ਛੁੱਟੀ ਦੇ ਦਿਨ ਜਲੰਧਰ ''ਚ ਅਚਨਚੇਤ ਚੈਕਿੰਗ ਲਈ ਪੁੱਜੇ ਸਿਹਤ ਮੰਤਰੀ, ਮਚਿਆ ਹੜਕੰਪ, ਦਿੱਤੀਆਂ ਹਦਾਇਤਾਂ
Monday, Feb 12, 2024 - 11:38 AM (IST)
ਜਲੰਧਰ (ਸ਼ੋਰੀ)- ਸਿਵਲ ਹਸਪਤਾਲ ’ਚ ਛੁੱਟੀ ਵਾਲੇ ਦਿਨ ਲੋਕਾਂ ਨੂੰ ਕਿਹੋ ਜਿਹੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਡਾਕਟਰ ਅਤੇ ਸਟਾਫ਼ ਡਿਊਟੀ ’ਤੇ ਤਾਇਨਾਤ ਹਨ ਜਾਂ ਨਹੀਂ, ਇਸ ਮਾਮਲੇ ਦੀ ਜ਼ਮੀਨੀ ਹਕੀਕਤ ਜਾਣਨ ਲਈ ਸਿਹਤ ਮੰਤਰੀ ਡਾ. ਬਲਵੀਰ ਸਿੰਘ ਬਿਨਾਂ ਦੱਸੇ ਸਿਵਲ ਹਸਪਤਾਲ ਦੀ ਅਚਨਚੇਤ ਚੈਕਿੰਗ ਲਈ ਪੁੱਜੇ। ਓ. ਐੱਸ. ਡੀ. ਕਰਨਲ ਜੈਵਿੰਦਰਾ ਵੀ ਉਨ੍ਹਾਂ ਦੇ ਨਾਲ ਸਨ। ਜਾਣਕਾਰੀ ਅਨੁਸਾਰ ਮੰਤਰੀ ਡਾ. ਬਲਵੀਰ ਸਿੰਘ ਸਵੇਰੇ ਕਰੀਬ ਸਾਢੇ 10 ਵਜੇ ਆਪਣੀ ਕਾਰ ਲੈ ਕੇ ਸਿਵਲ ਹਸਪਤਾਲ ਪੁੱਜੇ ਤਾਂ ਉਨ੍ਹਾਂ ਨਾਲ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਵੇਖ ਕੇ ਹਰ ਕੋਈ ਚੌਕੰਨਾ ਹੋ ਗਿਆ। ਉਨ੍ਹਾਂ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਦੇ ਟਰੌਮਾ ਵਾਰਡ ’ਚ ਪਹੁੰਚ ਕੇ ਡਿਊਟੀ ’ਤੇ ਮੌਜੂਦ ਸਟਾਫ਼ ਨਾਲ ਗੱਲਬਾਤ ਕੀਤੀ। ਉਪਰੰਤ ਉਹ ਐਮਰਜੈਂਸੀ ਵਾਰਡ ਅਤੇ ਮਰਦ ਮੈਡੀਕਲ ਵਾਰਡ ਦੇ ਸਟਾਫ਼ ਕੋਲ ਪੁੱਜੇ। ਮਰੀਜ਼ਾਂ ਦੀਆਂ ਫਾਈਲਾਂ ਦੀ ਜਾਂਚ ਕਰਨ ਉਪਰੰਤ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਇਲਾਜ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ਗਈ। ਇਸ ਦੇ ਨਾਲ ਹੀ ਮੰਤਰੀ ਨੇ ਖ਼ੁਦ ਪਖ਼ਾਨਿਆਂ ਦੀ ਜਾਂਚ ਵੀ ਕੀਤੀ। ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਲੈਬ ’ਚ ਸਾਫ਼-ਸਫ਼ਾਈ ਵੇਖ ਕੇ ਉਹ ਕਾਫ਼ੀ ਖ਼ੁਸ਼ ਦਿਸੇ।
ਇਹ ਵੀ ਪੜ੍ਹੋ: ਕਿਸਾਨਾਂ ਦੇ ਅੰਦੋਲਨ ਦਾ ਪਵੇਗਾ ਪੰਜਾਬ ਦੇ ਵਪਾਰ 'ਤੇ ਡੂੰਘਾ ਅਸਰ, ਹਾਲਾਤ ਬਣ ਸਕਦੇ ਨੇ ਬਦਤਰ
ਇਸ ਤੋਂ ਬਾਅਦ ਉਹ ਜੱਚਾ-ਬੱਚਾ ਹਸਪਤਾਲ ਵੀ ਗਏ ਅਤੇ ਗਰਭਵਤੀ ਔਰਤਾਂ ਦੇ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ। ਇਕ ਮਰੀਜ਼ ਦੇ ਪਰਿਵਾਰ ਨੇ ਮੰਤਰੀ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਸਟਾਫ਼ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ’ਤੇ ਮੰਤਰੀ ਨੇ ਮੌਕੇ ’ਤੇ ਪਹੁੰਚੇ ਸੀਨੀ. ਮੈਡੀਕਲ ਅਫ਼ਸਰ ਡਾ. ਸਤਿੰਦਰ ਬਜਾਜ ਤੇ ਡਾ. ਵਰਿੰਦਰ ਕੌਰ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਟਾਫ਼ ਲੋਕਾਂ ਨਾਲ ਸੁਚੱਜੇ ਢੰਗ ਨਾਲ ਗੱਲਬਾਤ ਕਰਨ, ਜਿਸ ਲਈ ਉਹ ਖ਼ੁਦ ਸਟਾਫ਼ ਨਾਲ ਮੀਟਿੰਗ ਕਰਨ।
