ਜਿਮਖਾਨਾ ਕਲੱਬ ਨੇ ਸਾਬਕਾ ਸੈਕਟਰੀ ਗੋਰਾ ਠਾਕੁਰ, ਦਲਜੀਤ ਛਾਬੜਾ ਤੇ ਵਿਜੇ ਸਹਿਗਲ ਨੂੰ ਕੱਢੇ ਨੋਟਿਸ

02/19/2020 3:14:22 PM

ਜਲੰਧਰ (ਖੁਰਾਣਾ)— ਇਕ ਪਾਸੇ ਜਿਥੇ ਜਿਮਖਾਨਾ ਕਲੱਬ ਮੈਨੇਜਮੈਂਟ ਨੇ ਕਲੱਬ ਕੰਪਲੈਕਸ ਵਿਚ ਅਨੁਸ਼ਾਸਨ ਦੀ ਬਹਾਲੀ ਲਈ ਪਿਛਲੇ ਦਿਨੀਂ ਕੁਝ ਸਖਤ ਫੈਸਲੇ ਲਏ, ਉਥੇ ਕਲੱਬ ਦੀ ਨਵੀਂ ਮੈਨੇਜਮੈਂਟ ਨੇ ਸਾਲਾਂ ਪੁਰਾਣੇ ਡਿਫਾਲਟਰ ਮੈਂਬਰਾਂ ਕੋਲੋਂ ਪੈਸਿਆਂ ਦੀ ਵਸੂਲੀ ਲਈ ਨਵਾਂ ਤਰੀਕਾ ਕੱਢਿਆ ਹੈ, ਜਿਸ ਦੇ ਤਹਿਤ ਕਲੱਬ ਮੈਨੇਜਮੈਂਟ ਨੇ ਉਨ੍ਹਾਂ ਡਿਫਾਲਟਰ ਮੈਂਬਰਾਂ, ਜਿਨ੍ਹਾਂ ਨੂੰ ਕਲੱਬ ਸਾਲਾਂ ਪਹਿਲਾਂ ਕੱਢ ਚੁੱਕਾ ਹੈ, ਦੇ ਬਕਾਏ ਉਨ੍ਹਾਂ ਲੋਕਾਂ ਕੋਲੋਂ ਵਸੂਲਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਮੈਂਬਰ ਬਣਾਉਂਦੇ ਸਮੇਂ ਉਨ੍ਹਾਂ ਦੇ ਫਾਰਮ 'ਤੇ ਬਤੌਰ ਪ੍ਰੋਪੋਜ਼ਰ ਜਾਂ ਸੈਕੈਂਡਰ ਹਸਤਾਖਰ ਕੀਤੇ ਸਨ। ਕਲੱਬ ਨੇ ਸੈਂਕੜਿਆਂ ਦੀ ਗਿਣਤੀ ਵਿਚ ਪ੍ਰੋਪੋਜਰ ਅਤੇ ਸੈਕੇਂਡਰ ਬਣੇ ਕਲੱਬ ਮੈਂਬਰਾਂ ਨੂੰ ਨੋਟਿਸ ਕੱਢੇ ਹਨ, ਜਿਨ੍ਹਾਂ 'ਚ ਕਲੱਬ ਦੇ ਸਾਬਕਾ ਸੈਕਟਰੀ ਸਤੀਸ਼ ਠਾਕੁਰ ਗੋਰਾ, ਦਲਜੀਤ ਸਿਘ ਛਾਬੜਾ ਅਤੇ ਵਿਜੇ ਸਹਿਗਲ ਜਿਹੇ ਨਾਂ ਵੀ ਸ਼ਾਮਲ ਹਨ। ਸਭ ਤੋਂ ਵੱਧ 12 ਨੋਟਿਸ ਦਲਜੀਤ ਸਿੰਘ ਛਾਬੜਾ ਨੂੰ ਕੱਢੇ ਗਏ ਹਨ, ਜਦੋਂਕਿ ਵਿਜੇ ਸਹਿਗਲ ਦੇ ਨਾਂ 'ਤੇ ਕੱਢੇ ਗਏ ਨੋਟਿਸਾਂ ਦੀ ਗਿਣਤੀ ਵੀ ਅੱਧੀ ਦਰਜਨ ਦੇ ਕਰੀਬ ਹੈ। ਫਿਲਹਾਲ 2 ਨੋਟਿਸ ਗੋਰਾ ਠਾਕੁਰ ਨੂੰ ਵੀ ਮਿਲੇ ਹਨ।

ਕਲੱਬ ਮੈਨੇਜਮੈਂਟ ਨੇ ਇਹ ਨੋਟਿਸ ਦਸੰਬਰ ਦੇ ਆਖਰੀ ਹਫਤੇ 'ਚ ਕੱਢਣੇ ਸ਼ੁਰੂ ਕੀਤੇ ਸਨ। ਇਨ੍ਹਾਂ ਨੋਟਿਸਾਂ ਵਿਚ ਸਾਫ ਲਿਖਿਆ ਹੈ ਕਿ ਬਤੌਰ ਪ੍ਰੋਪੋਜ਼ਰ ਜਾਂ ਸੈਕੇਂਡਰ ਤੁਸੀਂ ਜਿਨ੍ਹਾਂ ਮੈਂਬਰਾਂ ਦੇ ਫਾਰਮਾਂ 'ਤੇ ਹਸਤਾਖਰ ਕੀਤੇ ਹਨ, ਉਨ੍ਹਾਂ ਵੱਲ ਇੰਨੀ ਰਕਮ ਬਕਾਇਆ ਖੜ੍ਹੀ ਹੈ, ਜਿਸ ਨੂੰ 15 ਦਿਨਾਂ ਵਿਚ ਮੋੜਿਆ ਜਾਵੇ, ਨਹੀਂ ਤਾਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।

ਰਾਕੇਸ਼ ਰਾਠੌਰ, ਸਮਰਾ ਸਣੇ ਕਈ ਰਾਜਸੀ ਆਗੂਆਂ ਨੂੰ ਵੀ ਨੋਟਿਸ ਜਾਰੀ
ਜਿਮਖਾਨਾ ਕਲੱਬ ਮੈਨੇਜਮੈਂਟ ਨੇ ਫਿਲਹਾਲ ਡਿਫਾਲਟਰ ਅਤੇ ਕੱਢੇ ਜਾ ਚੁੱਕੇ ਮੈਂਬਰਾਂ ਕੋਲੋਂ ਪੈਸਿਆਂ ਦੀ ਵਸੂਲੀ ਲਈ ਜਿਥੇ ਆਪਣੇ ਸਾਬਕਾ ਸੈਕਟਰੀਜ਼ ਗੋਰਾ ਠਾਕੁਰ, ਦਲਜੀਤ ਛਾਬੜਾ ਅਤੇ ਵਿਜੇ ਸਹਿਗਲ ਆਦਿ ਨੂੰ ਵੀ ਨੋਟਿਸ ਸਰਵ ਕੀਤੇ ਹਨ, ਉਥੇ ਰਾਜੇਸ਼ ਰਾਠੌਰ ਅਤੇ ਏ. ਐੱਸ. ਸਮਰਾ ਜਿਹੇ ਰਾਜਸੀ ਆਗੂਆਂ ਨੂੰ ਵੀ ਨਹੀਂ ਬਖਸ਼ਿਆ। ਕਾਂਗਰਸੀ ਆਗੂ ਸਤਨਾਮ ਬਿੱਟਾ ਨੂੰ ਵੀ ਨੋਟਿਸ ਭੇਜਿਆ ਗਿਆ ਅਤੇ ਕੁਝ ਹੋਰ ਰਾਜਸੀ ਆਗੂਆਂ ਦੇ ਨਾਂ ਵੀ ਇਸ ਸੂਚੀ ਵਿਚ ਸ਼ਾਮਲ ਹਨ।

ਡਾ. ਮਾਨ, ਪੈਂਟਾ, ਧੀਰਜ, ਕਾਕਾ, ਘਈ, ਡਾ. ਓਬਰਾਏ, ਝਾਂਜੀ ਨੂੰ ਵੀ ਨੋਟਿਸ ਸਰਵ
ਜਿਮਖਾਨਾ ਕਲੱਬ ਮੈਨੇਜਮੈਂਟ ਨੇ ਡਿਫਾਲਟਰ ਅਤ ੇ ਕਲੱਬ 'ਚੋਂ ਕੱਢੇ ਜਾ ਚੁੱਕੇ ਮੈਂਬਰਾਂ ਕੋਲੋਂ ਪੈਸਿਆਂ ਦੀ ਵਸੂਲੀ ਲਈ ਜੋ ਸੈਂਕੜੇ ਨੋਟਿਸ ਕੱਢੇ ਹਨ, ਉਨ੍ਹਾਂ ਵਿਚ ਡਾ. ਐੱਚ. ਐੱਸ. ਮਾਨ , ਪਰਮਜੀਤ ਸਿੰਘ ਪੈਂਟਾ, ਧੀਰਜ ਸੇਠ, ਹਰਮਿੰਦਰ ਸਿੰਘ ਕਾਕਾ, ਅਮਰੀਕ ਸਿੰਘ ਘਈ, ਡਾ. ਹਰਦੀਪ ਓਬਰਾਏ, ਰਾਕੇਸ਼ ਝਾਂਜੀ, ਰੋਹਿਤ ਖੋਸਲਾ, ਐਡਵੋਕੇਟ ਦਿਨੇਸ਼ ਸਰਨਾ, ਮਨਮੋਹਨ ਸ਼ਰਮਾ, ਗੁਲਸ਼ਨ ਸ਼ਰਮਾ, ਨਰਿੰਦਰ ਸਿੰਘ ਸ਼ੇਰਗਿੱਲ, ਵਾਈ. ਕੇ. ਸੂਦ, ਸੰਜੀਵ ਬਾਂਸਲ, ਪਰਵੀਨ ਗੁਪਤਾ, ਡਾ. ਮਨਦੀਪ ਸੇਠੀ, ਰਾਜਿੰਦਰ ਕਲਸੀ, ਕੇ. ਸੀ. ਗੁਪਤਾ, ਅਸ਼ੋਕ ਨੰਦਾ, ਡਾ. ਪਵਨ, ਪੀ. ਐੱਸ. ਬੱਬਰ, ਮਨਿੰਦਰ ਸਿੰਘ ਕੌਮੀ, ਡਾ. ਐੱਮ. ਬੀ. ਬਾਲੀ, ਧਰਮਪਾਲ ਅੱਗਰਵਾਲ, ਸੁਰਿੰਦਰ ਸੇਠ ਅਤੇ ਐਡਵੋਕੇਟ ਪ੍ਰਿਤਪਾਲ ਸਿੰਘ ਨੌਟੀ ਜਿਹੇ ਨਾਂ ਵੀ ਸ਼ਾਮਲ ਹਨ।

ਨੋਟਿਸ ਭੇਜਣ ਤੋਂ ਬਾਅਦ ਪੈਸੇ ਆਉਣੇ ਸ਼ੁਰੂ
ਜਿਮਖਾਨਾ ਕਲੱਬ ਦੇ ਮੌਜੂਦਾ ਸੈਕਟਰੀ ਤਰੁਣ ਸਿੱਕਾ ਨੇ ਡਿਫਾਲਟਰ ਅਤੇ ਕਲੱਬ 'ਚੋਂ ਕੱਢੇ ਜਾ ਚੁੱਕੇ ਮੈਂਬਰਾਂ ਕੋਲੋਂ ਪੈਸਿਆਂ ਦੀ ਵਸੂਲੀ ਲਈ ਉਨ੍ਹਾਂ ਦੇ ਪ੍ਰੋਪੋਜ਼ਰ ਤੇ ਸੈਕੇਂਡਰਾਂ ਨੂੰ ਨੋਟਿਸ ਭੇਜੇ ਜਾਣ ਦੀ ਪ੍ਰਕਿਰਿਆ ਨੂੰ ਸਫਲ ਦੱਸਦਿਆਂ ਕਿਹਾ ਕਿ ਇਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਕਲੱਬ ਦੇ ਖਜ਼ਾਨੇ ਵਿਚ ਪੈਸੇ ਆਉਣੇ ਸ਼ੁਰੂ ਹੋ ਗਏ ਹਨ। ਕਈ ਮੈਂਬਰਾਂ ਨੇ ਕਲੱਬ ਨੂੰ ਨੋਟਿਸ ਦੇ ਜਵਾਬ ਵੀ ਭੇਜੇ ਹਨ।

