂ ਅਤੇ 6ਜੀ ਤੋਂ ਅੱਗੇ ਭਵਿੱਖ ਦੇ ਸੰਚਾਰ ਇਨਕਲਾਬ ਅਤੇ ਸਾਰੇ ਇਲੈਕਟ੍ਰਾਨਿਕ ਉਪਕਰਣਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਵਧਦੀ ਵਰਤੋਂ ਵਿਚ ਮਦਦਗਾਰ ਸਾਬਤ ਹੋਵੇਗੀ।
ਹੁਨਰ ਦੇ ਪਾੜੇ ਨੂੰ ਪੂਰਾ ਕਰਨ ਦੀ ਲੋੜ : ਭਾਰਤ ਨੂੰ ਉੱਨਤ ਸੈਮੀਕੰਡਕਟਰ ਚਿਪ ਡਿਜ਼ਾਈਨਿੰਗ ਲਈ ਹੁਨਰਮੰਦ ਇੰਜੀਨੀਅਰਾਂ ਦੀ ਘਾਟ ਨੂੰ ਦੂਰ ਕਰਨ ਦੀ ਲੋੜ ਹੈ। ਇਸ ਲਈ ਕਈ ਕੰਪਨੀਆਂ ਨੇ ਅਨੋਖੀ ਪਹਿਲ ਕੀਤੀ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਤੋਂ ਹਿਜਰਤ ਕਰ ਚੁੱਕੀਆਂ ਪ੍ਰਤਿਭਾਵਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਟਾਟਾ ਇਲੈਕਟ੍ਰੋਨਿਕਸ ਸਮੇਤ ਕਈ ਭਾਰਤੀ ਕੰਪਨੀਆਂ ਨੇ ਤਾਈਵਾਨ ਦੀ ਚਿਪ ਨਿਰਮਾਣ ਹੱਬ ਸਿੰਚੂ ਵਿਚ ਇਕ ਰੋਡ ਸ਼ੋਅ ਦਾ ਸਹਾਰਾ ਲਿਆ। ਇਸ ਤੋਂ ਪਹਿਲਾਂ ਭਾਰਤੀ ਕੰਪਨੀਆਂ ਵਿਦੇਸ਼ਾਂ ਤੋਂ ਨਿਵੇਸ਼ ਹਾਸਲ ਕਰਨ ਲਈ ਉੱਥੇ ਜਾ ਕੇ ਰੋਡ ਸ਼ੋਅ ਕਰਦੀਆਂ ਸਨ।
ਵਿਸ਼ਵ ਦੇ ਸੈਮੀਕੰਡਕਟਰ ਨਿਰਮਾਣ ਉਦਯੋਗ ਵਿਚ ਕੰਮ ਕਰ ਰਹੇ 23 ਲੱਖ ਹੁਨਰਮੰਦ ਇੰਜੀਨੀਅਰਾਂ ਵਿਚੋਂ ਲਗਭਗ 25 ਪ੍ਰਤੀਸ਼ਤ ਸੀਨੀਅਰ ਇੰਜੀਨੀਅਰ ਭਾਰਤੀ ਮੂਲ ਦੇ ਹਨ। ਸੰਚਾਰ ਅਤੇ ਆਈ. ਟੀ. ਮੰਤਰੀ ਅਸ਼ਵਿਨੀ ਵੈਸ਼ਨਵ ਦੇ ਅਨੁਸਾਰ, ‘‘ਅਮਰੀਕਾ ਤੋਂ ਭਾਰਤ ਪਰਤਣ ਦਾ ਫੈਸਲਾ ਕਰਨ ਵਾਲੇ ਜ਼ਿਆਦਾਤਰ ਇੰਜੀਨੀਅਰ ਨੌਜਵਾਨ ਹਨ, ਜਦੋਂ ਕਿ ਤਾਈਵਾਨ, ਸਿੰਗਾਪੁਰ ਅਤੇ ਮਲੇਸ਼ੀਆ ਤੋਂ ਭਾਰਤ ਪਰਤਣ ਦੇ ਚਾਹਵਾਨ ਜ਼ਿਆਦਾਤਰ ਤਜਰਬੇਕਾਰ ਇੰਜੀਨੀਅਰਾਂ ਦੀ ਉਮਰ 45 ਸਾਲ ਤੋਂ ਉੱਪਰ ਹੈ। ਅਸੀਂ ਉਮੀਦ ਕਰਦੇ ਹਾਂ ਕਿ ਭਾਰਤੀ ਮੂਲ ਦੇ ਬਹੁਤ ਸਾਰੇ ਇੰਜੀਨੀਅਰ ਭਾਰਤ ਦੀ ਉੱਚ-ਤਕਨੀਕੀ ਨਿਰਮਾਣ ਕ੍ਰਾਂਤੀ ਵਿਚ ਯੋਗਦਾਨ ਪਾਉਣ ਲਈ ਦੇਸ਼ ਪਰਤਣਗੇ।’’
ਅੱਗੋਂ ਦੀ ਰਾਹ : ਸੈਮੀਕੰਡਕਟਰ ਉਦਯੋਗ ਦਾ ਭਵਿੱਖ ਬੇਅੰਤ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ। ਇਸ ਉਦਯੋਗ ਵਿਚ ਸਵੈ-ਨਿਰਭਰ ਬਣਨ ਅਤੇ ਵਿਸ਼ਵ ਮੰਡੀ ਵਿਚ ਇਕ ਵੱਡਾ ਖਿਡਾਰੀ ਬਣਨ ਲਈ, ਭਾਰਤ ਵਿਚ ਅਗਲੇ ਪੰਜ ਸਾਲਾਂ ਵਿਚ ਡਿਜ਼ਾਈਨ ਇੰਜੀਨੀਅਰ, ਨਿਰਮਾਣ ਇੰਜੀਨੀਅਰ, ਖੋਜ ਅਤੇ ਵਿਕਾਸ ਵਿਗਿਆਨੀਆਂ, ਆਪ੍ਰੇਟਰਾਂ ਅਤੇ ਟੈਕਨੀਸ਼ੀਅਨਾਂ ਲਈ 10 ਲੱਖ ਤੋਂ ਵੱਧ ਨੌਕਰੀਆਂ ਦੇ ਮੌਕੇ ਹਨ। ਪ੍ਰਤਿਭਾ ਅਤੇ ਸਾਧਨਾਂ ਦੇ ਬਲ ’ਤੇ ਭਾਰਤ ਆਉਣ ਵਾਲੇ ਸਾਲਾਂ ’ਚ ਸੈਮੀਕੰਡਕਟਰ ਸੈਕਟਰ ’ਚ ‘ਗਲੋਬਲ ਲੀਡਰ’ ਬਣਨ ਲਈ ਤਿਆਰ ਹੈ।
ਡਾ. ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ)