ESI ਹਸਪਤਾਲ ਦੀ ਕਰੋੜਾਂ ਰੁਪਿਆਂ ਨਾਲ ਬਣੀ ਵਿਸ਼ਾਲ ਇਮਾਰਤ ’ਚ ਸਫ਼ਾਈ ਕਰਮਚਾਰੀ  ਸਿਰਫ 2

Friday, Jun 24, 2022 - 03:29 PM (IST)

ESI ਹਸਪਤਾਲ ਦੀ ਕਰੋੜਾਂ ਰੁਪਿਆਂ ਨਾਲ ਬਣੀ ਵਿਸ਼ਾਲ ਇਮਾਰਤ ’ਚ ਸਫ਼ਾਈ ਕਰਮਚਾਰੀ  ਸਿਰਫ 2

ਜਲੰਧਰ (ਰੱਤਾ)–ਆਮ ਜਨਤਾ ਨੂੰ ਵਧੀਆ ਸਿਹਤ ਅਤੇ ਇਲਾਜ ਸਹੂਲਤਾਂ ਮੁਹੱਈਆ ਕਰਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਨੂੰ ਸ਼ਾਇਦ ਕਦੇ ਜਲੰਧਰ ਦਾ ਈ. ਐੱਸ. ਆਈ. ਹਸਪਤਾਲ ਨਜ਼ਰ ਹੀ ਨਹੀਂ ਆਇਆ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਹਰ ਕੋਈ ਆਸਾਨੀ ਨਾਲ ਲਾ ਸਕਦਾ ਹੈ ਕਿ ਕਰੋੜਾਂ ਰੁਪਏ ਨਾਲ ਬਣੀ ਉਕਤ ਹਸਪਤਾਲ ਦੀ ਵਿਸ਼ਾਲ ਇਮਾਰਤ ਵਿਚ ਪਿਛਲੇ ਕਈ ਮਹੀਨਿਆਂ ਤੋਂ ਸਿਰਫ 2 ਕਰਮਚਾਰੀ ਹੀ ਸਫ਼ਾਈ ਕਰਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਸਪਤਾਲ ’ਚ ਰੋਜ਼ਾਨਾ 500 ਮਰੀਜ਼ ਦਵਾਈ ਲੈਣ ਆਉਂਦੇ ਹਨ ਅਤੇ ਕਈ ਦਾਖ਼ਲ ਵੀ ਹੁੰਦੇ ਹਨ। ਅਜਿਹੀ ਹਾਲਤ ’ਚ ਸਿਰਫ 2 ਸਫ਼ਾਈ ਕਰਮਚਾਰੀ ਕਿਸ ਤਰ੍ਹਾਂ ਪੂਰੇ ਹਸਪਤਾਲ ਦੀ ਸਫ਼ਾਈ ਕਰਦੇ ਹੋਣਗੇ, ਇਸ ਦਾ ਅੰਦਾਜ਼ਾ ਸ਼ਾਇਦ ਸਰਕਾਰ ਨੇ ਕਦੀ ਨਹੀਂ ਲਾਇਆ।

ਇਥੇ ਹੀ ਬਸ ਨਹੀਂ, ਈ. ਐੱਸ. ਆਈ. ਹਸਪਤਾਲ ’ਚ ਦਰਜਾ ਚਾਰ ਕਰਮਚਾਰੀਆਂ, ਵਾਰਡ ਅਟੈਂਡੈਂਟਾਂ ਅਤੇ ਸਟਾਫ ਨਰਸਾਂ ਦੀ ਘਾਟ ਕਾਰਨ ਖਮਿਆਜ਼ਾ ਵੀ ਉਥੇ ਦਾਖ਼ਲ ਹੋਣ ਵਾਲੇ ਮਰੀਜ਼ਾਂ ਨੂੰ ਭੁਗਤਣਾ ਪੈਂਦਾ ਹੈ। ਈ. ਐੱਸ. ਆਈ. ਹਸਪਤਾਲ ਦੀ ਆਫੀਸ਼ੀਏਟਿੰਗ ਮੈਡੀਕਲ ਸੁਪਰਿੰਟੈਂਡੈਂਟ ਡਾ. ਜਸ਼ਮਿੰਦਰ ਕੌਰ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਨੂੰ ਲਿਖਿਆ ਜਾ ਚੁੱਕਾ ਹੈ ਪਰ ਦਰਜਾਚਾਰ ਅਤੇ ਸਫ਼ਾਈ ਕਰਮਚਾਰੀਆਂ ਦੇ ਰਿਟਾਇਰ ਹੋਣ ਤੋਂ ਬਾਅਦ ਨਵੀਂ ਤਾਇਨਾਤੀ ਨਹੀਂ ਕੀਤੀ ਜਾ ਰਹੀ।

ਖੜ੍ਹੀ-ਖੜ੍ਹੀ ਕਬਾੜ ਬਣ ਗਈ ਐੈਂਬੂਲੈਂਸ ਪਰ ਨਹੀਂ ਹੋਈ ਡਰਾਈਵਰ ਦੀ ਤਾਇਨਾਤੀ
ਸਰਕਾਰ ਦੀ ਕਾਰਜਪ੍ਰਣਾਲੀ ਕਿੰਨੀ ਢਿੱਲੀ ਹੈ, ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਉਕਤ ਹਸਪਤਾਲ ’ਚ ਕਈ ਸਾਲ ਪਹਿਲਾਂ ਸਰਕਾਰ ਨੇ ਐਂਬੂਲੈਂਸ ਤਾਂ ਭੇਜ ਦਿੱਤੀ ਪਰ ਕੋਈ ਵੀ ਡਰਾਈਵਰ ਤਾਇਨਾਤ ਨਹੀਂ ਕੀਤਾ ਗਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਡਰਾਈਵਰ ਦੀ ਉਡੀਕ ਕਰਦੇ-ਕਰਦੇ ਐਂਬੂਲੈਂਸ ਕਬਾੜ ਬਣ ਗਈ।ਵਰਣਨਯੋਗ ਹੈ ਕਿ ਈ. ਐੱਸ. ਆਈ. ਹਸਪਤਾਲ ਤੋਂ ਕਈ ਗੰਭੀਰ ਮਰੀਜ਼ ਨਿੱਜੀ ਹਸਪਤਾਲਾਂ ’ਚ ਰੈਫਰ ਕੀਤੇ ਜਾਂਦੇ ਹਨ ਅਤੇ ਅਜਿਹੀ ਹਾਲਤ ’ਚ ਰੈਫਰ ਕੀਤੇ ਜਾਣ ਵਾਲੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਧਰੋਂ-ਉਧਰੋਂ ਐਂਬੂਲੈਂਸ ਦਾ ਇੰਤਜ਼ਾਮ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਹਸਪਤਾਲ ਦਾ ਇਕ ਕਲਰਕ ਐਮਰਜੈਂਸੀ ਵਿਚ ਗੰਭੀਰ ਮਰੀਜ਼ਾਂ ਨੂੰ ਐਂਬੂਲੈਂਸ ਵਿਚ ਪਾ ਕੇ ਕਿਸੇ ਹੋਰ ਹਸਪਤਾਲ ਵਿਚ ਛੱਡ ਆਉਂਦਾ ਸੀ ਪਰ ਸਰਕਾਰ ਵੱਲੋਂ ਪੈਟਰੋਲ ਲਈ ਫੰਡ ਨਾ ਦਿੱਤੇ ਜਾਣ ਕਾਰਨ ਇਹ ਪ੍ਰਕਿਰਿਆ ਵੀ ਬੰਦ ਹੋ ਗਈ।


author

Manoj

Content Editor

Related News