ਹੈਦਰਾਬਾਦ ਬੇਟ ’ਚ ਦੂਜੇ ਦਿਨ ਫਿਰ ਚੱਲੀਆਂ ਕਿਰਪਾਨਾਂ

10/22/2018 5:55:57 AM

ਸੁਲਤਾਨਪੁਰ ਲੋਧੀ,   (ਸੋਢੀ)-  ਪਿੰਡ ਹੈਦਰਾਬਾਦ ਬੇਟ ਵਿਚ 20 ਅਕਤੂਬਰ ਦੀ ਸਵੇਰ ਨੂੰ ਇਕ ਟੈਕਸੀ ਚਾਲਕ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਕਰਮਚਾਰੀ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ ਗਿਆ ਸੀ। ਉਸੇ ਪਿੰਡ ’ਚ ਅੱਜ ਦੂਜੇ ਦਿਨ ਫਿਰ ਦਾਤਰ ਕਿਰਪਾਨਾਂ ਚੱਲਣ ਤੋਂ ਬਾਅਦ ਸ਼ਾਮ ਨੂੰ ਇਕ ਗੁੱਟ ਦੇ ਦੋ ਵਿਅਕਤੀ ਸਾਹਿਬ ਸਿੰਘ ਪੁੱਤਰ ਪ੍ਰਗਟ ਸਿੰਘ ਪਿੰਡ ਹੈਦਰਾਬਾਦ ਬੇਟ ਤੇ  ਉਸਦੇ ਜੀਜੇ ਪ੍ਰਗਟ ਸਿੰਘ ਪੁੱਤਰ ਸਲਵਿੰਦਰ ਸਿੰਘ ਨਿਵਾਸੀ ਪਿੰਡ ਪੱਸਨ ਕਦੀਮ ਨੂੰ ਗੰਭੀਰ ਰੂਪ ’ਚ ਜ਼ਖਮੀ ਹੋਣ ਤੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਦਕਿ ਦੂਜੇ ਗੁੱਟ ਦੇ ਗੁਰਦੁਆਰਾ ਬੇਰ ਸਾਹਿਬ ਦੇ ਕਰਮਚਾਰੀ ਮਲਕੀਅਤ ਸਿੰਘ ਦੇ ਲਡ਼ਕੇ ਅਮਰਜੀਤ ਸਿੰਘ ਨੂੰ ਜ਼ਖਮੀ ਹਾਲਤ ਵਿਚ ਦਾਖਲ ਕਰਵਾਇਆ ਗਿਆ ਹੈ। 
ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਸਾਹਿਬ ਸਿੰਘ ਤੇ ਉਸਦੇ ਜੀਜੇ ਪ੍ਰਗਟ ਸਿੰਘ ਦੇ ਸਿਰ ਵਿਚ ਗੰਭੀਰ ਸੱਟਾਂ ਹੋਣ ਬਾਰੇ ਦੱਸਿਆ ਗਿਆ ਹੈ। ਸਾਹਿਬ ਸਿੰਘ ਨੇ ਦੋਸ਼ ਲਾਇਆ ਕਿ ਉਹ ਆਪਣੇ ਪਿੰਡ ਹੈਦਰਾਬਾਦ ਬੇਟ ਵਿਚ ਆਪਣੇ ਘਰ ਆਪਣੇ ਜੀਜੇ ਪ੍ਰਗਟ ਸਿੰਘ ਨਾਲ ਸੀ ਤਾਂ ਸ਼ਾਮ ਨੂੰ ਜਦ ਮੈ ਆਪਣੇ ਘਰ ਤੋਂ ਸ਼ਡ਼ਕ ਵੱਲ ਨੂੰ   ਆਇਆ ਤਾਂ ਮੈਨੂੰ ਮਲਕੀਅਤ ਸਿੰਘ ਦੇ ਪੁੱਤਰ ਅਮਰਜੀਤ ਸਿੰਘ ਤੇ ਉਸ ਨਾਲ ਆਏ 20-22 ਅਣਪਛਾਤੇ ਵਿਅਕਤੀਆਂ ਘੇਰ ਲਿਆ ਤੇ ਦਾਤਰ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਉਸਨੇ ਦੱਸਿਆ ਕਿ ਜਦੋਂ ਮੈਨੂੰ  ਬਚਾਉਣ ਲਈ ਮੇਰਾ ਜੀਜਾ ਪ੍ਰਗਟ ਸਿੰਘ ਆਇਆ ਤਾਂ ਦੂਜੇ ਗੁੱਟ ਨੇ ਉਸਨੂੰ ਵੀ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ। ਸਾਹਿਬ ਸਿੰਘ ਨਾਲ ਆਏ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਚੈਨ ਸਿੰਘ ਪੱਸਨ ਕਦੀਮ, ਸੁਖਪ੍ਰੀਤ ਸਿੰਘ, ਬਲਵਿੰਦਰ ਸਿੰਘ ਭੱਟੀ, ਸਲਵਿੰਦਰ ਸਿੰਘ, ਪਿੰਡ ਪੱਸਨ ਕਦੀਮ ਦੇ ਸਰਪੰਚ ਨਿਸ਼ਾਨ ਸਿੰਘ, ਜਰਨੈਲ ਸਿੰਘ ਸਾਬਕਾ ਸਰਪੰਚ ਆਦਿ ਨੇ ਪੁਲਿਸ ਕੋਲੋਂ ਇਸ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
 ਦੂਜੇ ਪਾਸੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਕਰਮਚਾਰੀ ਮਲਕੀਅਤ ਸਿੰਘ ਹੈਦਰਾਬਾਦ ਬੇਟ ਨੇ ਦੋਸ਼ ਲਾਇਆ  ਕਿ ਪੁਲਸ ਦੀ ਢਿੱਲ ਮੱਠ ਕਾਰਨ ਅੱਜ ਸ਼ਾਮ ਸਜ਼ਿਸ਼ ਰਚ ਕੇ ਵਿਰੋਧੀ ਧਿਰ ਨੇ ਮੇਰੀ ਪਤਨੀ ਨਾਲ ਦੁਰਵਿਵਹਾਰ ਕੀਤਾ ਤੇ ਮੇਰੇ ਲਡ਼ਕੇ ਨਾਲ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਸਾਹਿਬ ਸਿੰਘ ਨੇ ਉਸਦੀ ਕੁੱਟਮਾਰ ਕੀਤੀ ਤੇ ਸ਼ਰੇਆਮ ਪਿੰਡ ਵਿਚ ਘੁੰਮਦਾ ਰਿਹਾ । ਅਗਰ ਉਸਨੂੰ ਪੁਲਸ ਗ੍ਰਿਫਤਾਰ ਕਰ ਲੈਦੀ ਤਾਂ ਅੱਜ ਦੁਬਾਰਾ   ਲਡ਼ਾਈ ਝਗਡ਼ੇ ਦੀ ਨੌਬਤ ਨਹੀਂ ਸੀ ਆਉਣੀ। ਉਨ੍ਹਾਂ ਮੰਗ ਕੀਤੀ ਕਿ ਪੁਲਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਬਣਦੀ ਕਾਰਵਾਈ ਕਰੇ।
 


Related News