ਵਿਆਹ ਦਾ ਝਾਂਸਾ ਦੇ ਕੇ NRI ਦੀ ਧੀ ਨਾਲ ਬਣਾਏ ਸਰੀਰਕ ਸਬੰਧ, ਫ਼ਿਰ ਨਿੱਜੀ ਤਸਵੀਰਾਂ ਵਾਇਰਲ ਕਰਨ ਦੀ ਦਿੱਤੀ ਧਮਕੀ

Thursday, Mar 07, 2024 - 11:48 PM (IST)

ਵਿਆਹ ਦਾ ਝਾਂਸਾ ਦੇ ਕੇ NRI ਦੀ ਧੀ ਨਾਲ ਬਣਾਏ ਸਰੀਰਕ ਸਬੰਧ, ਫ਼ਿਰ ਨਿੱਜੀ ਤਸਵੀਰਾਂ ਵਾਇਰਲ ਕਰਨ ਦੀ ਦਿੱਤੀ ਧਮਕੀ

ਜਲੰਧਰ (ਵਰੁਣ)– ਮਕਸੂਦਾਂ ਇਲਾਕੇ ਵਿਚ ਰਹਿਣ ਵਾਲੀ ਐੱਨ.ਆਰ.ਆਈ. ਦੀ ਧੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਿਸਮਾਨੀ ਸੰਬੰਧ ਬਣਾਉਣ ਤੋਂ ਬਾਅਦ ਨਿੱਜੀ ਤਸਵੀਰਾਂ ਵਾਇਰਲ ਕਰਨ ਦੀਆਂ ਧਮਕੀਆਂ ਦੇਣ ਵਾਲੇ ਮੁਲਜ਼ਮ ਨੂੰ ਥਾਣਾ ਨੰਬਰ 1 ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਬੁੱਧਵਾਰ ਨੂੰ ਪੀੜਤਾ ਦੇ ਬਿਆਨਾਂ ’ਤੇ ਪੁਲਸ ਨੇ ਮੁਲਜ਼ਮ ਲਖਵਿੰਦਰਜੀਤ ਸਿੰਘ ਪੁੱਤਰ ਵਰਿੰਦਰਜੀਤ ਸਿੰਘ ਨਿਵਾਸੀ ਸ਼ਿਵਦਾਸਪੁਰ (ਕਰਤਾਰਪੁਰ) ਨੂੰ ਵੱਖ-ਵੱਖ ਧਾਰਾਵਾਂ ਅਧੀਨ ਨਾਮਜ਼ਦ ਕੀਤਾ ਸੀ।

22 ਸਾਲਾ ਪੀੜਤਾ ਨੇ ਦੱਸਿਆ ਕਿ ਉਸਦੇ ਮਾਤਾ-ਪਿਤਾ ਵਿਦੇਸ਼ ’ਚ ਰਹਿੰਦੇ ਹਨ, ਜਦਕਿ ਭੈਣ ਵੀ ਸਟੱਡੀ ਵੀਜ਼ਾ ’ਤੇ ਵਿਦੇਸ਼ ਗਈ ਹੋਈ ਹੈ। ਪੀੜਤਾ ਮਕਸੂਦਾਂ ਇਲਾਕੇ ਵਿਚ ਆਪਣੀ ਦਾਦੀ ਦੇ ਨਾਲ ਰਹਿੰਦੀ ਸੀ। ਪੀੜਤਾ ਨੇ ਦੋਸ਼ ਲਾਏ ਕਿ 3 ਸਾਲ ਪਹਿਲਾਂ ਜਿੰਦਾ ਰੋਡ ’ਤੇ ਇਕ ਸਕੂਲ ਵਿਚ ਗਈ ਸੀ, ਜਿਥੇ ਲਖਵਿੰਦਰਜੀਤ ਸਿੰਘ ਨਾਲ ਉਸਦੀ ਜਾਣ-ਪਛਾਣ ਹੋਈ। ਮੁਲਜ਼ਮ ਨੇ ਪੀੜਤਾ ਨੂੰ ਪਿਆਰ ਦੇ ਝਾਂਸੇ ਵਿਚ ਫਸਾ ਲਿਆ ਤੇ ਹੌਲੀ-ਹੌਲੀ ਕਰ ਕੇ 9 ਲੱਖ ਰੁਪਏ ਲੈ ਲਏ।