ਆਪਣੇ ਵੱਖਰੇ ਅੰਦਾਜ਼ ਨਾਲ ਸਿਹਤ ਮੰਤਰੀ ਨੇ ਲੋਕਾਂ ਦਾ ਦਿਲ ਜਿੱਤਿਆ
ਗੌਰਤਲਬ ਹੈ ਕਿ ਸਿਵਲ ਹਸਪਤਾਲ ’ਚ ਚੈਕਿੰਗ ਕਰਨ ਤੋਂ ਪਹਿਲਾਂ ਪੁਰਾਣੇ ਸਿਹਤ ਮੰਤਰੀ ਹਸਪਤਾਲ ਦੇ ਸੀਨੀ. ਡਾਕਟਰਾਂ ਨੂੰ ਪਹਿਲਾਂ ਹੀ ਸੂਚਨਾ ਦੇ ਕੇ ਚੈਕਿੰਗ ਲਈ ਉੱਥੇ ਪਹੁੰਚ ਜਾਂਦੇ ਸਨ, ਜਿਸ ਕਾਰਨ ਅਧਿਕਾਰੀਆਂ ਨੇ ਪਹਿਲਾਂ ਹੀ ਹਸਪਤਾਲ ’ਚ ਸਾਫ਼-ਸਫ਼ਾਈ ’ਚ ਅਤੇ ਮਰੀਜ਼ਾਂ ਦੇ ਬੈੱਡਾਂ ’ਚ ਨਵੀਆਂ ਚਾਦਰਾਂ ਆਦਿ ਪਾ ਦਿੰਦੇ ਸਨ ਪਰ ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੂੰ ਬਿਨਾਂ ਦੱਸੇ ਚੈੱਕ ਕਰਦੇ ਵੇਖ ਕੇ ਉਨ੍ਹਾਂ ਹਸਪਤਾਲ ’ਚ ਮੌਜੂਦ ਲੋਕਾਂ ਦਾ ਦਿਲ ਜਿੱਤ ਲਿਆ। ਲੋਕ ਆਪਸ ’ਚ ਗੱਲਾਂ ਕਰਦੇ ਵੇਖੇ ਗਏ ਕਿ ਅਜਿਹੇ ਮੰਤਰੀ ਦੀ ਲੋੜ ਹੈ, ਜੋ ਜ਼ਮੀਨੀ ਹਕੀਕਤ ਨੂੰ ਜਾਣਨ ਲਈ ਸਰਪ੍ਰਾਈਜ਼ ਚੈਕਿੰਗ ਕਰੇ।
ਇਹ ਵੀ ਪੜ੍ਹੋ: ਹਨੀ ਟ੍ਰੈਪ ਗਿਰੋਹ ਦਾ ਪਰਦਾਫ਼ਾਸ਼, ਹੋਟਲਾਂ 'ਚ ਬੁਲਾ ਵੀਡੀਓਜ਼ ਬਣਾ ਕੇ ਇੰਝ ਹੁੰਦਾ ਸੀ ਸ਼ਰਮਨਾਕ ਧੰਦਾ
ਸਿਹਤ ਮੰਤਰੀ ਨੇ ਕਿਹਾ ਕਿ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ’ਚ ਹੀ ਮਿਲਣਗੀਆਂ ਮੁਫ਼ਤ ਦਵਾਈਆਂ
ਗੱਲਬਾਤ ਦੌਰਾਨ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਏਜੰਡਾ ਸਰਕਾਰੀ ਹਸਪਤਾਲਾਂ ਦਾ ਪੱਧਰ ਉੱਚਾ ਚੁੱਕਣਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਨ੍ਹਾਂ ਤੋਂ ਸਮੇਂ-ਸਮੇਂ ’ਤੇ ਸਰਕਾਰੀ ਹਸਪਤਾਲਾਂ ਬਾਰੇ ਜਾਣਕਾਰੀ ਲੈਂਦੇ ਰਹਿੰਦੇ ਹਨ। ਸਰਕਾਰੀ ਹਸਪਤਾਲਾਂ ’ਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਡਾਕਟਰਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਲੈਣ ਲਈ ਨਾ ਕਹਿਣ। ਉਹ ਇਹ ਯਕੀਨੀ ਬਣਾਉਣ ਲਈ ਯੋਜਨਾ ਤਿਆਰ ਕਰ ਰਹੇ ਹਨ ਕਿ ਮਰੀਜ਼ਾਂ ਨੂੰ ਹਸਪਤਾਲ ’ਚ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਮਿਲਣ।
ਇਹ ਵੀ ਪੜ੍ਹੋ: ਮਾਹਿਲਪੁਰ 'ਚ ਕਲਾਥ ਹਾਊਸ 'ਤੇ ਚਲਾਈਆਂ ਤਾਬੜਤੋੜ ਗੋਲ਼ੀਆਂ, ਮੁੰਡੇ ਨੂੰ ਦਿੱਤੀ ਚਿੱਠੀ, 5 ਕਰੋੜ ਫਿਰੌਤੀ ਦੀ ਰੱਖੀ ਮੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।