ਭਾਰੀ ਬਾਰਿਸ਼ ਨਾਲ ਹਜ਼ਾਰਾਂ ਏਕੜ ਕਣਕ ਦੀ ਫਸਲ ਖਰਾਬ

03/05/2019 5:44:07 PM

ਟਾਂਡਾ (ਜਸਵਿੰਦਰ)— ਬੀਤੇ ਦਿਨਾਂ 'ਚ ਹੋਈ ਭਾਰੀ ਬਾਰਿਸ਼ ਕਰਕੇ ਟਾਂਡਾ ਅਤੇ ਨਾਲ ਲੱਗਦੇ ਇਲਾਕਿਆਂ 'ਚ ਹਜ਼ਾਰਾਂ ਏਕੜ ਕਣਕ ਦੀ ਫਸਲ ਖਰਾਬ ਹੋਣ ਦਾ ਖਦਸ਼ਾ ਹੈ। ਇਸ ਸਬੰਧੀ ਪੱਤਰਕਾਰਾਂ ਦੀ ਟੀਮ ਵੱਲੋਂ ਇਲਾਕੇ ਦੇ ਪਿੰਡਾਂ ਡੱਡੀਆਂ, ਬਹਾਦਰਪੁਰ, ਪ੍ਰੇਮਪੁਰ ਠਾਕਰੀ, ਤਲਵੰਡੀ ਸੱਲ੍ਹਾਂ, ਪਸਵਾਲ, ਪਰੋਜ, ਇਬਰਾਹੀਮਪੁਰ, ਤੱਲਾ-ਮੱਦਾ, ਕਦਾਰੀ ਚੱਕ, ਮੂਨਕਾਂ ਆਦਿ ਦਾ ਦੌਰਾ ਕੀਤਾ ਗਿਆ ਤਾਂ ਕਣਕਾਂ 'ਚ ਖੜ੍ਹਾ ਪਾਣੀ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਆਉਣ ਵਾਲਾ ਸਮਾਂ ਕਣਕ ਦੀ ਫਸਲ ਲਈ ਕਾਫੀ ਮਾੜਾ ਹੈ ਕਿਉਂਕਿ ਮਾਹਿਰਾਂ ਅਨੁਸਾਰ ਜਿੰਨਾ ਪਾਣੀ ਕਣਕ ਦੀ ਫਸਲ 'ਚ ਖੜ੍ਹਾ ਹੈ, ਤਾਪਮਾਨ ਵਧਣ ਨਾਲ ਕਣਕਾਂ ਪੂਰੀ ਤਰ੍ਹਾਂ ਝੁਲਸ ਜਾਣਗੀਆਂ ਅਤੇ ਬਹੁਤ ਸਾਰੀਆਂ ਕਣਕਾਂ ਪਾਣੀ ਨਾ ਨਿਕਲਣ ਕਰਕੇ ਪੀਲੀਆਂ ਪੈਣ ਉਪਰੰਤ ਮਰ ਚੁੱਕੀਆਂ ਹਨ। ਭਾਵੇਂ ਇਸ ਬਾਰਿਸ਼ ਦਾ ਉੱਚੇ ਇਲਾਕਿਆਂ 'ਚ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਛੰਬ ਏਰੀਏ ਦਾ ਪੂਰੀ ਤਰ੍ਹਾਂ ਨੁਕਸਾਨ ਕਰਕੇ ਰੱਖ ਦਿੱਤਾ ਹੈ।

PunjabKesari

ਇਲਾਕੇ ਦੇ ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਿਸਮਤ ਹੀ ਮਾੜੀ ਹੈ। ਕਦੇ ਆਪਣੀਆਂ ਜਿਣਸਾਂ ਖਾਤਰ ਸਰਕਾਰੀ ਮਾਰ ਪੈਂਦੀ ਹੈ ਅਤੇ ਕਦੇ ਕੁਦਰਤ ਦੀ ਕਰੋਪੀ ਦੀ ਮਾਰ ਝੱਲਣੀ ਪੈਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਠੇਕੇ 'ਤੇ ਲਈਆਂ ਪੈਲੀਆਂ ਦਾ ਠੇਕਾ ਦੇਣ ਲਈ ਉਨ੍ਹਾਂ ਨੇ ਕਣਕ ਦੀ ਫਸਲ 'ਤੇ ਆਸ ਪ੍ਰਗਟਾਈ ਸੀ ਪਰ ਹੁਣ ਸਾਰੀਆਂ ਆਸਾਂ 'ਤੇ ਪਾਣੀ ਫਿਰ ਗਿਆ ਹੈ। ਦੂਜੇ ਪਾਸੇ ਜ਼ਿਮੀਂਦਾਰਾਂ ਨੇ ਸਰਕਾਰਾਂ 'ਤੇ ਦੋਸ਼ ਲਾਉਂਦਿਆਂ ਦੱਸਿਆ ਕਿ ਸੇਮ ਨਾਲਿਆਂ ਦੀ ਕਾਫੀ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਕਣਕ 'ਚ ਪਾਣੀ ਖੜ੍ਹਾ ਰਹਿਣ ਦੀ ਨੌਬਤ ਆਈ ਤੇ ਇਸੇ ਕਰਕੇ ਉਨ੍ਹਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਹਨ, ਜਿਸਦਾ ਸਾਰਾ ਨੁਕਸਾਨ ਕਿਸਾਨਾਂ ਨੂੰ ਹੀ ਝੱਲਣਾ ਪੈ ਰਿਹਾ ਹੈ।


ਕੀ ਕਹਿੰਦੇ ਹਨ ਖੇਤੀਬਾੜੀ ਅਫਸਰ
ਇਸ ਸਬੰਧ 'ਚ ਖੇਤੀਬਾੜੀ ਅਫਸਰ ਸਤਨਾਮ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਸੇਮ ਦਾ ਪਾਣੀ ਉੱਪਰ ਚੜ੍ਹਨ ਕਾਰਨ ਅਜਿਹਾ ਖਦਸ਼ਾ ਬਣਿਆ, ਜਦਕਿ ਇਸ ਬਾਰਿਸ਼ ਦਾ ਉੱਪਰਲੇ ਇਲਾਕਿਆਂ 'ਚ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਨੇ ਮੰਨਿਆ ਕਿ ਨੀਵੇਂ ਇਲਾਕਿਆਂ 'ਚ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।


Related News