ਸਿਹਤ ਵਿਭਾਗ ਦੀ ਟੀਮ ਨੇ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਕੱਟੇ ਚਲਾਨ

06/27/2023 5:56:32 PM

ਨਵਾਂਸ਼ਹਿਰ (ਤ੍ਰਿਪਾਠੀ) : ਸਿਹਤ ਵਿਭਾਗ ਵੱਲੋਂ ਹੈਲਥ ਇੰਸਪੈਕਟਰ ਸੁਰਿੰਦਰ ਬਾਂਸਲ, ਘਨਸ਼ਾਮ ਦੀ ਟੀਮ ਵੱਲੋਂ ਕੋਟਪਾ ਐਕਟ 2003 ਅਧੀਨ ਸੈਕਟਰ ਲੰਗੜੋਆ ਅਧੀਨ ਪਿੰਡ ਸਜਾਵਲਪੁਰ, ਸਨਾਵਾ ਵਿਖੇ ਤੰਬਾਕੂ ਪਦਾਰਥਾਂ ਦੀ ਗੈਰ-ਕਾਨੂੰਨੀ ਵਿਕਰੀ ਕਰਨ ਵਾਲਿਆਂ ਅਤੇ ਜਨਤਕ ਥਾਵਾਂ ’ਤੇ ਸਿਗਰਟ ਬੀੜੀ ਪੀਣ ਵਾਲਿਆਂ ਦੇ ਚਲਾਨ ਕੱਟੇ ਗਏ। ਸਿਹਤ ਵਿਭਾਗ ਦੀ ਟੀਮ ਵੱਲੋਂ ਕੋਟਪਾ ਐਕਟ ਦੇ ਸਾਰੇ ਨਿਯਮਾਂ ਬਾਰੇ ਲੋਕਾਂ ਨੂੰ ਦੱਸਿਆ ਗਿਆ ਕਿ ਕੋਈ ਵੀ ਜਨਤਕ ਥਾਂ ’ਤੇ ਬੀੜੀ ਸਿਗਰੇਟ ਨਹੀਂ ਪੀ ਸਕਦਾ ਅਤੇ ਨਾ ਹੀ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਤੰਬਾਕੂ ਯੁਕਤ ਪਦਾਰਥ ਵੇਚ ਸਕਦਾ, ਵਿੱਦਿਅਕ ਅਦਾਰਿਆਂ ਦੇ 100 ਮੀਟਰ ਦੇ ਘੇਰੇ ਅੰਦਰ ਤੰਬਾਕੂ ਯੁਕਤ ਪਦਾਰਥ ਨਹੀਂ ਵੇਚ ਸਕਦਾ, ਖੁੱਲੀ ਸਿਗਰੇਟ/ਤੰਬਾਕੂ ਯੁਕਤ ਪਦਾਰਥ ਨਹੀਂ ਵੇਚ ਸਕਦਾ। ਸਿਹਤ ਵਿਭਾਗ ਦੀ ਟੀਮ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਬੈਨ ਕੀਤੇ ਤੰਬਾਕੂ ਯੁਕਤ ਪਦਾਰਥ ’ਤੇ ਪੂਰਨ ਪਾਬੰਦੀ ਹੈ। ਜੋ ਵੀ ਵਿਅਕਤੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਟੀਮ ਵੱਲੋਂ ਤੰਬਾਕੂ ਪਦਾਰਥਾਂ ਦੀ ਵਰਤੋਂ ਕਰਨ ਨਾਲ ਹੋਣ ਵਾਲੇ ਬੁਰੇ ਪ੍ਰਭਾਵਾਂ ਤੋਂ ਵੀ ਜਾਣੂ ਕਰਵਾਇਆ।

ਇਹ ਵੀ ਪੜ੍ਹੋ : ਐਕਸ਼ਨ ’ਚ ਪਾਵਰਕਾਮ : 40 ਖਪਤਕਾਰਾਂ ਨੂੰ ਕੀਤਾ 15.70 ਲੱਖ ਰੁਪਏ ਜੁਰਮਾਨਾ

ਟੀਮ ਵੱਲੋਂ ਦੱਸਿਆ ਗਿਆ ਹੈ ਕਿ ਭਾਰਤ ’ਚ ਹਰ ਰੋਜ਼ 2200 ਤੋਂ ਵੱਧ ਲੋਕਾਂ ਦੀ ਜਾਨ ਤੰਬਾਕੂ ਪਦਾਰਥਾਂ ਦੀ ਵਰਤੋਂ ਕਰਨ ਨਾਲ ਹੀ ਜਾਂਦੀ ਹੈ। ਕੈਂਸਰ ਨਾਲ ਮਰਨ ਵਾਲਿਆਂ 100 ਮਰੀਜ਼ਾਂ ’ਚੋਂ 40 ਤੰਬਾਕੂ ਪਦਾਰਥਾਂ ਦਾ ਸੇਵਨ ਕਰਨ ਵਾਲੇ ਹੀ ਹੁੰਦੇ ਹਨ। ਇਸਦੇ ਨਾਲ ਹੀ ਟੀਮ ਵੱਲੋਂ ਖਾਣ-ਪੀਣ ਵਾਲੀਆਂ ਵਸਤੂਆਂ ਵੇਚਣ ਵਾਲੀਆਂ ਥਾਵਾਂ ਵੀ ਚੈੱਕ ਕੀਤੀਆਂ ਗਈਆਂ ਨਾਲ ਹੀ ਉਨ੍ਹਾਂ ਨੂੰ ਸਾਫ਼ ਸੁਥਰਾ ਖਾਣ-ਪੀਣ ਦਾ ਸਾਮਾਨ ਵੇਚਣ ਅਤੇ ਸਫ਼ਾਈ ਦਾ ਖਾਸ ਧਿਆਨ ਰੱਖਣ ਬਾਰੇ ਵੀ ਜਾਗਰੂਕ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮ ਵੱਲੋਂ ਦੱਸਿਆ ਗਿਆ ਕਿ ਅੱਗੇ ਤੋਂ ਵੀ ਲੋਕਾਂ ਦੀ ਸਿਹਤ ਦੇ ਧਿਆਨ ਮੁੱਖ ਰੱਖਦੇ ਹੋਏ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ। 

ਇਹ ਵੀ ਪੜ੍ਹੋ : ਖੇਡਾਂ ਲਈ ਜਾਣੇ ਜਾਂਦੇ ਪੰਜਾਬ ਦਾ ਨਾਂ ਹੁਣ ਗਲਤ ਚੀਜ਼ਾਂ ਨਾਲ ਜੁੜਨ ਲੱਗਾ : ਅਨੁਰਾਗ ਠਾਕੁਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News