ਸਿਹਤ ਵਿਭਾਗ ਦੀ ਟੀਮ ਨੇ ਨਵਾਂਸ਼ਹਿਰ ’ਚ 1 ਤੇ ਬਲਾਚੌਰ ’ਚ 3 ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਕੀਤੀ ਅਚਨਚੇਤ ਚੈਕਿੰਗ

Saturday, Aug 24, 2024 - 12:52 PM (IST)

ਸਿਹਤ ਵਿਭਾਗ ਦੀ ਟੀਮ ਨੇ ਨਵਾਂਸ਼ਹਿਰ ’ਚ 1 ਤੇ ਬਲਾਚੌਰ ’ਚ 3 ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਕੀਤੀ ਅਚਨਚੇਤ ਚੈਕਿੰਗ

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)- ਨਵਾਂਸ਼ਹਿਰ ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਨੇ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰੇਣੂੰ ਅਗਰਵਾਲ ਦੀ ਅਗਵਾਈ ਹੇਠ ਨਵਾਂਸ਼ਹਿਰ ਵਿਖੇ 1 ਅਤੇ ਬਲਾਚੌਰ ’ਚ 3 ਨਿਜੀ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਅਚਨਚੇਤ ਜਾਂਚ ਕੀਤੀ। ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਨਿਰਦੇਸ਼ਾਂ ਤਹਿਤ ਕੀਤੀ ਗਈ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਅਗਰਵਾਲ ਨੇ ਦੱਸਿਆ ਕਿ ਜਾਂਚ ਦੌਰਾਨ ਸਕੈਨ ਸੈਂਟਰਾਂ ਦੇ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੀ. ਸੀ. ਪੀ. ਐੱਨ. ਡੀ. ਟੀ. ਐਕਟ ਤਹਿਤ ਅਲਟਰਾਸਾਊਂਡ ਸਕੈਨਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੰਨਿਆ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਜੜ ਤੋਂ ਖ਼ਤਮ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਐਕਟ ਦਾ ਮੁੱਖ ਮੰਤਵ ਭਰੂਣ ਦੇ ਲਿੰਗ ਨਿਰਧਾਰਨ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਲਗਾਉਣਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਉਕਤ ਐਕਟ ਨੂੰ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜੇਕਰ ਕੋਈ ਵਿਅਕਤੀ ਇਸ ਐਖਟ ਦੀ ਉਲੰਘਣਾ ਕਰਦੇ ਹੋਏ ਫੜ੍ਹਿਆ ਜਾਂਦਾ ਹੈ ਉਸ ਦੇ ਖ਼ਿਲਾਫ਼ ਕਾਨੂੰਨ ਤਹਿਤ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ- ਹੋ ਜਾਓ ਸਾਵਧਾਨ ! ਕੀਤੇ ਤੁਹਾਡੇ ਨਾਲ ਨਾ ਹੋ ਜਾਵੇ ਮਾੜੀ, ਚਾਵਾਂ ਨਾਲ ਲਿਆਂਦੀ ਕਾਲੀ THAR ਮਿੰਟਾਂ 'ਚ ਹੋਈ ਸੁਆਹ

ਗਰਭ ਅਵਸਥਾ ਵਿਚ ਲਿੰਗ ਦੀ ਜਾਂਚ ਕਰਨਾ ਅਤੇ ਕਰਵਾਉਣਾ ਦੋਵੇਂ ਅਪਰਾਧ ਹਨ। ਇਸ ਅਪਰਾਧ ’ਚ ਸ਼ਾਮਲ ਡਾਕਟਰ ਤੋਂ ਲੈਕੇ ਜਾਂਚ ਕਰਨ ਅਤੇ ਕਰਵਾਉਣ ਵਾਲੇ ਸਾਰਿਆਂ ਨੂੰ ਹੀ ਦੋਸ਼ੀ ਮੰਨਿਆ ਜਾਂਦਾ ਹੈ ਅਤੇ ਅਪਰਾਧ ਸਿੱਧ ਹੋਣ ’ਤੇ ਘੱਟ ਤੋਂ ਘੱਟ 3 ਸਾਲ ਦੀ ਕੈਦ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਕੰਨਿਆ ਭਰੂਣ ਹੱਤਿਆ ਨੂੰ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਗੰਭੀਰ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਐਕਟ ਦੀ ਗੰਭੀਰਤਾ ਦੇ ਮੱਦੇਨਜ਼ਰ ਅਤੇ ਇਸ ਖ਼ਿਲਾਫ਼ ਹੋਣ ਵਾਲੀ ਕਾਰਵਾਈ ਨੂੰ ਹੋਰ ਪੁਖ਼ਤਾ ਢੰਗ ਨਾਲ ਲਾਗੂ ਕਰਨ ਲਈ ਫਰਜ਼ੀ ਮਰੀਜ਼ ਨੂੰ 1 ਲੱਖ ਅਤੇ ਸੂਚਨਾ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕੰਨਿਆ ਭਰੂਣ ਹੱਤਿਆ ਮਨੁੱਖਤਾ ਲਈ ਸ਼ਰਾਪ ਹੈ ਅਤੇ ਇਸ ਦੀ ਰੋਕਥਾਮ ਲਈ ਸਿਹਤ ਵਿਭਾਗ ਕਠੋਰ ਕਦਮ ਚੁੱਕ ਰਿਹਾ ਹੈ। ਉਨ੍ਹਾਂ ਦੱਸਿਆ ਸਮਾਜ ਨੂੰ ਅੱਗੇ ਤੋਰਨ ਵਿਚ ਔਰਤਾਂ ਦੀ ਅਹਿਮ ਭੂਮਿਕਾ ਹੈ। ਔਰਤ ਤੋਂ ਬਿਨਾਂ ਮਨੁੱਖੀ ਸਮਾਜ ਦੀ ਹੋਂਦ ਸੰਭਵ ਨਹੀਂ ਹੈ। ਔਰਤ ਇਕ ਮਜ਼ਬੂਤ ਧਿਰ ਹੈ ਜੋ ਨਾ ਕੇਵਲ ਪਰਿਵਾਰ ਨੂੰ ਸਫਲਤਾ ਪੂਰਬਕ ਸੰਭਾਲਦੀ ਹੈ ਸਗੋਂ ਘਰ ਦੀ ਚਾਰਦੀਵਾਰੀ ਤੋਂ ਬਾਹਰ ਕਿਸੇ ਵੀ ਪੇਸ਼ੇ ਵਿਚ ਨਵੀਆਂ ਲੀਹਾਂ ਪਾ ਸਕਦੀ ਹੈ। ਮਨੁੱਖ ਨੂੰ ਔਰਤ ਪ੍ਰਤੀ ਅਪਣੀ ਸੋਚ ਬਦਲਣ ਦੀ ਲੋੜ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਲਗਾਤਾਰ ਪੈਰ ਪਸਾਰਣ ਲੱਗੀ ਇਹ ਬੀਮਾਰੀ, ਪਾਜ਼ੇਟਿਵ ਆਉਣ ਲੱਗੇ ਲੋਕ, ਇੰਝ ਕਰੋ ਬਚਾਅ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News