ਜਲੰਧਰ ਦੇ ਹਸਪਤਾਲਾਂ, ਨਰਸਿੰਗ ਹੋਮਜ਼ ਸਣੇ ਇਨ੍ਹਾਂ ਕਲੀਨਿਕਾਂ ਲਈ ਸਖ਼ਤ ਹੁਕਮ ਜਾਰੀ
Thursday, Nov 21, 2024 - 03:57 PM (IST)
ਜਲੰਧਰ (ਖੁਰਾਣਾ)–ਇਸ ਸਮੇਂ ਸ਼ਹਿਰ ਦੇ ਲਗਭਗ ਇਕ ਲੱਖ ਘਰਾਂ ਦੇ ਮਾਲਕ ਅਜਿਹੇ ਹਨ, ਜੋ ਨਗਰ ਨਿਗਮ ਨੂੰ ਪ੍ਰਾਪਰਟੀ ਟੈਕਸ ਜਮ੍ਹਾ ਨਹੀਂ ਕਰਵਾ ਰਹੇ ਪਰ ਇਸੇ ਦੌਰਾਨ ਸੰਕੇਤ ਮਿਲ ਰਹੇ ਹਨ ਕਿ ਸ਼ਹਿਰ ਦੇ ਕਈ ਕਮਰਸ਼ੀਅਲ ਬਿਲਡਿੰਗਾਂ ਦੇ ਮਾਲਕ ਵੀ ਪ੍ਰਾਪਰਟੀ ਟੈਕਸ ਦੀ ਚੋਰੀ ਵਿਚ ਸ਼ਾਮਲ ਹੋ ਸਕਦੇ ਹਨ। ਅਜਿਹੇ ਖ਼ਦਸ਼ੇ ਦੇ ਮੱਦੇਨਜ਼ਰ ਜਲੰਧਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਨੇ ਇਕ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਸ਼ਹਿਰ ਦੇ ਸਾਰੇ ਹਸਪਤਾਲਾਂ, ਨਰਸਿੰਗ ਹੋਮਜ਼, ਡੈਂਟਲ ਅਤੇ ਵੈੱਲਨੈੱਸ ਕਲੀਨਿਕਾਂ ਆਦਿ ਦੀ ਸਾਈਟ ’ਤੇ ਜਾ ਕੇ ਪ੍ਰਾਪਰਟੀ ਟੈਕਸ ਨਾਲ ਸਬੰਧਤ ਦਸਤਾਵੇਜ਼ਾਂ ਦੀ ਚੈਕਿੰਗ ਕੀਤੀ ਜਾਵੇਗੀ।
ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਅਤੇ ਜੁਆਇੰਟ ਕਮਿਸ਼ਨਰ ਮੈਡਮ ਸੁਮਨਦੀਪ ਕੌਰ ਨੇ ਇਸ ਸਬੰਧੀ ਪ੍ਰਾਪਰਟੀ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ ਉਨ੍ਹਾਂ ਤੋਂ 27 ਨਵੰਬਰ ਤਕ ਸਰਟੀਫਿਕੇਟ ਮੰਗ ਲਿਆ ਹੈ। ਦੂਜੇ ਪਾਸੇ ਸੁਪਰਿੰਟੈਂਡੈਂਟ ਮਹੀਪ ਸਰੀਨ ਅਤੇ ਰਾਜੀਵ ਰਿਸ਼ੀ ਦੀ ਅਗਵਾਈ ਵਿਚ ਇਨ੍ਹੀਂ ਦਿਨੀਂ ਵਿਭਾਗ ਦੀ ਟੀਮ ਨੇ ਸੀਲਿੰਗ ਮੁਹਿੰਮ ਚਲਾ ਦਿੱਤੀ ਹੈ। ਅੱਜ ਇਸ ਟੀਮ ਨੇ ਸਲੇਮਪੁਰ ਇਲਾਕੇ ਵਿਖੇ ਜਾ ਕੇ 15 ਦੁਕਾਨਾਂ ਵਾਲੀ ਇਕ ਮਾਰਕੀਟ ਸੀਲ ਕਰ ਦਿੱਤੀ ਅਤੇ ਟਰਾਂਸਪੋਰਟ ਨਗਰ ਵਿਚ ਵੀ 2 ਦੁਕਾਨਾਂ ਨੂੰ ਸੀਲ ਕੀਤਾ, ਜਿਨ੍ਹਾਂ ਨੇ ਟੈਕਸ ਨਹੀਂ ਭਰਿਆ ਸੀ।
