ਫਗਵਾੜਾ ਦੇ ਸਰਕਾਰੀ ਰੈਸਟ ਹਾਊਸ ਵਿਖੇ ਪੁਲਸ ਤੇ ਦਿਵਿਆਂਗਾਂ ਵਿਚਾਲੇ ਭਾਰੀ ਹੰਗਾਮਾ
10/02/2023 2:02:07 PM

ਫਗਵਾੜਾ (ਜਲੋਟਾ)-ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬੇ ਭਰ ਦੇ ਲਗਭਗ 12 ਜ਼ਿਲ੍ਹਿਆਂ ਤੋਂ ਆਏ ਹੋਏ ਮੈਂਬਰਾਂ ਅਤੇ ਫਗਵਾੜਾ ਪੁਲਸ ਦਰਮਿਆਨ ਸਥਾਨਕ ਰੈਸਟ ਹਾਊਸ ਵਿਖੇ ਤਿੱਖੀ ਬਹਿਸ ਤੋਂ ਬਾਅਦ ਭਾਰੀ ਹੰਗਾਮਾ ਹੋ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀ ਦਿਵਿਆਂਗਾਂ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਸਥਿਤੀ ਉਸ ਸਮੇਂ ਵਿਗੜ ਗਈ, ਜਦੋਂ ਪੰਜਾਬ ਦਿਵਿਆਂਗਾਂ ਐਕਸ਼ਨ ਕਮੇਟੀ ਦੇ ਮੁਖੀ ਸਰਦਾਰ ਲਖਬੀਰ ਸਿੰਘ ਸੈਣੀ ਦੀ ਸਿਰ ’ਤੇ ਸਜਾਈ ਹੋਈ ਦਸਤਾਰ ਦੀ ਬੇਅਦਬੀ ਹੋਈ ਅਤੇ ਮੌਕੇ ’ਤੇ ਭਾਰੀ ਪੁਲਸ ਦੀ ਰਹੀ ਭਾਰੀ ਮੌਜੂਦਗੀ ਦਰਮਿਆਨ ਰੈਸਟ ਹਾਊਸ ਕੰਪਲੈਕਸ ਦੇ ਆਲੇ-ਦੁਆਲੇ ਲੱਗੇ ਪੁਲਸ ਬੈਰੀਕੇਡਸ ਨੂੰ ਅੰਦੋਲਨਕਾਰੀ ਦਿਵਿਆਂਗਾਂ ਨੇ ਰਾਸ਼ਟਰੀ ਰਾਜਮਾਰਗ ਨੰਬਰ 1 ਨੂੰ ਜਾਮ ਕਰਨ ਦੇ ਇਰਾਦੇ ਅਤੇ ਉਥੇ ਰੋਸ ਪ੍ਰਦਰਸ਼ਨ ਕਰਨ ਲਈ ਜ਼ਬਰਦਸਤੀ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। ਅਜਿਹਾ ਹੁੰਦਾ ਦੇਖ ਕੇ ਪੁਲਸ ਅਤੇ ਏ. ਆਰ. ਪੀ. ਦੀ ਟੀਮ ਨੇ ਇਨ੍ਹਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਭਾਰੀ ਹੰਗਾਮਾ ਹੋਇਆ।
ਇਹ ਵੀ ਪੜ੍ਹੋ: ‘ਝੱਟ ਮੰਗਣੀ-ਪੱਟ ਵਿਆਹ’ 5 ਦਿਨਾਂ ’ਚ ‘ਝੱਟ ਵਿਆਹ-ਪੱਟ ਤਲਾਕ’ 'ਚ ਬਦਲਿਆ, ਹੈਰਾਨ ਕਰੇਗਾ ਪੂਰਾ ਮਾਮਲਾ
‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਸੂਬਾ ਪ੍ਰਧਾਨ ਲਖਬੀਰ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਨੇ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਸਮੇਤ ਫਗਵਾੜਾ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕੀਤੀ ਸੀ ਕਿ ਉਹ ਦਿਵਿਆਂਗਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਨਾ ਚਾਹੁੰਦੇ ਹਨ। ਕਮੇਟੀ ਦੇ ਮੈਂਬਰਾਂ ਨੇ ਹਾਲ ਹੀ ਵਿਚ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਦਿਵਿਆਂਗਾਂ ਦੀਆਂ ਮੰਗਾਂ ਸਬੰਧੀ ਕਮੇਟੀ ਦੀ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਾਲ ਮੀਟਿੰਗ ਯਕੀਨੀ ਬਣਾਈ ਜਾਵੇ ਪਰ ਸਰਕਾਰੀ ਅਧਿਕਾਰੀਆਂ ਵੱਲੋਂ ਝੂਠੇ ਭਰੋਸੇ ਤੋਂ ਬਿਨਾਂ ਕੁਝ ਵੀ ਠੋਸ ਨਹੀਂ ਕੀਤਾ ਜਾ ਰਿਹਾ ਹੈ। ਇਸ ਦੇ ਉਲਟ ਜ਼ਿਲਾ ਮੈਜਿਸਟਰੇਟ ਕਪੂਰਥਲਾ ਨੇ ਉਨ੍ਹਾਂ ਨੂੰ ਹਰ ਰੋਜ਼ ਸਰਕਾਰੀ ਦਫ਼ਤਰਾਂ ਵਿਚ ਨਾ ਆਉਣ ਲਈ ਵੀ ਕਿਹਾ ਹੈ।
ਇਸ ਤੋਂ ਬਾਅਦ ਕਮੇਟੀ ਨੇ ਫ਼ੈਸਲਾ ਕੀਤਾ ਸੀ ਕਿ ਹੁਣ ਸਰਕਾਰੀ ਦਫ਼ਤਰਾਂ ’ਚ ਨਹੀਂ ਆਉਣਗੇ ਅਤੇ 1 ਅਕਤੂਬਰ ਨੂੰ ਫਗਵਾੜਾ ’ਚ ਨੈਸ਼ਨਲ ਹਾਈਵੇਅ ਨੰਬਰ 1 ’ਤੇ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ 12 ਜ਼ਿਲ੍ਹਿਆਂ ਦੇ ਮੈਂਬਰ ਫਗਵਾੜਾ ਦੇ ਸਰਕਾਰੀ ਰੈਸਟ ਹਾਊਸ ਵਿਖੇ ਇਕੱਠੇ ਹੋਏ ਸਨ ਅਤੇ ਉਨ੍ਹਾਂ ਨੇ ਪਹਿਲਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਨ੍ਹਾਂ ਦੀ ਮੀਟਿੰਗ ਚੰਡੀਗੜ੍ਹ ਵਿੱਚ ਨਾ ਪੱਕੀ ਕੀਤੀ ਗਈ ਤਾਂ ਉਹ ਨੈਸ਼ਨਲ ਹਾਈਵੇ ਨੰਬਰ 1 ਨੂੰ ਜਾਮ ਕਰ ਦੇਣਗੇ। ਇਸ ਦੇ ਤਹਿਤ ਜਦੋਂ ਉਹ ਆਪਣੇ ਸਾਥੀਆਂ ਨਾਲ ਨੈਸ਼ਨਲ ਹਾਈਵੇ ਵੱਲ ਵਧੇ ਤਾਂ ਪੁਲਸ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕੀਤੀ। ਸੈਣੀ ਨੇ ਦੋਸ਼ ਲਾਇਆ ਕਿ ਪੁਲਸ ਨੇ ਦਿਵਿਆਂਗਾਂ ਨਾਲ ਬਦਸਲੂਕੀ ਕੀਤੀ ਹੈ ਅਤੇ ਮੌਕੇ ’ਤੇ ਹੀ ਉਨ੍ਹਾਂ ਨਾਲ ਗਲਤ ਵਤੀਰਾ ਕੀਤਾ ਹੈ। ਇਸ ਦੌਰਾਨ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਦੇ ਸਿਰ ’ਤੇ ਸਜਾਈ ਹੋਈ ਉਨਾਂ ਦੀ ਦਸਤਾਰ ਦੀ ਵੀ ਬੇਅਦਬੀ ਕੀਤੀ ਹੈ। ਪੁਲਸ ਵੱਲੋਂ ਕੀਤੇ ਗਏ ਅੱਤਿਆਚਾਰ ਕਾਰਨ ਉਹ ਅਤੇ ਉਨ੍ਹਾਂ ਦੇ ਦੋ ਹੋਰ ਦਿਵਿਆਂਗ ਸਾਥੀ ਜ਼ਖਮੀ ਵੀ ਹੋਏ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਨੂੰ ਕੰਬਾਅ ਦੇਣ ਵਾਲੀ ਵਾਰਦਾਤ, ਟਰੰਕ 'ਚੋਂ ਮਿਲੀਆਂ 3 ਸਕੀਆਂ ਭੈਣਾਂ ਦੀਆਂ ਲਾਸ਼ਾਂ
ਲਾਏ ਜਾ ਰਹੇ ਦੋਸ਼ ਝੂਠ ਤੇ ਬੇਬੁਨਿਆਦ: ਐੱਸ. ਪੀ.