ਮੌਜੂਦਾ ਟੀਮ ਦੇ ਮੈਂਬਰਾਂ ਨੂੰ ਵੀ ਮਿਲੇ ਨੋਟਿਸ
ਜਿਮਖਾਨਾ ਕਲੱਬ ਮੈਨੇਜਮੈਂਟ ਨੇ ਕੱਢੇ ਜਾ ਚੁੱਕੇ ਮੈਂਬਰਾਂ ਕੋਲੋਂ ਪੈਸਿਆਂ ਦੀ ਵਸੂਲੀ ਲਈ ਜੋ ਨੋਟਿਸ ਕੱਢੇ ਹਨ, ਉਨ੍ਹਾਂ ਵਿਚ ਕਲੱਬ ਦੀ ਮੌਜੂਦਾ ਟੀਮ ਦੇ ਕਈ ਮੈਂਬਰ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਵਾਈਸ ਪ੍ਰੈਜ਼ੀਡੈਂਟ ਰਾਜੂ ਵਿਰਕ, ਜੁਆਇੰਟ ਸੈਕਟਰੀ ਸੌਰਭ ਖੁੱਲ੍ਹਰ, ਸ਼ਾਲਿਨ ਜੋਸ਼ੀ, ਸੀ. ਏ. ਰਾਜੀਵ ਬਾਂਸਲ ਆਦਿ ਵੀ ਸ਼ਾਮਲ ਹਨ।

ਡਿਫਾਲਟਰਾਂ ਵਲ ਕੁੱਲ ਬਕਾਇਆ ਇਕ ਕਰੋੜ ਤੋਂ ਵੱਧ
ਜਿਮਖਾਨਾ ਕਲੱਬ ਨੇ ਅਜਿਹੇ ਮੈਂਬਰਾਂ ਤੋਂ ਇਕ ਕਰੋੜ ਰੁਪਏ ਤੋਂ ਵੱਧ ਪੈਸੇ ਲੈਣੇ ਹਨ, ਜਿਨ੍ਹਾਂ ਨੂੰ ਕਲੱਬ ਕੱਢ ਚੁੱਕਾ ਹੈ ਪਰ ਇਹ ਰਕਮ ਹਰ ਸਾਲ ਕਲੱਬ ਦੀ ਬੈਲੈਂਸ ਸ਼ੀਟ ਵਿਚ ਦਿਸ ਜਾਂਦੀ ਹੈ। ਇਨ੍ਹਾਂ ਡਿਫਾਲਟਰਾਂ ਵਿਚ ਕਈ ਮੈਂਬਰ ਤਾਂ ਰੱਬ ਨੂੰ ਪਿਆਰੇ ਹੋ ਚੁੱਕੇ ਹਨ, ਜਦੋਂਕਿ ਜ਼ਿਆਦਾਤਰ ਗਿਣਤੀ ਉਨ੍ਹਾਂ ਕੈਜ਼ੁਅਲ ਜਾਂ ਟੈਨਿਓਰ ਕੈਟਾਗਰੀ ਦੇ ਮੈਂਬਰਾਂ ਦੀ ਹੈ ਜਿਨ੍ਹਾਂ ਨੇ ਅਫਸਰ ਕੋਟੇ ਿਵਚ ਮੈਂਬਰਸ਼ਿਪ ਲਈ ਤੇ ਦੂਜੇ ਸ਼ਹਿਰ ਵਿਚ ਟਰਾਂਸਫਰ ਹੋਣ 'ਤੇ ਕਲੱਬ ਨੂੰ ਬਿਨਾਂ ਬਕਾਇਆ ਜਮ੍ਹਾ ਕਰਵਾਏ ਹੀ ਚਲੇ ਗਏ। ਡਿਫਾਲਟਰਾਂ ਦੀ ਸੂਚੀ ਵਿਚ ਪੰਜਾਬ ਦੇ ਕਈ ਸੀਨੀਅਰ ਪੁਲਸ ਅਧਿਕਾਰੀਆਂ ਤੇ ਪੀ. ਸੀ. ਐੱਸ. ਲੈਵਲ ਦੇ ਅਧਿਕਾਰੀਆਂ ਦੇ ਨਾਂ ਵੀ ਹਨ।


shivani attri

Content Editor

Related News