''ਗਲਘੋਟੂ'' ਹੋਈ ਹਵਾ, 350 ਦਾ ਪੱਧਰ ਪਾਰ ਕਰਨ ਲਈ ਤਿਆਰ AQI, ਸਖ਼ਤ ਹਦਾਇਤਾਂ ਜਾਰੀ
Friday, Nov 22, 2024 - 12:00 PM (IST)
ਜਲੰਧਰ (ਪੁਨੀਤ) -ਹਵਾ ’ਚ ਪ੍ਰਦੂਸ਼ਣ ਕਾਰਨ ਠੰਡ ਵਧਣ ’ਚ ਰੁਕਾਵਟ ਆ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਤੋਂ ਬਾਅਦ ਮੌਸਮ ਖੁੱਲ੍ਹੇਗਾ, ਜਿਸ ਤੋਂ ਬਾਅਦ ਠੰਡ ਦਾ ਅਸਲ ਰੰਗ ਦਿਸੇਗਾ। ਇਸ ਸਮੇਂ ਏ. ਕਿਊ. ਆਈ. (ਏਅਰ ਕੁਆਲਿਟੀ ਇੰਡੈਕਸ) ਪ੍ਰਦੂਸ਼ਣ ਨੇ ਹਮਲਾ ਕੀਤਾ ਹੋਇਆ ਹੈ, ਜਿਸ ਕਾਰਨ ਸਾਹ ਲੈਣਾ ਔਖਾ ਹੋ ਗਿਆ ਹੈ। ਹਵਾ ’ਚ ਪ੍ਰਦੂਸ਼ਣ ਦਾ ਵੱਧ ਤੋਂ ਵੱਧ ਪੱਧਰ 350 ਦੇ ਕਰੀਬ ਪਹੁੰਚ ਗਿਆ ਹੈ ਅਤੇ ਜੇਕਰ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ’ਚ ਪ੍ਰਦੂਸ਼ਣ ਦਾ ਪੱਧਰ ਹੋਰ ਵਧ ਸਕਦਾ ਹੈ। ਇਸ ਕਾਰਨ ਸਾਹ ਲੈਣ ’ਚ ਦਿੱਕਤ ਆਵੇਗੀ। ਰਾਜਧਾਨੀ ਦਿੱਲੀ ਸਮੇਤ ਕਈ ਸੂਬਿਆਂ ਦਾ ਏ. ਕਿਊ. ਆਈ. ਦਾ ਪੱਧਰ ਬਹੁਤ ਖ਼ਤਰਨਾਕ ਪੱਧਰ ’ਤੇ ਪਹੁੰਚ ਗਿਆ ਹੈ, ਜੋਕਿ ਸਰਕਾਰ ਲਈ ਵੀ ਚਿੰਤਾ ਦਾ ਵਿਸ਼ਾ ਹੈ।
ਮਹਾਨਗਰ ਜਲੰਧਰ ’ਚ ਰਾਤ 10 ਵਜੇ ਏ. ਕਿਊ. ਆਈ. ਦਾ ਪੱਧਰ 250 ਤੋਂ ਪਾਰ ਦਰਜ ਕੀਤਾ ਗਿਆ ਹੈ, ਜੋ ਖ਼ਤਰਨਾਕ ਸਥਿਤੀ ਦਾ ਸੰਕੇਤ ਦੇ ਰਿਹਾ ਹੈ। ਇਸ ਦੇ ਨਾਲ ਹੀ ਤਾਪਮਾਨ ਵੀ ਡਿੱਗ ਰਿਹਾ ਹੈ ਪਰ ਉਮੀਦ ਮੁਤਾਬਕ ਠੰਡ ਨਹੀਂ ਪੈ ਰਹੀ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿਚ ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿਚ ਵੇਖਣ ਨੂੰ ਮਿਲਿਆ ਜੋ 27.8 ਡਿਗਰੀ ਦਰਜ ਕੀਤਾ ਗਿਆ। ਪਠਾਨਕੋਟ ਵਿਚ ਘੱਟੋ-ਘੱਟ ਤਾਪਮਾਨ 8.5 ਡਿਗਰੀ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਕਰ 'ਤਾ ਐਨਕਾਊਂਟਰ, ਪੁਲਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ
ਇਸ ਦੇ ਨਾਲ ਹੀ ਸਵੇਰੇ ਤੜਕੇ ਪੈ ਰਹੀ ਧੁੰਦ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਖ਼ਾਸ ਕਰਕੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਮੌਸਮ ਵਿਭਾਗ ਨੇ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਿਲਸਿਲੇ ’ਚ ਅਗਲੇ 2 ਦਿਨਾਂ ਤਕ ਯੈਲੋ ਅਲਰਟ ਜਾਰੀ ਰਹਿਣ ਵਾਲਾ ਹੈ ਅਤੇ ਧੂੰਏਂ ਦਾ ਪ੍ਰਭਾਵ ਵਧਦਾ ਨਜ਼ਰ ਆਵੇਗਾ।
ਮਾਹਿਰਾਂ ਦੇ ਅਨੁਸਾਰ ਜੀ. ਟੀ. ਰੋਡ ’ਤੇ ਧੁੰਦ ਜ਼ਿਆਦਾ ਗਹਿਰੀ ਹੋਣ ਕਾਰਨ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਕਿਸੇ ਵੀ ਤਰੀਕੇ ਨਾਲ ਸਫ਼ਰ ਕਰਦੇ ਸਮੇਂ ਵਾਧੂ ਸਮਾਂ ਨੂੰ ਲੈ ਕੇ ਚੱਲਣਾ ਚਾਹੀਦਾ ਹੈ। ਵਾਹਨ ਚਾਲਕਾਂ ਨੂੰ ਹੌਲੀ-ਹੌਲੀ ਸਫ਼ਰ ਕਰਨਾ ਚਾਹੀਦਾ ਹੈ ਅਤੇ ਧੁੰਦ ਦੇ ਵਿਚਕਾਰ ਘੱਟ ਵਿਜੀਬਿਲਟੀ ਹੋਣ ਕਾਰਨ ਡਰਾਈਵਿੰਗ ਲਈ ਖ਼ੁਦ ਨੂੰ ਤਿਆਰ ਰੱਖਣਾ ਚਾਹੀਦਾ ਹੈ। ਅਜਿਹੇ ਹਲਾਤ ’ਚ ਸੜਕ ਆਵਾਜਾਈ ਵਿਚ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਸਾਵਧਾਨੀ ਨਾਲ ਸਫ਼ਰ ਕਰਨਾ ਅਤਿ ਜ਼ਰੂਰੀ ਸਮਝਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ-ਜ਼ਿਮਨੀ ਚੋਣਾਂ ਤੋਂ ਬਾਅਦ ਨਗਰ ਨਿਗਮਾਂ ਤੇ ਕੌਂਸਲ ਚੋਣਾਂ ਦੀ ਤਿਆਰੀ ’ਚ ਜੁਟੀਆਂ ਸਿਆਸੀ ਪਾਰਟੀਆਂ
ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਜ਼ਰੂਰੀ ਹੋਣ ’ਤੇ ਹੀ ਤੜਕਸਾਰ ਸੜਕ ਆਵਾਜਾਈ ’ਤੇ ਨਿਕਲਣਾ ਚਾਹੀਦਾ ਹੈ। ਵਾਹਨ ਚਲਾਉਂਦੇ ਸਮੇਂ ਜਾਂ ਆਵਾਜਾਈ ਦੇ ਕਿਸੇ ਵੀ ਸਾਧਨ ਦੁਆਰਾ ਬਾਹਰ ਜਾਂਦੇ ਸਮੇਂ ਖਾਸ ਤੌਰ ’ਤੇ ਸਾਵਧਾਨ ਰਹੋ। ਧੁੰਦ ਵਿਚ ਗੱਡੀ ਚਲਾਉਂਦੇ ਸਮੇਂ ਫੌਗ ਲਾਈਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ
ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਹਫ਼ਤੇ ਦੇ ਅੰਤ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਿਲਸਿਲੇ ਵਿਚ ਪੰਜਾਬ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਗੁਆਂਢੀ ਸੂਬਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਜ਼ਿਆਦਾ ਹੈ ਅਤੇ ਇਸ ਦਾ ਅਸਰ ਪੰਜਾਬ ਦੇ ਮੌਸਮ ’ਚ ਵੀ ਵੇਖਣ ਨੂੰ ਮਿਲੇਗਾ। ਮੀਂਹ ਨਾਲ ਮੌਸਮ ਦੇ ਸੁਧਰਨ ਦੀ ਸੰਭਾਵਨਾ ਵਧ ਜਾਵੇਗੀ। ਪੰਜਾਬ ’ਚ ਹਲਕੀ ਬਾਰਿਸ਼ ਤੋਂ ਬਾਅਦ ਠੰਡ ’ਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ- ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ, ਡੈਮਾਂ 'ਚ ਘਟਿਆ ਪਾਣੀ, BBMB ਨੇ ਜਾਰੀ ਕੀਤੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8