ਸਿਹਤ ਵਿਭਾਗ ਵੱਲੋਂ ਮਿਲਾਵਟਖੋਰਾਂ ਖਿਲਾਫ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ

10/22/2019 12:42:33 PM

ਹੁਸ਼ਿਆਰਪੁਰ (ਘੁੰਮਣ)— ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲਾ ਸਿਹਤ ਅਫਸਰ ਡਾ. ਸੁਰਿੰਦਰ ਸਿੰਘ ਦੀ ਅਗਵਾਈ 'ਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲੇ ਦੇ ਵੱਖ-ਵੱਖ ਹਿੱਸਿਆਂ 'ਚ ਨਾਕੇ ਲਾ ਕੇ ਅਤੇ ਕਰਿਆਨੇ ਤੇ ਹਲਵਾਈਆਂ ਦੀਆਂ ਦੁਕਾਨਾਂ 'ਤੇ ਲਗਾਤਾਰ ਛਾਪੇਮਾਰੀ ਕਰਕੇ ਘਟੀਆ ਮਠਿਆਈਆਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਜ਼ਿਲਾ ਸਿਹਤ ਅਫਸਰ ਨੇ ਦੱਸਿਆ ਕਿ ਪਿਛਲੇ ਦਿਨਾਂ 'ਚ ਵੱਡੇ ਪੱਧਰ 'ਤੇ ਪਨੀਰ ਅਤੇ ਖੋਏ ਦੇ ਸੈਂਪਲ ਭਰੇ ਗਏ ਅਤੇ ਫੂਡ ਸੇਫਟੀ ਟੈਸਟਿੰਗ ਵੈਨ ਵੱਲੋਂ ਵੀ ਲਗਾਤਾਰ ਸੈਂਪਲ ਭਰ ਕੇ ਉਸ ਦੀ ਰਿਪੋਰਟ ਤੁਰੰਤ ਦਿੱਤੀ ਜਾ ਰਹੀ ਹੈ। ਪਿਛਲੇ ਦੋ ਮਹੀਨਿਆਂ 'ਚ 60 ਦੇ ਕਰੀਬ ਖਾਣ-ਪੀਣ ਵਾਲੇ ਪਦਾਰਥਾਂ ਦੇ ਸੈਂਪਲ ਭਰੇ ਗਏ ਅਤੇ ਗੁਆਂਢੀ ਜ਼ਿਲਿਆਂ ਤੋਂ ਆ ਰਹੀਆਂ ਗੱਡੀਆਂ ਦੀ ਚੈਕਿੰਗ ਦੀ ਵੀ ਮੁਹਿੰਮ ਵਿੱਢੀ ਗਈ ਹੈ। ਪਿਛਲੇ ਦਿਨੀਂ 15 ਕੁਇੰਟਲ ਪਨੀਰ ਦੇ ਜੋ ਸੈਂਪਲ ਭਰੇ ਸਨ, ਉਨ੍ਹਾਂ 'ਚੋਂ 3 ਫੇਲ ਹੋ ਗਏ ਹਨ।

ਉਨ੍ਹਾਂ ਮਿਲਾਵਟਖੋਰਾਂ ਨੂੰ ਤਾੜਨਾ ਕੀਤੀ ਕਿ ਉਹ ਮਿਲਾਵਟ ਕਰਨੋਂ ਬਾਜ਼ ਆ ਜਾਣ, ਫੜੇ ਜਾਣ 'ਤੇ ਉਨ੍ਹਾਂ ਖਿਲਾਫ਼ ਸਿਹਤ ਵਿਭਾਗ ਵੱਲੋਂ ਫੂਡ ਸੇਫਟੀ ਐਕਟ ਤਹਿਤ ਕਾਨੂੰਨੀ ਕਰਵਾਈ ਕੀਤੀ ਜਾਵੇਗੀ। ਉਨ੍ਹਾਂ ਹਲਵਾਈਆਂ, ਕਰਿਆਨੇ-ਢਾਬੇ ਵਾਲਿਆਂ ਅਤੇ ਦੋਧੀਆਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਦੁਕਾਨਾਂ ਨੂੰ ਸਾਫ-ਸੁਥਰਾ ਰੱਖਣ ਅਤੇ ਖਾਣਾ ਬਣਾਉਣ ਵਾਲੀਆਂ ਥਾਵਾਂ ਦੀ ਸਫਾਈ ਯਕੀਨੀ ਬਣਾਉਣ। ਮਠਿਆਈਆਂ ਬਣਾਉਣ ਲਈ ਕੈਮੀਕਲ ਵਾਲੇ ਰੰਗਾਂ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਾਣ-ਪੀਣ ਵਾਲੇ ਪਦਾਰਥ ਖਰੀਦਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰਨ।


shivani attri

Content Editor

Related News