ਹਾਈ ਕੋਰਟ ''ਚ ਸ਼ਹਿਰ ਦੀਆਂ 350 ਤੋਂ ਵੱਧ ਨਾਜਾਇਜ਼ ਬਿਲਡਿੰਗਾਂ ਦੀ ਸੁਣਵਾਈ ਅੱਜ

07/23/2019 11:27:51 AM

ਜਲੰਧਰ (ਖੁਰਾਣਾ)— ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਵੱਲੋਂ ਦਾਇਰ ਕੀਤੀ ਗਈ ਪੀ. ਆਈ. ਐੱਲ. ਦੇ ਮਾਮਲੇ 'ਚ ਸ਼ਹਿਰ ਦੀਆਂ 350 ਤੋਂ ਵੱਧ ਨਾਜਾਇਜ਼ ਬਿਲਡਿੰਗਾਂ 'ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਮੰਗਲਵਾਰ 23 ਜੁਲਾਈ ਨੂੰ ਹੋਣ ਜਾ ਰਹੀ ਹੈ। ਹਾਈ ਕੋਰਟ 'ਚ ਇਹ ਕੇਸ ਅਰਜੈਂਟ ਕੈਟਾਗਿਰੀ 'ਚ ਲੱਗਾ ਹੈ, ਜਿਸ ਦੀ ਸੁਣਵਾਈ ਚੀਫ ਜਸਟਿਸ 'ਤੇ ਆਧਾਰਤ ਡਬਲ ਬੈਂਚ ਵੱਲੋਂ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਸਿਮਰਨਜੀਤ ਨੇ ਨਿਗਮ ਅਧਿਕਾਰੀਆਂ 'ਤੇ ਪਿਛਲੇ 3 ਸਾਲਾਂ ਦੌਰਾਨ ਨਾਜਾਇਜ਼ ਬਿਲਡਿੰਗਾਂ 'ਤੇ ਕਾਰਵਾਈ ਨਾ ਕਰਨ ਜਾਂ ਸਿਰਫ ਖਾਨਾਪੂਰਤੀ ਕਰਨ ਦੇ ਦਰਜਨਾਂ ਸਬੂਤ ਦਿੱਤੇ ਹਨ, ਜਿਸ ਮਾਮਲੇ 'ਚ ਅਦਾਲਤ ਨੇ ਸਖਤ ਰੁਖ ਅਪਣਾਇਆ ਹੈ। ਨਿਗਮ ਨੇ ਆਪਣਾ ਜਵਾਬ ਤਾਂ ਦਾਇਰ ਕਰ ਕੇ ਦਿੱਤਾ ਹੈ ਪਰ ਉਹ ਅੱਧਾ-ਅਧੂਰਾ ਦੱਸਿਆ ਜਾ ਰਿਹਾ ਹੈ। ਅਦਾਲਤ ਜਾਂ ਸ਼ਿਕਾਇਤਕਰਤਾ ਦੇ ਵਕੀਲ ਨਿਗਮ ਦੇ ਜਵਾਬ 'ਚੋਂ ਕਮੀਆਂ ਲੱਭ ਕੇ ਨਿਗਮ ਨੂੰ ਹੀ ਫਸਾ ਸਕਦੇ ਹਨ। ਨਾਜਾਇਜ਼ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ ਦੇ ਮਾਮਲੇ 'ਚ ਅਦਾਲਤ ਦੇ ਸਖਤ ਰੁਖ ਨੂੰ ਦੇਖਦਿਆਂ ਨਿਗਮ ਦਾ ਕੋਈ ਵੱਡਾ ਅਧਿਕਾਰੀ ਕੱਲ ਹਾਈ ਕੋਰਟ 'ਚ ਪੇਸ਼ ਹੋਣ ਜਾ ਰਿਹਾ ਹੈ। ਇਸ ਦੇ ਲਈ ਐੱਮ. ਟੀ. ਪੀ. ਲਖਬੀਰ ਸਿੰਘ ਅਤੇ ਏ. ਟੀ. ਪੀ. ਰਾਜਿੰਦਰ ਸ਼ਰਮਾ ਦੀ ਡਿਊਟੀ ਲਾਈ ਗਈ ਹੈ। ਹੁਣ ਵੇਖਣਾ ਹੈ ਕਿ ਹਾਈ ਕੋਰਟ ਇਸ ਮਾਮਲੇ ਵਿਚ ਕੀ ਫੈਸਲਾ ਸੁਣਾਉਂਦੀ ਹੈ।

ਪੁੱਡਾ ਅਤੇ ਅੰਮ੍ਰਿਤਸਰ ਨਿਗਮ ਦੀ ਸੁਣਵਾਈ ਵੀ ਅੱਜ
ਨਾਜਾਇਜ਼ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ ਦੇ ਮਾਮਲੇ ਬਾਰੇ ਹਾਈਕੋਰਟ 'ਚ 23 ਜੁਲਾਈ ਨੂੰ ਜਲੰਧਰ ਡਿਵੈੱਲਪਮੈਂਟ ਅਥਾਰਿਟੀ (ਪੁੱਡਾ) ਅਤੇ ਅੰਮ੍ਰਿਤਸਰ ਨਗਰ ਨਿਗਮ ਨਾਲ ਸਬੰਧਤ ਕੇਸਾਂ ਦੀ ਸੁਣਵਾਈ ਵੀ ਹੋਵੇਗੀ। ਪੁੱਡਾ ਜਲੰਧਰ ਦੇ ਖਿਲਾਫ ਤਾਂ ਸਿਮਰਨਜੀਤ ਸਿੰਘ ਨੇ ਹੀ ਪੀ. ਆਈ. ਐੱਲ. ਪਾਈ ਹੋਈ ਹੈ, ਜਦੋਂਕਿ ਅੰਮ੍ਰਿਤਸਰ ਨਿਗਮ ਦਾ ਕੇਸ ਪੁਰਾਣਾ ਚੱਲ ਰਿਹਾ ਹੈ।


shivani attri

Content Editor

Related News