ਇਹ ਵੀ ਪੜ੍ਹੋ- ''ਤੁਹਾਡੇ ਘਰ ਮਾੜਾ ਟਾਈਮ ਆਉਣ ਵਾਲਾ ਹੈ, ਟਾਲਣ ਲਈ ਕਰਨਾ ਪਵੇਗਾ ਹਵਨ'', ਕਹਿ ਕੇ ਲੁੱਟ ਲਿਆ NRI ਪਰਿਵਾਰ

ਦੋਸ਼ ਹੈ ਕਿ ਵਿਆਹ ਦਾ ਝਾਂਸਾ ਦੇ ਕੇ ਮੁਲਜ਼ਮ ਪੀੜਤਾ ਨਾਲ ਜਿਸਮਾਨੀ ਸੰਬੰਧ ਬਣਾਉਣ ਲੱਗਾ। ਪੀੜਤਾ ਦਾ ਕਹਿਣਾ ਹੈ ਕਿ ਉਹ ਆਪਣੀ ਤਨਖਾਹ ਵੀ ਲਖਵਿੰਦਰਜੀਤ ਸਿੰਘ ਨੂੰ ਦਿੰਦੀ ਰਹੀ ਕਿਉਂਕਿ ਉਹ ਖ਼ੁਦ ਕੋਈ ਕੰਮ ਨਹੀਂ ਕਰਦਾ ਸੀ ਅਤੇ ਜਦੋਂ ਵੀ ਉਹ ਉਸ ਨੂੰ ਕੰਮ ਕਰਨ ਨੂੰ ਕਹਿੰਦੀ ਸੀ ਤਾਂ ਮੁਲਜ਼ਮ ਉਸ ਨੂੰ ਧਮਕੀ ਦਿੰਦਾ ਸੀ। ਲਖਵਿੰਦਰਜੀਤ ਦੀਆਂ ਇਨ੍ਹਾਂ ਹਰਕਤਾਂ ਕਾਰਨ ਜਦੋਂ ਪੀੜਤਾ ਨੇ ਉਸ ਤੋਂ ਵੱਖ ਹੋਣ ਦੀ ਗੱਲ ਕਹੀ ਤਾਂ ਲਖਵਿੰਦਰਜੀਤ ਨੇ ਉਸ ਦੀਆਂ ਨਿੱਜੀ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦਿੱਤੀ ਅਤੇ ਐਸਿਡ ਅਟੈਕ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇਣ ਲੱਗਾ।

ਪੀੜਤਾ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਮਾਮਲਾ ਪੁਲਸ ਦੇ ਧਿਆਨ ਵਿਚ ਲਿਆਂਦਾ ਗਿਆ। ਬੁੱਧਵਾਰ ਨੂੰ ਪੁਲਸ ਨੇ ਮੁਲਜ਼ਮ ਲਖਵਿੰਦਰਜੀਤ ਸਿੰਘ ਖ਼ਿਲਾਫ਼ ਧਾਰਾ 506 ਅਤੇ 376 ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਨੰਬਰ 1 ਦੇ ਇੰਚਾਰਜ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਦਾ ਮੋਬਾਈਲ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਸ਼ੁੱਭਕਰਨ ਦੇ ਭੋਗ 'ਤੇ ਹੋਏ ਖ਼ਰਚੇ ਦੀ ਅਨਾਊਂਸਮੈਂਟ ਹੋਈ ਵਾਇਰਲ, ਪਿੰਡ ਦੇ ਮੁਖੀ ਮੰਗ ਰਹੇ ਇਕੱਠਾ ਹੋਇਆ ਚੜ੍ਹਾਵਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News

News Hub