ਗੱਲਬਾਤ ਕਰਦਿਆਂ ਫਗਵਾੜਾ ਦੇ ਐੱਸ. ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਪ੍ਰਧਾਨ ਲਖਬੀਰ ਸਿੰਘ ਸੈਣੀ ਅਤੇ ਹੋਰ ਕਮੇਟੀ ਮੈਂਬਰਾਂ ਵੱਲੋਂ ਲਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਝੂਠਾ, ਤੱਥਾਂ ਦੇ ਆਧਾਰ ’ਤੇ ਗਲਤ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਗਿੱਲ ਨੇ ਦੱਸਿਆ ਕਿ ਕਮੇਟੀ ਦੇ ਮੈਂਬਰ ਫਗਵਾੜਾ ਵਿਖੇ ਨੈਸ਼ਨਲ ਹਾਈਵੇ ਨੰਬਰ 1 ਨੂੰ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ, ਜਿਸ ਨੂੰ ਪੁਲਸ ਨੇ ਰੈਸਟ ਹਾਊਸ ਵਿਖੇ ਬੈਰੀਕੇਡ ਲਗਾ ਕੇ ਰੋਕ ਦਿੱਤਾ। ਇਸ ਦੌਰਾਨ ਕਮੇਟੀ ਦੇ ਕੁਝ ਮੈਂਬਰਾਂ ਨੇ ਜ਼ਬਰਦਸਤੀ ਪੁਲਸ ਬੈਰੀਕੇਡ ਪਾਰ ਕਰਨ ਲਈ ਬੈਰੀਕੇਡਾਂ ’ਤੇ ਆਪਣੇ ਵਾਹਨਾਂ ਨੂੰ ਵਾਰ-ਵਾਰ ਮਾਰ ਕੇ ਪੁਲਸ ਬੈਰੀਕੇਡਾਂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਹੈ। ਪੁਲਸ ਅਤੇ ਏ. ਆਰ. ਪੀ. ਟੀਮ ਨੇ ਸਿਰਫ਼ ਉਨ੍ਹਾਂ ਨੂੰ ਮੁੱਖ ਰਾਜਮਾਰਗ ਨੂੰ ਰੋਕਣ ਤੋਂ ਰੋਕਿਆ ਹੈ ਅਤੇ ਕਿਸੇ ਵੀ ਮੈਂਬਰ ਨਾਲ ਦੁਰਵਿਵਹਾਰ ਨਹੀਂ ਕੀਤਾ ਗਿਆ ਹੈ।
ਮੰਗਾਂ ਨਾ ਮੰਨਣ ’ਤੇ ਵੱਡਾ ਜਨ ਅੰਦੋਲਨ ਕਰਨ ਦੀ ਚਿਤਾਵਨੀ
ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਪ੍ਰਧਾਨ ਲਖਬੀਰ ਸਿੰਘ ਸੈਣੀ ਨੇ ਦੇਰ ਸ਼ਾਮ ਦੱਸਿਆ ਕਿ ‘ਆਪ’ ਆਗੂ ਜੋਗਿੰਦਰ ਸਿੰਘ ਮਾਨ, ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਦੀ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ’ਚ ਮੌਜੂਦ ਸਰਕਾਰੀ ਅਫਸ਼ਰਾਂ ਨਾਲ ਗੱਲ ਕਰਵਾਈ ਹੈ, ਜਿਸ ’ਚ ਉਨ੍ਹਾਂ ਨੂੰ ਭਰੋਸਾ ਦਿਤਾ ਗਿਆ ਹੈ ਕਿ ਹੁਣ ਬਹੁਤ ਜਲਦ ਮੁੱਖ ਮੰਤਰੀ ਸਰਦਾਰ ਭਰਵੰਤ ਸਿੰਘ ਮਾਨ ਉਨ੍ਹਾਂ ਨਾਲ ਗੱਲਬਾਤ ਅਤੇ ਬੈਠਕ ਕਰਨਗੇ। ਇਸ ਤੋਂ ਬਾਅਦ ਕਮੇਟੀ ਨੇ ਰੈਸਟ ਹਾਊਸ ਵਿਖੇ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਫਗਵਾੜਾ ’ਚ ਫਿਰ ਤੋਂ ਵੱਡਾ ਜਨ ਅੰਦੋਲਨ ਕੀਤਾ ਜਾਵੇਗਾ, ਜਿਸ ’ਚ ਸੂਬੇ ਭਰ ਤੋਂ ਦਿਵਿਆਂਗ ਪਹੁੰਚਣਗੇ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਥਾਣੇ 'ਚ ਜਾਣ ਤੋਂ ਪਹਿਲਾਂ ਪੜ੍ਹੋ ਅਹਿਮ ਖ਼ਬਰ, ਲਾਗੂ ਹੋਇਆ ਨਵਾਂ ਨਿਯਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