ਇਹ ਵੀ ਪੜ੍ਹੋ- ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ, ਡੈਮਾਂ 'ਚ ਘਟਿਆ ਪਾਣੀ, BBMB ਨੇ ਜਾਰੀ ਕੀਤੀ ਚਿਤਾਵਨੀ
ਸੈਲਫ ਆਕਿਊਪਾਈਡ ਦਾ ਟੈਕਸ ਭਰ ਰਹੇ ਜ਼ਿਆਦਾਤਰ ਬਿਲਡਿੰਗਾਂ ਦੇ ਮਾਲਕ
2013 ਵਿਚ ਜਦੋਂ ਪੰਜਾਬ ਵਿਚ ਪ੍ਰਾਪਰਟੀ ਟੈਕਸ ਸਿਸਟਮ ਲਾਗੂ ਹੋਇਆ ਸੀ, ਉਦੋਂ ਉਨ੍ਹਾਂ ਕਮਰਸ਼ੀਅਲ ਸੰਸਥਾਨਾਂ ’ਤੇ 7.50 ਫ਼ੀਸਦੀ ਪ੍ਰਾਪਰਟੀ ਟੈਕਸ ਲਗਾਇਆ ਗਿਆ ਸੀ, ਜਿਨ੍ਹਾਂ ਨੂੰ ਕਿਰਾਏ ’ਤੇ ਚੜ੍ਹਾ ਦਿੱਤਾ ਜਾਂਦਾ ਹੈ ਅਤੇ ਇਹ ਟੈਕਸ ਕੁੱਲ ਸਾਲਾਨਾ ਕਿਰਾਏ ’ਤੇ ਲਾਗੂ ਹੁੰਦਾ ਹੈ। ਦੂਸਰੀ ਕੈਟਾਗਰੀ ਵਿਚ ਇਹ ਬਿਲਡਿੰਗਾਂ ਆਉਂਦੀਆਂ ਹਨ, ਜਿਥੇ ਮਾਲਕ ਖੁਦ ਆਪਣਾ ਕਾਰੋਬਾਰ ਕਰਦੇ ਹਨ। ਇਨ੍ਹਾਂ ਬਿਲਡਿੰਗਾਂ ਤੋਂ 5 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਪ੍ਰਾਪਰਟੀ ਟੈਕਸ ਲਿਆ ਜਾਂਦਾ ਹੈ, ਜੋ ਕਿਰਾਏ ’ਤੇ ਚੜ੍ਹੀਆਂ ਬਿਲਡਿੰਗਾਂ ਤੋਂ ਕਾਫ਼ੀ ਘੱਟ ਹੁੰਦਾ ਹੈ।
ਹੁਣ ਪ੍ਰਾਪਰਟੀ ਟੈਕਸ ਦੀ ਚੋਰੀ ਕਰਨ ਦੇ ਚੱਕਰ ’ਚ ਅਕਸਰ ਵੱਡੀਆਂ-ਵੱਡੀਆਂ ਬਿਲਡਿੰਗਾਂ ਦੇ ਮਾਲਕ ਅਤੇ ਪੈਲੇਸ ਮਾਲਕ ਉਕਤ ਬਿਲਡਿੰਗ ਜਾਂ ਪੈਲੇਸ ਨੂੰ ਸੈਲਫ ਆਕਿਊਪਾਈਡ ਦੱਸ ਦਿੰਦੇ ਹਨ, ਜਦਕਿ ਅਸਲ ਵਿਚ ਉਹ ਕਿਰਾਏ ਜਾਂ ਲੀਜ਼ ਆਦਿ ’ਤੇ ਚੜ੍ਹੇ ਹੁੰਦੇ ਹਨ। ਅਜਿਹਾ ਕਰਦੇ ਸਮੇਂ ਕਿਰਾਏਨਾਮਾ ਨਿਗਮ ਤੋਂ ਲੁਕੋ ਲਿਆ ਜਾਂਦਾ ਹੈ ਅਤੇ ਸੈਲਫ ਆਕਿਊਪਾਈਡ ਬਿਲਡਿੰਗ ਨਾਲ ਸਬੰਧਤ ਡੈਕਲਾਰੇਸ਼ਨ ਨਿਗਮ ਨੂੰ ਜਮ੍ਹਾ ਕਰਵਾਈ ਜਾਂਦੀ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਅਜਿਹੇ ਸੰਸਥਾਨਾਂ ਦੀ ਪਿਛਲੇ ਸਾਲਾਂ ਦੀ ਇਨਕਮ ਟੈਕਸ ਰਿਟਰਨ ਦੀ ਜਾਂਚ ਹੋਵੇ ਤਾਂ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ।
ਇਹ ਵੀ ਪੜ੍ਹੋ-ਹੋ ਜਾਓ ਸਾਵਧਾਨ! ਮਰਨ ਤੋਂ ਬਾਅਦ ਵੀ ਨਹੀਂ ਮਿੱਟਦੇ ਸਮੋਕਿੰਗ ਦੇ ਨਿਸ਼ਾਨ, ਹੈਰਾਨ ਕਰੇਗੀ ਪੂਰੀ ਰਿਪੋਰਟ
ਸਿਰਫ਼ ਰਜਿਸਟਰਡ ਕਿਰਾਏਨਾਮਾ ਸਵੀਕਾਰ ਕਰੇ ਨਿਗਮ ਤਾਂ ਵਧ ਸਕਦਾ ਹੈ ਟੈਕਸ
ਇਸ ਸਮੇਂ ਸ਼ਹਿਰ ਦੇ ਕਈ ਵੱਡੇ ਬਿਲਡਰ ਕਿਰਾਏਨਾਮੇ ਨੂੰ ਨਿਗਮ ਤੋਂ ਲੁਕੋ ਕੇ ਪ੍ਰਾਪਰਟੀ ਟੈਕਸ ਦੀ ਚੋਰੀ ਕਰ ਰਹੇ ਹਨ। ਇਸਦਾ ਇਕੋ-ਇਕ ਹੱਲ ਇਹੀ ਹੈ ਕਿ ਜੇਕਰ ਪ੍ਰਾਪਰਟੀ ਟੈਕਸ ਲੈਂਦੇ ਸਮੇਂ ਸਿਰਫ ਰਜਿਸਟਰਡ ਕਿਰਾਏਨਾਮਾ ਹੀ ਸਵੀਕਾਰ ਕੀਤਾ ਜਾਵੇ ਤਾਂ ਇਹ ਟੈਕਸ ਕਈ ਗੁਣਾ ਵਧ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਕਈ ਬਿਲਡਿੰਗ ਮਾਲਕਾਂ ਨੇ 2-2 ਕਿਰਾਏਨਾਮੇ ਬਣਾ ਰੱਖੇ ਹਨ। ਅਸਲ ਕਿਰਾਏਨਾਮੇ ਨੂੰ ਤਾਂ ਰਜਿਸਟਰਡ ਕਰਵਾ ਲਿਆ ਜਾਂਦਾ ਹੈ ਪਰ ਅਕਸਰ ਨਿਗਮ ਨੂੰ ਜੋ ਕਿਰਾਏਨਾਮਾ ਸੌਂਪਿਆ ਜਾਂਦਾ ਹੈ ਜਾਂ ਟੈਕਸ ਰਿਕਾਰਡ ਵਿਚ ਭਰਿਆ ਜਾਂਦਾ ਹੈ, ਉਹ ਰਜਿਸਟਰਡ ਨਹੀਂ ਹੁੰਦਾ। ਇਸ ਕਾਰਨ ਨਿਗਮ ਨੂੰ ਟੈਕਸ ਵੀ ਘੱਟ ਪ੍ਰਾਪਤ ਹੁੰਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਬੱਚੇ ਤੇ ਸਵਾਰੀਆਂ ਨਾਲ ਭਰੀ ਸਕੂਲ ਬੱਸ ਪਲਟੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8